ਕਿਹਾ! ਦਾਖ਼ਲਾ ਫਾਰਮ ਜਮਾਂ ਕਰਵਾਉਣ ਦੀ ਆਖਰੀ ਮਿਤੀ 30 ਜੂਨ
ਕੋਟਕਪੂਰਾ, 20 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਭਾਸ਼ਾ ਦਫ਼ਤਰ ਫਰੀਦਕੋਟ ਵਿਖੇ ਉਰਦੂ ਆਮੋਜ਼ (ਉਰਦੂ ਸਿੱਖਣ) ਦੀਆਂ ਕਲਾਸਾਂ ਦਾ ਨਵਾਂ ਸੈਸ਼ਨ ਜੁਲਾਈ 2026 ਤੋਂ ਦਸੰਬਰ 2026 ਤੱਕ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕੋਰਸ ਲਈ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਸਿੰਘ ਨੇ ਦੱਸਿਆ ਕਿ ਉਰਦੂ ਆਮੋਜ਼ ਦਾ ਇਹ ਕੋਰਸ ਛੇ ਮਹੀਨਿਆਂ ਦਾ ਹੋਵੇਗਾ। ਕੋਰਸ ਦੀ ਸਮਾਪਤੀ ਉਪਰੰਤ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰੀਖਿਆ ਲਈ ਜਾਵੇਗੀ ਅਤੇ ਸਫਲ ਉਮੀਦਵਾਰਾਂ ਨੂੰ ਵਿਭਾਗ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਰਸ ਦੀ ਫੀਸ 500 ਰੁਪਏ ਨਿਰਧਾਰਿਤ ਕੀਤੀ ਗਈ ਹੈ, ਜੋ ਦਾਖ਼ਲਾ ਫਾਰਮ ਜਮਾਂ ਕਰਵਾਉਣ ਸਮੇਂ ਅਦਾ ਕਰਨੀ ਹੋਵੇਗੀ। ਕਲਾਸਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਨੇੜੇ ਬੱਸ ਸਟੈਂਡ, ਫਰੀਦਕੋਟ ਵਿਖੇ ਦਫ਼ਤਰੀ ਕੰਮਕਾਜ ਵਾਲੇ ਦਿਨਾਂ ਦੌਰਾਨ ਸ਼ਾਮ 5:15 ਵਜੇ ਤੋਂ 6:15 ਵਜੇ ਤੱਕ ਲਾਈਆਂ ਜਾਣਗੀਆਂ। ਉਨ੍ਹਾਂ ਹੋਰ ਦੱਸਿਆ ਕਿ ਇੱਛੁਕ ਉਮੀਦਵਾਰ ਦਾਖ਼ਲਾ ਫਾਰਮ ਜ਼ਿਲ੍ਹਾ ਭਾਸ਼ਾ ਦਫ਼ਤਰ, ਕਮਰਾ ਨੰਬਰ 333, ਦੂਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਰੀਦਕੋਟ ਤੋਂ ਕਿਸੇ ਵੀ ਕੰਮਕਾਜ ਵਾਲੇ ਦਿਨ ਪ੍ਰਾਪਤ ਕਰ ਸਕਦੇ ਹਨ। ਦਾਖ਼ਲਾ ਫਾਰਮ ਜਮਾਂ ਕਰਵਾਉਣ ਦੀ ਆਖਰੀ ਮਿਤੀ 30 ਜੂਨ 2026 ਹੈ। ਉਨ੍ਹਾਂ ਕਿਹਾ ਕਿ ਉਰਦੂ ਭਾਸ਼ਾ ਸਿੱਖਣ ਦਾ ਚਾਹਵਾਨ ਕੋਈ ਵੀ ਵਿਅਕਤੀ ਇਸ ਕੋਰਸ ਵਿੱਚ ਦਾਖ਼ਲਾ ਲੈ ਸਕਦਾ ਹੈ।

