ਵਕਤ ਦੇ ਕੋਰੇ ਸਫ਼ਿਆਂ ਉੱਤੇ, ਇੱਕ ਅੱਧ ਵਾਕ ਅਸੀਂ ਵੀ ਜੜੀਏ। ਲਿਖਣੋਂ ਪਹਿਲਾਂ ਬਹੁਤ ਜ਼ਰੂਰੀ, ਪਹਿਲਾਂ ਕੰਧ ਤੇ ਲਿਖਿਆ ਪੜ੍ਹੀਏ।
ਸ਼ਬਦ ਸਲੀਕਾ, ਤਾਲ ਤੇ ਸੁਰ ਦਾ,ਸਹਿਜ-ਸੁਮੇਲ ਪਰੋ ਕੇ ਸਾਹੀਂ, ਬੀਤੇ,ਅੱਜ ਤੋਂ ਸੁਹਣੇ ਸੁਪਨੇ,ਵਰਗੀ ਸੂਰਤ ਕੱਲ੍ਹ ਦੀ ਘੜੀਏ।
ਆਪਣੇ ਆਲ-ਦੁਆਲ ਚੁਫ਼ੇਰੇ, ਜਿੱਥੋਂ ਤੀਕ ਨਜ਼ਰ ਦਾ ਪਹਿਰਾ,
ਬਣ ਜਾਈਏ ਸਭ ਮਹਿਕ -ਫੁਹਾਰਾਂ, ਆਪਣੀ ਅੱਗ ਵਿੱਚ ਆਪ ਨਾ ਸੜੀਏ।
ਘਟਨਾਵਾਂ ਦੁਰਘਟਨਾਵਾਂ ਨੇ ਮੇਰੇ ਸੰਗ ਨਹੀਂ ਖ਼ੈਰ ਗੁਜ਼ਾਰੀ,
ਤਨ ਮਨ ਚਕਨਾਚੂਰ ਦੇ ਟੁਕੜੇ,
ਜੋੜ- ਜੂੜ ਕੇ ਕਿੱਥੇ ਖੜੀਏ।
ਜਿੱਥੇ ਇੱਕ ਵੀ ਘਰ ਦਾ ਬੂਹਾ, ਦੂਜੇ ਦੇ ਮਨ ਵਿੱਚ ਨਹੀਂ ਖੁੱਲ੍ਹਦਾ,
ਪਤਾ ਨਹੀਂ ਕਿਉਂ, ਰੂਹ ਨਹੀਂ ਤੁਰਦੀ ਬਹੁਤ ਬੁਲਾਉਂਦੇ ਚੰਡੀਗੜ੍ਹੀਏ।
ਦਿਲਦਾਰਾਂ ਨੇ ਚੇਤੇ ਕੀਤੈ, ਕੀ ਹੋਇਆ ਜੇ ਖ਼ਤ ਨਹੀਂ ਪਾਇਆ,
ਚੱਲ ਨੀ ਜਿੰਦੇ ਖਿੱਚ ਤਿਆਰੀ, ਚੱਲ ਹੁਣ ਪਹਿਲੀ ਲਾਰੀ ਚੜ੍ਹੀਏ।
ਸਾਹਾਂ ਵਰਗੇ ਯਾਰ ਪਿਆਰਿਉ,ਮੇਰੀ ਪੂੰਜੀ ਬਣ ਕੇ ਰਹਿਣਾ,
ਜੀਕੂੰ ਫੁੱਲ ਵਿੱਚ ਰੰਗ -ਖ਼ੁਸ਼ਬੋਈ,
ਟੁੱਟੀਂ ਨਾ ਤੂੰ ਸਾਂਝ ਦੀ ਕੜੀਏ।
▪️ਗੁਰਭਜਨ ਗਿੱਲ
