ਦੀਵਾਲੀ ਅਤੇ ਗੁਰਪੁਰਬ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਡੀ.ਸੀ. ਵੱਲੋਂ ਪਟਾਕੇ ਵੇਚਣ ਲਈ ਥਾਵਾਂ ਨਿਰਧਾਰਿਤ
ਕੋਟਕਪੂਰਾ, 7 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹਾ ਮੈਜਿਸਟਰੇਟ ਫਰੀਦਕੋਟ ਰਾਹੁਲ ਚਾਬਾ ਨੇ ਦੀਵਾਲੀ ਅਤੇ ਗੁਰਪੁਰਬ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਪਟਾਕਿਆਂ ਦੀ ਵਿਕਰੀ ਲਈ ਥਾਵਾਂ ਨਿਰਧਾਰਿਤ ਕੀਤੀਆਂ ਹਨ। ਉਹਨਾਂ ਦੱਸਿਆ ਕਿ ਪਟਾਕੇ ਵਿਕਰੇਤਾਵਾਂ ਵੱਲੋਂ ਫਰੀਦਕੋਟ ਵਿੱਚ ਨਹਿਰੂ ਸਟੇਡੀਅਮ ਵਿਖੇ, ਕੋਟਕਪੂਰਾ ਵਿਖੇ ਡਾ. ਹਰੀ ਸਿੰਘ ਸੇਵਕ ਸਰਕਾਰੀ ਸਕੂਲ (ਲੜਕੇ) ਦੇ ਗਰਾਊਂਡ ਅਤੇ ਜੈਤੋ ਵਿਖੇ ਖੇਡ ਸਟੇਡੀਅਮ ਵਿੱਚ ਪਟਾਕੇ ਵੇਚੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਟਾਕਿਆਂ ਦੀ ਵਿਕਰੀ ਸਿਰਫ ਉਸ ਲਾਇਸੰਸਸ਼ੁਦਾ ਵਿਕਰੇਤਾ ਵੱਲੋਂ ਹੀ ਕੀਤੀ ਜਾ ਸਕਦੀ ਹੈ, ਜਿਸ ਨੂੰ ਦਫ਼ਤਰ ਜ਼ਿਲ੍ਹਾ ਮੈਜਿਸਟਰੇਟ, ਫਰੀਦਕੋਟ ਵੱਲੋਂ ਆਰਜ਼ੀ ਲਾਇਸੰਸ ਜਾਰੀ ਕੀਤਾ ਗਿਆ ਹੋਵੇ। ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਰਜੀ ਲਾਇਸੰਸ ਪ੍ਰਾਪਤ ਕਰਨ ਲਈ ਚਾਹਵਾਨ ਬਿਨੈਕਾਰ ਦੀਆਂ ਦਰਖਾਸਤਾਂ ਪ੍ਰਾਪਤ ਹੋਈਆਂ। ਜਿੰਨਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਚਾਰਨ ਉਪਰੰਤ ਜ਼ਿਲ੍ਹਾ ਫਰੀਦਕੋਟ ਵਿੱਚ ਕੁੱਲ 22 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ ਹਨ। ਉਹਨਾਂ ਪੁਲਿਸ ਅਧਿਕਾਰੀਆਂ ਨੂੰ ਪਟਾਕਿਆਂ ਲਈ ਨਿਸ਼ਚਿਤ ਥਾਵਾਂ ’ਤੇ ਸੁਰੱਖਿਆ, ਸਿਹਤ ਵਿਭਾਗ ਨੂੰ ਐਂਬੂਲੈਂਸਾਂ ਦੇ ਪ੍ਰਬੰਧ ਅਤੇ ਸਬੰਧਤ ਅਧਿਕਾਰੀਆਂ ਨੂੰ ਸਮੇਂ ਸਮੇਂ ਚੈਕਿੰਗ ਕਰਨ ਦੇ ਆਦੇਸ਼ ਵੀ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਕੇਵਲ ਉਕਤ ਥਾਵਾਂ ’ਤੇ ਹੀ ਪਟਾਕੇ ਵੇਚਣ ਦੀ ਆਗਿਆ ਦਿੱਤੀ ਗਈ ਹੈ। ਜੇਕਰ ਵਿੱਚ ਦਫਤਰ ਵੱਲੋਂ ਜਾਰੀ ਕੀਤੇ ਗਏ ਆਰਜ਼ੀ ਲਾਇਸੰਸੀ ਵਿਅਕਤੀ ਉਕਤ ਨਿਰਧਾਰਤ ਕੀਤੀਆਂ ਗਈਆਂ ਥਾਵਾਂ ਤੋਂ ਬਗੈਰ ਕਿਸੇ ਹੋਰ ਥਾਂ ਅਤੇ ਜੇਕਰ ਲਾਇਸੰਸੀ ਵਿਅਕਤੀ ਤੋਂ ਬਿਨ੍ਹਾਂ ਵੀ ਕੋਈ ਹੋਰ ਵਿਅਕਤੀ ਪਟਾਕੇ ਵੇਚਦਾ ਹੈ ਤਾਂ ਉਸਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

