ਪਿਤਾ ਹਰਗੋਬਿੰਦ ਸਾਹਿਬ , ਮਾਤਾ ਨਾਨਕੀ ਦੇ ਜਾਏ।
ਸਿਰ ਸਾਂਈ ਗੁਜਰੀ ਦਾ,ਗੋਬਿੰਦ ਜੀ ਦੇ ਪਿਤਾ ਕਹਾਏ।
ਬਕਾਲੇ ਦੀ ਧਰਤੀ ਨੂੰ , ਤੁਸੀਂ ਭਾਗ ਦਾਤਾ ਜੀ ਲਾਏ।
26 ਸਾਲ , 9 ਮਹੀਨੇ , 13 ਦਿਨ , ਤਪ ਭੋਰੇ ਲਾਏ।
ਮੱਖਣ ਸ਼ਾਹ ਦੀ ਸੁਣ ਅਰਦਾਸ ਬੇੜਾ ਪਾਰ ਲੰਘਾਏ।
ਚੜ੍ਹ ਕੋਠੇ ਮੱਖਣ ਸ਼ਾਹ ” ਗੁਰੂ ਲਾਧੋ ਰੇ” ਹੋਕਾ ਲਾਏ।
ਢੋਂਗੀ ਬਾਈ ਮੰਜੀਆਂ ਦੇ , ਪਾਖੰਡ ਸਾਹਮਣੇ ਆਏ।
ਰੱਬੀ ਕਿਰਪਾ ਹੋਈ ਜੀ, ਸੱਚੇ ਗੁਰੂ ਪ੍ਗਟ ਹੋ ਆਏ।
ਤੇਗ ਦਾ ਧਨੀ ਦਾਤਾ ਜੀ , ਤੇਗ ਦਾ ਮੀਂਹ ਵਰਸਾਏ।
ਤਾਹੀਂ ਤਿਆਗ ਮੱਲ ਤੋਂ ਜੀ ਤੇਗ ਬਹਾਦਰ ਹੋ ਜਾਏ।
ਗੁਰੂ ਪਿਤਾ, ਗੁਰੂ ਬੇਟਾ, ਦਾ ਖਿਤਾਬ ਗੁਰੂ ਜੀ ਪਾਏ।
ਗੁਰੂ ਪਰਉਪਕਾਰੀ ਜੀ, ਅਨੰਦਪੁਰ ਨਗਰ ਵਸਾਏ।
ਪੰਡਤਾਂ ਦੇ ਟੋਲੇ ‘ ਚੋਂ ਕਿਰਪਾ ਰਾਮ ਨੇ ਦਰਦ ਸੁਣਾਏ।
ਹਿੰਦੂ ਧਰਮ ਦੀ ਰੱਖਿਆ ਲਈ ਲੈ ਫਰਿਆਦ ਆਏ।
ਗੁਰੂ ਪੀਰ ਕੁਰਬਾਨ ਹੋਊ , ਗੁਰੂ ਜੀ ਮੁੱਖੋਂ ਫੁਰਮਾਏ।
ਤੇਰੇ ਤੋਂ ਵੱਡਾ ਕੌਣ ਗੁਰੂ ,ਗੋਬਿੰਦ ਰਾਇ ਆਖ ਸੁਣਾਏ।
ਸਾਡਾ ਗੁਰੂ ਤੇਗ ਬਹਾਦਰ ਹੈ , ਦਿੱਲੀ ਸੁਨੇਹਾ ਲਾਏ।
ਮੰਨੇ ਜੇ ਈਨ ਗੁਰੂ ਜੀ ਮੰਜ਼ੂਰ ਜੋ ਹੁਕਮ ਔਰੰਗੇ ਲਾਏ।
ਗੁਰੂ ਜੀ ਆਗਰੇ ਕੈਦ ਕੀਤਾ ਫਿਰ ਦਿੱਲੀ ਪਹੁੰਚਾਏ।
ਜੇਲ ਚਾਂਦਨੀ ਚੌਂਕ ਵਿਖੇ , ਗੁਰੂ ਪਿੰਜਰੇ ਕੈਦ ਕਰਾਏ।
ਧਰਮ ਬਦਲੋ ਜਾਂ ਕਰੋ ਕਰਾਮਾਤ ਇਹ ਹੁਕਮ ਸੁਣਾਏ।
ਨਹੀਂ ਮਰਨ ਨੂੰ ਤਿਆਰ ਰਹੋ, ਸ਼ਾਹੀ ਫੁਰਮਾਨ ਆਏ।
ਧੰਨ ਭਾਈ ਮਤੀ ਦਾਸ ਜੀ, ਦੇ ਸੀਸ ਸਿਦਕ ਨਿਭਾਏ।
ਤਨ ਆਰੇ ਨਾਲ ਦੋਫ਼ਾੜ ਹੋਇਆ, ਮੁੱਖੋਂ ਜਪੁਜੀ ਗਾਏ।
ਧੰਨ ਭਾਈ ਦਿਆਲਾ ਜੀ ਹੱਸ ਮੌਤ ਨੂੰ ਗਲੇ ਲਗਾਏ।
ਉਬਲੇ ਦੇਗ ਅਡੋਲ ਬੈਠਾ , ਵੇਖ ਮੌਤ ਵੀ ਭੈਅ ਖਾਏ।
ਧੰਨ ਭਾਈ ਸਤੀ ਦਾਸ , ਵੇਖ ਮੌਤ ਵੀ ਕੰਬਦੀ ਜਾਏ।
ਰੂੰ ਮੜੀ ਕੋਮਲ ਤਨ ਤੇ, ਜਿਉਂਦੇ ਜੀ ਨੂੰ ਲਾਂਬੂ ਲਾਏ।
ਗੁਰੂ ਜੀ ਨੂੰ ਡਰਾਵਣ ਲਈ , ਸਾਰੇ ਹੀਲੇ ਅਪਣਾਏ।
ਗੁਰੂ ਜੀ ਅਡੋਲ ਰਹੇ , ਸ਼ਹਾਦਤ ਦਾ ਮਨ ਬਣਾਏ ।
ਕਰ ਇਸ਼ਨਾਨ , ਥੜੇ ਬੈਠੇ, ਗੁਰੂ ਮੁੱਖੋਂ ਜਪੁਜੀ ਗਾਏ।
ਚਿਹਰਾ ਨੂਰਾਨੀ ਹੈ , ਕਰ ਅਰਦਾਸ ਸ਼ੁਕਰ ਮਨਾਏ।
ਜਲਾਦ ਨੇ ਵਾਰ ਕੀਤਾ , ਸੀਸ ਧੜ ਤੋਂ ਵੱਖ ਹੋ ਜਾਏ।
ਧਰਤੀ ਅਸਮਾਨ ਕੰਬੇ , ਮੀਂਹ ਹਨੇਰੀ ਝੱਖੜ ਆਏ।
ਗੁਰੂ ਅਰਜਨ ਦਾ ਪੋਤਾ ਆਪਣੇ ਗੁਰੂ ਦਾਦੇ ਤੇ ਜਾਏ।
ਜੋਤੀ ਨਾਲ ਜੋਤ ਰਲੀ ਨੌਵੇਂ ਗੁਰੂ ਜੀ ਸ਼ਹਾਦਤ ਪਾਏ।
ਧੰਨ ਭਾਈ ਜੈਤਾ , ਗੁਰੂ ਸੀਸ ਅਨੰਦਪੁਰ ਲਿਆਏ।
ਰੰਘਰੇਟਾ ਗੁਰੂ ਕਾ ਬੇਟਾ ਗੋਬਿੰਦ ਜੀ ਆਖ ਬੁਲਾਏ।
ਭਾਈ ਉਦੈ, ਗੁਰਦਿੱਤਾ ਜੀ ,ਗੁਰੂ ਧੜ ਚੁੱਕ ਲਿਆਏ।
ਧੜ ਸਸਕਾਰ ਕਰੇ, ਲੱਖੀ ਸ਼ਾਹ ਘਰ ਨੂੰ ਅੱਗ ਲਾਏ।
ਪੰਡਿਤ ਕਿਰਪਾ ਰਾਮ ਜੀ ਗੁਰੂ ਦਾ ਸਿੰਘ ਸਜ ਜਾਏ।
ਚਮਕੌਰ ਜੰਗ ਸ਼ਹੀਦ ਹੋਆ ਆਪਣਾ ਫਰਜ਼ ਨਿਭਾਏ।
ਸ੍ਰੀ ਸੀਸ ਗੰਜ ਸਾਹਿਬ , ਧਰਮੀ ਸਾਕਾ ਯਾਦ ਕਰਾਵੇ।
ਤਿਲਕ ਜੰਞੂ ਦਾ ਰਾਖਾ ਸ੍ਰਿਸ਼ਟੀ ਦੀ ਚਾਦਰ ਬਣ ਜਾਵੇ।
ਗੁਰੂ ਸਮੁੱਚੀ ਲੋਕਾਈ ਦਾ ਗੁਰਬਾਣੀ ਰਾਹੀਂ ਸਮਝਾਵੇ।
ਸ੍ਰੀ ਰਕਾਬ ਗੰਜ ਸਾਹਿਬ ਭਾਗਾਂ ਵਾਲਾ ਦਰਸ਼ਨ ਪਾਵੇ।
ਰੂਹਾਨੀ ਬਾਣੀ ਗੁਰੂਆਂ ਦੀ , ਰੱਬ ਨਾਲ ਮੇਲ ਕਰਾਵੇ।
ਇਕਬਾਲ ,ਦਾਤਾ ਜੀ, ਗੁਰੂ ਚਰਨਾਂ ਦੀ ਧੂੜ ਹੋ ਜਾਵੇ।
ਇਕਬਾਲ ਸਿੰਘ ਪੁੜੈਣ
8872897500