ਮੈਂ ਤਾਂ ਕਿਧਰੇ ਜਾਣਾ ਸੀ ਮਜ਼ਬੂਰੀ ਸੀ।
ਤੈਨੂੰ ਕਿਹੜਾ ਏਨਾਂ ਕੰਮ ਜ਼ਰੂਰੀ ਸੀ।
ਬਿਲਕੁਲ ਮੇਰੇ ਲਾਗੇ ਆ ਕੇ ਬਹਿਣਾ ਏਂ,
ਫਿਰ ਵੀ ਕਹਿਣਾਂ ਕੋਹਾਂ ਮੀਲਾਂ ਦੂਰੀ ਸੀ।
ਤੜਕ ਸਵੇਰੇ ਸੂਰਜ ਏਦਾਂ ਚੜ੍ਹਿਆ ਹੈ,
ਦਰਿਆ ਉਪਰ ਤਰਦੀ ਰੁੱਤ ਸਿੰਧੂਰੀ ਸੀ।
ਤੂੰ ਹੀਂ ਮੌਕੇ ਉਤੇ ਆ ਕੇ ਮੁਕਰ ਗਿਆ,
ਅਪਣੇ ਵੱਲੋਂ ਤਾਂ ਪੱਕੀ ਮੰਨਜ਼ੂਰੀ ਸੀ।
ਉਸ ਦੇ ਹੱਥਾਂ ਦੇ ਵਿਚ ਛਾਲੇ ਪੱਕ ਚੁੱਕੇ,
ਸਾਰੀ ਉਮਰੇ ਕੀਤੀ ਉਸ ਮਜ਼ਦੂਰੀ ਸੀ।
ਬੇਸ਼ਕ ਨੇਰ੍ਹੇ ਦੇ ਵਿਚ ਥਾਂ-ਥਾਂ ਭਟਕ ਰਹੀ,
ਐਪਰ ਧੁੱਪ ਦੀ ਕਾਤਰ ਫਿਰ ਵੀ ਨੂਰੀ ਸੀ।
ਚਿਹਰੇ ਦੇ ਵਿਚ ਸੂਰਜ ਕੋਈ ਚਮਕ ਰਿਹਾ,
ਇਸ ਦੇ ਪਿਛੇ ਦੇਸੀ ਘਿਉ ਦੀ ਚੂਰੀ ਸੀ।
ਰਖਵਾਲੀ ਤਾਂ ਕੰਢੇ ਸਾਰੇ ਕਰਦੇ ਨੇ,
ਕਿਹੜੀ ਗੱਲੇ ਫੁੱਲਾਂ ਵਿਚ ਮਗ਼ਰੂਰੀ ਸੀ।
ਬਾਰਿਸ਼ ਦਾ ਅਨੁਮਾਨ ਲਗਾਉਣਾ ਠੀਕ ਨਹੀਂ,
ਬੱਦਲਾਂ ਦੀ ਅੱਖ ਹਾਲੇ ਥੋੜ੍ਹੀ ਭੂਰੀ ਸੀ।
ਲੱਖਾਂ ਫ਼ਨੀਅਰ ਸੱਪ ਵਲੇਵੇ ਖਾਂਦੇ ਪਏ,
ਵਰਮੀ ਵਾਗੂੰ ਉਸ ਦੇ ਮੱਥੇ ਘੂਰੀ ਸੀ।
ਤੇਰੇ ਉਪਰ ਪੂਰਾ ਨਾਵਲ ਲਿਖ ਦਿੱਤਾ,
ਫਿਰ ਵੀ ਉਸ ਵਿਚ ਸਾਰੀ ਗੱਲ ਅਧੂਰੀ ਸੀ।
ਹਰ ਰਾਹੀ ਦਾ ਕਿਉਂ ਨਾ ਮਨ ਲਲਚਾਏ ਫਿਰ,
ਉਸ ਰੁੱਖ ਉਤੇ ਹਰ ਅੰਬੀ ਸਿੰਧੂਰੀ ਸੀ।
ਭਵਿੱਖ ’ਚ ਬਾਲਮ ਉਸ ਨੂੰ ਲਭਦਾ ਫਿਰਦਾ ਹੈ,
ਬੀਤੇ ਸਮਿਆਂ ਅੰਦਰ ਜੋ ਕਸਤੂਰੀ ਸੀ।
ਬਲਵਿੰਦਰ ਬਾਲਮ ਗੁਰਦਾਸਪੁਰ,
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਐਡਮਿੰਟਨ ਕਨੇਡਾ 98156-25409
