ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਹਫਤੇ ਅੰਦਰ ਕਾਰਵਾਈ ਦਾ ਭਰੋਸਾ ਦੇਣ ਤੋਂ ਬਾਅਦ ਧਰਨਾ ਮੁਲਤਵੀ
ਕੋਟਕਪੂਰਾ, 28 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀ ਫਰੀਦਕੋਟ ਦੇ ਇਕ ਨਿਜੀ ਸਕੂਲ ਦੀ ਚਾਰ ਸਾਲਾ ਬੱਚੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਪ੍ਰਸ਼ਾਸਨ ਦੀ ਢਿਲੀ ਕਾਰਵਾਈ ਖਿਲਾਫ਼ ਫਰੀਦਕੋਟ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਨਾਬਾਲਗ ਜਿਨਸੀ ਜਬਰ ਵਿਰੋਧੀ ਐਕਸ਼ਨ ਕਮੇਟੀ ਬਣਾ ਕੇ ਬੱਚੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਵਾਸਤੇ ਐਸਐਸਪੀ ਦਫਤਰ ਫ਼ਰੀਦਕੋਟ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ| ਪ੍ਰਸ਼ਾਸ਼ਨ ਵੱਲੋਂ ਇਕ ਹਫ਼ਤੇ ਅੰਦਰ ਪੜਤਾਲ ਪੂਰੀ ਕਰਨ ਅਤੇ ਹੋਰ ਮੰਗਾਂ ਤੇ ਸਹਿਮਤੀ ਬਣਨ ਤੋਂ ਬਾਅਦ ਧਰਨਾ ਮੁਲਤਵੀ ਕੀਤਾ ਗਿਆ| ਐਕਸ਼ਨ ਕਮੇਟੀ ਦੇ ਕਨਵੀਨਰ ਹਰਵੀਰ ਕੌਰ ਗੰਧੜ, ਨੌਜਵਾਨ ਭਾਰਤ ਸਭਾ ਦੇ ਆਗੂ ਨੌਨਿਹਾਲ ਸਿੰਘ, ਪੰਜਾਬ ਖ਼ੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਗੁਰਪਾਲ ਨੰਗਲ ਨੇ ਕਿਹਾ ਕਿ ਬੱਚੀ ਨਾਲ ਜਬਰ ਜਨਾਹ ਬਹੁਤ ਸ਼ਰਮਨਾਕ ਘਟਨਾ ਹੈ ਅਤੇ ਐਸ ਐਚ ਓ ਫ਼ਰੀਦਕੋਟ ਪੀੜਤ ਬੱਚੀ ਨੂੰ ਇਨਸਾਫ਼ ਦੇਣ ਦੀ ਬਜਾਏ ਘਟਨਾ ਨੂੰ ਲਕੋ ਰਿਹਾ ਹੈ ਪਰ ਇਨਸਾਫ਼ ਪਸੰਦ ਲੋਕ ਇਹ ਬਰਦਾਸ਼ਤ ਨਹੀਂ ਕਰਨਗੇ ਬੱਚੀ ਨੂੰ ਇਨਸਾਫ਼ ਮਿਲਣ ਤੱਕ ਸੰਗਰਸ਼ ਜਾਰੀ ਰਹੇਗਾ। ਉਹਨਾਂ ਕਿਹਾ ਕਿ ਨਿੱਜੀ ਸੰਸਥਾਵਾਂ ਆਪਣਾ ਨਾਮ ਬਚਾਉਣ ਲਈ ਅਜਿਹੀਆਂ ਘਟਨਾਵਾਂ ਨੂੰ ਦਬਾਉਂਦੀਆਂ ਹਨ, ਅਤੇ ਇਸ ਘਟਨਾ ਵਿਚ ਵੀ ਪਰਿਵਾਰ ਤੇ ਕੇਸ ਵਾਪਿਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ। ਐਸ ਪੀ ਡੀ ਨਾਲ ਹੋਈ ਮੀਟਿੰਗ ਦੌਰਾਨ ਪ੍ਰਸ਼ਾਸ਼ਨ ਨੇ ਹਫ਼ਤੇ ਵਿਚ ਕਾਰਵਾਈ ਕਰਨ ਅਤੇ ਮਹਿਲਾ ਪੁਲਿਸ ਅਧਿਕਾਰੀ ਨੂੰ ਜਾਂਚ ਸੌਪਨ ਦੀ ਗੱਲ ਮੰਨੀ। ਪਰਿਵਾਰ ‘ਤੇ ਦਬਾਅ ਪਾ ਰਹੇ ਮੁਲਜ਼ਮਾਂ ਉਪਰ ਕਾਨੂੰਨੀ ਕਾਰਵਾਈ ਅਤੇ ਪੀੜਤ ਬੱਚੀ ਤੇ ਹੱਕ ਵਿੱਚ ਖ਼ਬਰ ਲਾਉਣ ਤੇ ਪੱਤਰਕਾਰ ਨੂੰ ਜਾਰੀ ਕੀਤੇ ਪੁਲਿਸ ਨੋਟਿਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ, ਜਿਸ ‘ਤੇ ਸਹਿਮਤੀ ਬਣਨ ਤੋਂ ਬਾਅਦ ਧਰਨਾ ਮੁਲਤਵੀ ਕੀਤਾ ਗਿਆ। ਵਿਚਾਰ ਮੰਚ ਫ਼ਰੀਦਕੋਟ ਦੇ ਕਨਵੀਨਰ ਕੁਲਦੀਪ ਸ਼ਰਮਾ, ਡੀਐੱਮਐੱਫ ਦੇ ਆਗੂ ਨਵਪ੍ਰੀਤ ਨਵੀ ਅਤੇ ਐਡਵੋਕੇਟ ਕਰਨਦੀਪ ਸਿੰਘ ਭੁੱਲਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਸੋਮਵਾਰ ਤੱਕ ਦੋਸ਼ੀਆਂ ਦੀ ਸ਼ਨਾਖ਼ਤ ਕਰਕੇ ਕਾਰਵਾਈ ਨਹੀਂ ਕੀਤੀ ਗਈ ਤਾਂ ਸ਼ੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਜਸਨੀਤ ਸਿੰਘ ਨੇ ਨਿਭਾਈ, ਸੁਖਬੀਰ ਸਿੰਘ, ਮਨਜੋਤ ਕੌਰ ਨੇ ਵੀ ਸੰਬੋਧਨ ਕੀਤਾ।

