*16 ਤੋਂ 30 ਨਵੰਬਰ ਤੱਕ ਨਾਗਰਿਕ https://se.census.gov.in ਰਾਹੀਂ ਘਰ ਬੈਠੇ ਕਰ ਸਕਣਗੇ ਸਵੈ-ਗਣਨਾ*

ਲੁਧਿਆਣਾ, 30 ਅਕਤੂਬਰ, (ਵਰਲਡ ਪੰਜਾਬੀ ਟਾਈਮਜ਼)
ਜਨਗਣਨਾ ਵਿਭਾਗ, ਚੰਡੀਗੜ੍ਹ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਸਾਂਝੇ ਯਤਨਾਂ ਸਦਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਵਿਖੇ ਅੱਜ ਸ਼ੁਰੂ ਹੋਏ ਅੱਠ ਰੋਜ਼ਾ ਯੁਵਕ ਮੇਲੇ ਦੌਰਾਨ ਜਨਗਣਨਾ 2027 ਸਬੰਧੀ ਵਿਸ਼ੇਸ਼ ਜਾਗਰੂਕਤਾ ਸਟਾਲ ਲਗਾਇਆ ਗਿਆ, ਜੋ ਵਿਦਿਆਰਥੀਆਂ, ਨੌਜਵਾਨਾਂ ਅਤੇ ਮੇਲੇ ਵਿੱਚ ਆਉਣ ਵਾਲੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਿਆ।
ਇਹ ਪਹਿਲਕਦਮੀ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਜਨਗਣਨਾ ਅਧਿਕਾਰੀ ਸ੍ਰੀ ਹਿਮਾਂਸ਼ੂ ਜੈਨ, ਆਈ.ਏ.ਐਸ. ਅਤੇ ਵਧੀਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਜਨਗਣਨਾ ਅਧਿਕਾਰੀ ਸ੍ਰੀਮਤੀ ਸ਼ੇ੍ਯਾਂਸੀ ਜੈਨ ਦੀ ਅਗਵਾਈ ਹੇਠ ਕੀਤੀ ਗਈ। ਇਸ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਜਨਗਣਨਾ 2027 ਦੇ ਦੂਜੇ ਪੜਾਅ ਅਤੇ ਇਸ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ।
ਸਟਾਲ ਰਾਹੀਂ ਲੋਕਾਂ ਨੂੰ ਜਨਗਣਨਾ ਦੀ ਪ੍ਰਕਿਰਿਆ, ਸਵੈ-ਗਣਨਾ ਦੀ ਸਹੂਲਤ ਅਤੇ ਇਸ ਵਿੱਚ ਹਰੇਕ ਨਾਗਰਿਕ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਵੈ-ਗਣਨਾ ਸਹੂਲਤ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ, ਜੋ ਪੰਜਾਬ ਭਰ ਵਿੱਚ 16 ਨਵੰਬਰ ਤੋਂ 30 ਨਵੰਬਰ, 2026 ਤੱਕ ਉਪਲਬਧ ਰਹੇਗੀ। ਨਾਗਰਿਕ https://se.census.gov.in ‘ਤੇ ਜਾ ਕੇ ਆਪਣੇ ਘਰ ਦੀ ਲੋੜੀਂਦੀ ਜਾਣਕਾਰੀ ਆਨਲਾਈਨ ਦਰਜ ਕਰਵਾ ਸਕਦੇ ਹਨ। ਸਫਲਤਾਪੂਰਵਕ ਜਾਣਕਾਰੀ ਜਮ੍ਹਾਂ ਕਰਵਾਉਣ ਉਪਰੰਤ ਇੱਕ ਸਵੈ-ਗਣਨਾ ਆਈ.ਡੀ. ਜਾਰੀ ਹੋਵੇਗੀ, ਜਿਸ ਨੂੰ ਬਾਅਦ ਵਿੱਚ ਘਰ ਆਉਣ ਵਾਲੇ ਗਣਨਾਕਾਰ ਨਾਲ ਸਾਂਝਾ ਕਰਨਾ ਲਾਜ਼ਮੀ ਹੋਵੇਗਾ।
ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਘਰਾਂ ਦੀ ਗਿਣਤੀ ਸਬੰਧੀ ਫੀਲਡ ਵਰਕ 1 ਦਸੰਬਰ, 2026 ਤੋਂ 4 ਜਨਵਰੀ, 2027 ਤੱਕ ਕੀਤਾ ਜਾਵੇਗਾ, ਜਦਕਿ 5 ਤੋਂ 9 ਜਨਵਰੀ, 2027 ਤੱਕ ਸੋਧ ਦਾ ਦੌਰ ਚੱਲੇਗਾ। ਇਸ ਦੌਰਾਨ ਗਣਨਾਕਾਰ ਘਰ-ਘਰ ਜਾ ਕੇ ਲੋੜੀਂਦੀ ਜਾਣਕਾਰੀ ਇਕੱਤਰ ਕਰਨਗੇ।
ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਵੈ-ਗਣਨਾ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਆਪਣੀ ਆਈ.ਡੀ. ਗਣਨਾਕਾਰ ਨਾਲ ਸਾਂਝੀ ਕਰਨ। ਇਸ ਨਾਲ ਸਮੇਂ ਦੀ ਬੱਚਤ ਹੋਵੇਗੀ ਅਤੇ ਜਾਣਕਾਰੀ ਇਕੱਤਰ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ, ਤੇਜ਼ ਅਤੇ ਸਹੀ ਬਣਾਉਣ ਵਿੱਚ ਮਦਦ ਮਿਲੇਗੀ।
ਇਸ ਜਾਗਰੂਕਤਾ ਮੁਹਿੰਮ ਦਾ ਉਦੇਸ਼ ਨੌਜਵਾਨਾਂ ਨੂੰ ਜਨਗਣਨਾ ਜਾਗਰੂਕਤਾ ਦੇ ਦੂਤ ਵਜੋਂ ਜੋੜਨਾ ਅਤੇ ਜਨਗਣਨਾ 2027 ਦੀ ਸਫਲਤਾ ਲਈ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣਾ ਹੈ।
ਤੁਹਾਡੀ ਜਨਗਣਨਾ, ਤੁਹਾਡੀ ਭਾਗੀਦਾਰੀ, ਤੁਹਾਡਾ ਯੋਗਦਾਨ!
ਨਾਗਰਿਕ 16 ਤੋਂ 30 ਨਵੰਬਰ, 2026 ਤੱਕ https://se.census.gov.in ‘ਤੇ ਸਵੈ-ਗਣਨਾ ਕਰਕੇ ਜਨਗਣਨਾ 2027 ਦਾ ਹਿੱਸਾ ਬਣਨ।

