ਕੋਟਕਪੂਰਾ, 10 ਸਤੰਬਰ (ਟਿੰਕੂ ਕੁਮਾਰ/(ਵਰਲਡ ਪੰਜਾਬੀ ਟਾਈਮਜ਼)
ਮਿਤੀ 19 ਤੋਂ 29 ਅਗਸਤ 2026 ਤੱਕ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਸਿੱਖਿਆ ਅਫ਼ਸਰ (ਸੈਕੰਡਰੀ) ਫਰੀਦਕੋਟ ਸ੍ਰੀਮਤੀ ਅੰਜਨਾ ਕੌਂਸ਼ਲ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪਵਨ ਕੁਮਾਰ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਸ੍ਰੀਮਤੀ ਕੇਵਲ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ, ਜਿਉਣ ਵਾਲਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਖਿਡਾਰੀਆਂ ਨੇ ਲਾਅਨ-ਟੈਨਿਸ, ਟੇਬਲ ਟੈਨਿਸ, ਗਤਕਾ, ਸ਼ੂਟਿੰਗ ਅਤੇ ਰੈਸਲਿੰਗ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲੜਕੀਆਂ ਅੰਡਰ-17 ਲਾਅਨ ਟੈਨਿਸ, ਲੜਕੀਆਂ ਅੰਡਰ-14 ਟੇਬਲ ਟੈਨਿਸ, ਗਤਕਾ ਅੰਡਰ-14 ਅਤੇ ਅੰਡਰ-11, ਸ਼ੂਟਿੰਗ ਅੰਡਰ-14 ਪਿਸਟਲ, ਸ਼ੂਟਿੰਗ ਅੰਡਰ-17 ਰਾਈਫ਼ਲ ਅਤੇ ਰੈਸਲਿੰਗ ਅੰਡਰ-17 ਵਿੱਚ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਸ਼ੂਟਿੰਗ ਅੰਡਰ-17 ਰਾਈਫ਼ਲ, ਲੜਕੇ ਅੰਡਰ-17 ਲਾਅਨ ਟੈਨਿਸ ਅਤੇ ਲੜਕੇ ਅੰਡਰ-17 ਟੇਬਲ ਟੈਨਿਸ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਮੁਖੀ ਡਾ. ਐੱਸ. ਐੱਸ. ਬਰਾੜ (ਪ੍ਰਿੰਸੀਪਲ/ਡਾਇਰੈਕਟਰ) ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ‘ਖੇਡਾਂ ਸਿਰਫ਼ ਜਿੱਤਣ ਦਾ ਮਾਧਿਅਮ ਨਹੀਂ, ਸਗੋਂ ਅਨੁਸ਼ਾਸਨ, ਸਿਹਤ ਅਤੇ ਆਤਮਵਿਸ਼ਵਾਸ ਦੀ ਨੀਂਹ ਹਨ। ਸਾਡੇ ਖਿਡਾਰੀਆਂ ਦੀ ਮਿਹਨਤ ਨੇ ਸਕੂਲ ਦਾ ਮਾਣ ਵਧਾਇਆ ਹੈ।’ ਉਨ੍ਹਾਂ ਨੇ ਸਟੇਟ ਪੱਧਰ ਲਈ ਚੁਣੇ ਗਏ ਖਿਡਾਰੀਆਂ ਨੂੰ ਹੋਰ ਮਿਹਨਤ ਅਤੇ ਪੂਰੇ ਆਤਮਵਿਸ਼ਵਾਸ ਨਾਲ ਖੇਡਦਿਆਂ ਰਾਜ ਪੱਧਰ ’ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਬੰਧਕਾਂ ਵੱਲੋਂ ਸਮੂਹ ਜੇਤੂ ਖਿਡਾਰੀਆਂ, ਕੋਚਿੰਗ ਸਟਾਫ਼ ਅਤੇ ਇੰਚਾਰਜ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਗਈ ਅਤੇ ਭਵਿੱਖ ਵਿੱਚ ਹੋਰ ਵੱਡੀਆਂ ਖੇਡ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

