ਚੇਅਰਮੈਨਾਂ ਵੱਲੋਂ ਜਨਗਣਨਾ-2027 ਦੀ ਸਵੈ-ਗਣਨਾ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ

ਕੋਟਕਪੂਰਾ, 2 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)

ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਸ.ਗੁਰਤੇਜ ਸਿੰਘ ਖੋਸਾ ਅਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਫ਼ਰੀਦਕੋਟ ਗਗਨਦੀਪ ਸਿੰਘ ਧਾਲੀਵਾਲ ਨੇ ਜਨਗਣਨਾ-2027 ਤਹਿਤ ਸ਼ੁਰੂ ਕੀਤੀ ਗਈ ਸਵੈ-ਗਣਨਾ (ਸੈਲਫ ਇਨਿਊਮਰੇਸ਼ਨ) ਮੁਹਿੰਮ ਵਿੱਚ ਖੁਦ ਸ਼ਮੂਲੀਅਤ ਕਰਦਿਆਂ ਲੋਕਾਂ ਨੂੰ ਵੀ ਇਸ ਪ੍ਰਕਿਰਿਆ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਦੇਸ਼ ਦੀ ਯੋਜਨਾਬੰਦੀ, ਵਿਕਾਸ ਅਤੇ ਲੋਕ ਭਲਾਈ ਸਬੰਧੀ ਨੀਤੀਆਂ ਬਣਾਉਣ ਲਈ ਇੱਕ ਮਹੱਤਵਪੂਰਨ ਆਧਾਰ ਹੈ, ਇਸ ਲਈ ਹਰ ਪਰਿਵਾਰ ਨੂੰ ਆਪਣੀ ਜਾਣਕਾਰੀ ਸਮੇਂ ਸਿਰ ਦਰਜ ਕਰਵਾਉਣੀ ਚਾਹੀਦੀ ਹੈ। ਚੇਅਰਮੈਨ ਸ ਗੁਰਤੇਜ ਸਿੰਘ ਖੋਸਾ ਨੇ  ਦੱਸਿਆ ਕਿ ਭਾਰਤ ਸਰਕਾਰ ਵੱਲੋਂ 30 ਅਪ੍ਰੈਲ ਤੋਂ 14 ਮਈ ਤੱਕ ਸਵੈ-ਗਣਨਾ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ, ਜਿਸ ਤਹਿਤ ਲੋਕ ਪੋਰਟਲ https://se.census.gov.in/  ’ਤੇ ਲਾਗਇਨ ਕਰਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਣਕਾਰੀ ਖੁਦ ਭਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਨਾਲ ਲੋਕਾਂ ਨੂੰ ਆਪਣੀ ਜਾਣਕਾਰੀ ਸਹੀ ਅਤੇ ਸੁਵਿਧਾਜਨਕ ਢੰਗ ਨਾਲ ਦਰਜ ਕਰਨ ਦਾ ਮੌਕਾ ਮਿਲੇਗਾ। ਉਹਨਾ ਨੇ ਕਿਹਾ ਕਿ ਰਜਿਸਟ੍ਰੇਸ਼ਨ ਦੌਰਾਨ ਪਰਿਵਾਰ ਦੇ ਮੁਖੀ ਦੇ ਨਾਮ ਹੇਠ ਵੇਰਵੇ ਦਰਜ ਕਰਨ ਉਪਰੰਤ ਇੱਕ 12 ਅੰਕਾਂ ਦਾ ਵਿਸ਼ੇਸ਼ ਕੋਡ ਜਾਰੀ ਕੀਤਾ ਜਾਵੇਗਾ, ਜਿਸਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ 15 ਮਈ ਤੋਂ ਘਰ-ਘਰ ਆਉਣ ਵਾਲੇ ਸਰਕਾਰੀ ਅਧਿਕਾਰੀਆਂ ਨਾਲ ਇਹ ਕੋਡ ਸਾਂਝਾ ਕਰਨ ਨਾਲ ਜਨਗਣਨਾ ਦੀ ਪ੍ਰਕਿਰਿਆ ਹੋਰ ਵੀ ਆਸਾਨ ਅਤੇ ਤੇਜ਼ ਬਣੇਗੀ। ਚੇਅਰਮੈਨ ਸ ਗਗਨਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜਨਗਣਨਾ ਹਰ 10 ਸਾਲਾਂ ਬਾਅਦ ਕੀਤੀ ਜਾਂਦੀ ਹੈ, ਪਰ ਸਾਲ 2021 ਵਿੱਚ ਕੋਵਿਡ ਮਹਾਂਮਾਰੀ ਕਾਰਨ ਇਹ ਪ੍ਰਕਿਰਿਆ ਸੰਭਵ ਨਹੀਂ ਹੋ ਸਕੀ। ਹੁਣ ਲੰਬੇ ਅੰਤਰਾਲ ਬਾਅਦ ਮੁੜ ਸ਼ੁਰੂ ਹੋ ਰਹੀ ਇਹ ਮੁਹਿੰਮ ਦੇਸ਼ ਦੇ ਵਿਕਾਸ ਲਈ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਜਨਗਣਨਾ ਦੇ ਅੰਕੜਿਆਂ ਦੇ ਆਧਾਰ ’ਤੇ ਹੀ ਸਰਕਾਰਾਂ ਵੱਲੋਂ ਵੱਖ-ਵੱਖ ਯੋਜਨਾਵਾਂ ਅਤੇ ਲੋਕ-ਹਿਤ ਨੀਤੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਖ਼ਾਸ ਅਪੀਲ ਕਰਦਿਆਂ ਕਿਹਾ ਕਿ ਜਦੋਂ ਮਾਂ-ਬੋਲੀ ਸਬੰਧੀ ਜਾਣਕਾਰੀ ਭਰਨ ਦਾ ਸਮਾਂ ਆਵੇ ਤਾਂ ਪੰਜਾਬੀ ਨੂੰ ਆਪਣੀ ਮਾਂ-ਬੋਲੀ ਵਜੋਂ ਜ਼ਰੂਰ ਦਰਜ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬੀ ਸਾਡੀ ਪਛਾਣ ਅਤੇ ਸੱਭਿਆਚਾਰਕ ਵਿਰਾਸਤ ਦਾ ਅਟੁੱਟ ਹਿੱਸਾ ਹੈ ਅਤੇ ਇਸਦੀ ਸਹੀ ਦਰਜਾਬੰਦੀ ਸਾਡੀ ਭਾਸ਼ਾ ਦੀ ਮਜ਼ਬੂਤੀ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਜਨਗਣਨਾ-2027 ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਨਾਇਬ ਤਹਿਸੀਲਦਾਰ ਹਰਸ਼ਵੀਰ ਗੋਇਲ, ਜਸਬੀਰ ਜੱਸੀ ਜਿਲ੍ਹਾ ਮੀਡੀਆ ਕੋਆਰਡੀਨੇਟਰ ਜਨਗਣਨਾ,ਮੈਡਮ ਮਨਪ੍ਰੀਤ ਕੌਰ, ਗੁਰਦੀਪ ਸਿੰਘ ਤਕਨੀਕੀ ਸਹਾਇਕ ਵੀ ਹਾਜ਼ਰ ਸਨ।


Comments

Leave a Reply

Your email address will not be published. Required fields are marked *

This site uses Akismet to reduce spam. Learn how your comment data is processed.