ਦਮ ਘੁੱਟ ਅੰਦਰੇ ਮਰ ਜਾਂਦੇ ਨੇ,
ਕੱਚ ਦੇ ਮਹਿਲ ਉਸਾਰਨ ਵਾਲ਼ੇ।
ਲੱਭ ਕੇ ਦੱਸੋ, ਕਿੱਥੇ ਨੇ ਉਹ,
ਹਰ ਥਾਂ ਸਾਨੂੰ ਚਾਰਨ ਵਾਲ਼ੇ।
ਮੈਂ ਸੁਣਿਆ ਹੈ ਕਬਰੀਂ ਸੁੱਤੇ
ਸ਼ਰਮਸਾਰ ਨੇ ਧਰਤੀ ਅੰਦਰ,
ਰੰਬੀਆਂ ਨਾਲ ਸੀ ਲਾਹੁੰਦੇ ਖੋਪਰ,
ਤਨ ਦਾ ਪੋਸ਼ ਉਤਾਰਨ ਵਾਲ਼ੇ।
ਕਿੱਧਰ ਤੁਰ ਗਏ ਨੇ ਪਤਵੰਤੇ,
ਧਨਵੰਤੇ ਨੂੰ ਕਹਿੰਦੇ ਟਿਕ ਜਾ,
ਉਹ ਪੰਚਾਇਤੀ ਬੰਦੇ ਲੱਭੋ,
ਹੱਕ ਤੇ ਸੱਚ ਨਿਤਾਰਨ ਵਾਲ਼ੇ।
ਵਰਤਮਾਨ ਵਿੱਚ ਏਸੇ ਕਰਕੇ,
ਬਣ ਬੈਠੇ ਹੁਣ ਨਰਕ-ਨਿਵਾਸੀ,
ਧਰਮ ਗੁਆ ਕੇ ਭਰਮ ਪਾਲ਼ਦੇ, ਅਗਲਾ ਜਨਮ ਸੰਵਾਰਨ ਵਾਲ਼ੇ।
ਤੇਗ਼ ਤੀਰ ਹਥਿਆਰਾਂ ਵਾਲ਼ੇ,
ਵਕਤ-ਕਟਹਿਰੇ ਵਿੱਚ ਨੇ ਸਾਰੇ,
ਹਾਲੇ ਤੱਕ ਵੀ ਬੜ੍ਹਕ ਰਹੇ ਨੇ,
ਸੀਸ ਤਲ਼ੀ ਧਰ ਵਾਰਨ ਵਾਲ਼ੇ।
ਜਾਣ ਵਾਲ਼ਿਆ, ਜਾਂਦਾ ਜਾਂਦਾ,
ਸਬਕ-ਸਦੀਵੀ ਦੇ ਜਾਂ ਕੋਈ,
ਇੱਕ ਦੋ ਬੋਲ ਸੰਭਾਲ ਜਾ ਸਾਨੂੰ,
ਤਪਦਾ ਹਿਰਦਾ ਠਾਰਨ ਵਾਲ਼ੇ।
ਜਿਵੇਂ ਨਦੀਨ ਧਰਤਿ ਦੇ ਜਾਏ ਸਦਾ ਸਲਾਮਤ ਆਦਿ- ਜੁਗਾਦੋਂ,
ਅਸੀਂ ਜਿਊਂਦੇ,ਅਸੀਂ ਜਾਗਦੇ,
ਮਰ ਗਏ ਸਾਨੂੰ ਮਾਰਨ ਵਾਲ਼ੇ।
▪️ਗੁਰਭਜਨ ਗਿੱਲ