ਗੁਰੂ ਨਾਨਕ ਦੀ ਰਸਨਾ ਵਿਚਲਾ ਪ੍ਰਥਮ ਨੂਰ- ਝਲਕਾਰਾ।
ਕੁੱਲ ਧਰਤੀ ਤੇ ਨੂਰੀ ਚਾਨਣ , ਇੱਕ-ਓਂਕਾਰ ਪਿਆਰਾ।
ਏਕੇ ਦਾ ਪ੍ਰਕਾਸ਼ ਨਿਰੰਤਰ ਕਣ ਕਣ ਬੋਲ ਉਚਰਿਆ,
ਬਹੁ- ਅਵਤਾਰੀ ਭਰਮ ਜਾਲ਼ ਤੋਂ ਮੁਕਤ ਕਰੇ ਸੰਸਾਰਾ।
ਚਹੁਦਿਸ ਗਿਆਨ ਦੀ ਜੋਤਿ ਜਗਾ ਕੇ, ਕੂੜ ਹਨ੍ਹੇਰ ਮਿਟਾਵੇ,
ਸਗਲ- ਧਰਮ ਸੰਗ ਕਰੇ ਗੁਫ਼ਤਗੂ , ਤ੍ਰਿਪਤਾ- ਮਾਤ ਦੁਲਾਰਾ।
ਕਿਰਤ ਕਰਦਿਆਂ ਨਾਮ ਜਪਦਿਆਂ,ਵੰਡਣਾ ਕਦੇ ਨਾ ਭੁੱਲਿਆ,
ਰਾਵੀ ਕੰਢਾ ਅੱਜ ਵੀ ਦੱਸਦਾ, ਗੁਰ ਦਾ ਸ਼ਬਦ ਪਿਆਰਾ। ।
ਵਲੀ ਕੰਧਾਰੀ ਹੋਇਆ ਕਾਬਜ਼, ਹਰ ਸੋਮੇ. ਹਰ ਥਾਂ ਤੇ,
ਕੁਰਸੀ ਨਾਲ ਗਿਟਮਿਟਾਂ ਕਰਕੇ ਮੱਲਿਆ ਵਤਨ ਹਮਾਰਾ।
ਮਰਦਾਨੇ ਕੇ ਅੱਜ ਕੱਲ੍ਹ ਜਾਂਦੇ ਕਰਨ ਦਿਹਾੜੀ ਮੰਡੀ,
ਬੇਕਦਰੇ ਸੁਰ ਤਾਲ ਦਾ ਮੌਸਮ ਔਖਾ ਬਹੁਤ ਗੁਜ਼ਾਰਾ।
ਸੁਰਤੀ ਬਿਰਤੀ ਖਿੱਲਰੀ ਬਾਬਾ, ਕਿਰਤੀ ਕਿੱਧਰ ਜਾਵੇ,
ਨੀਵਿਆਂ ਦੇ ਸੰਗ ਤੂੰ ਹੀ ਤੂੰ ਸੀ, ਤੁਧ ਬਿਨ ਕੌਣ ਸਹਾਰਾ।
▪️ਗੁਰਭਜਨ ਗਿੱਲ

