ਸਪੀਕਰ ਸੰਧਵਾਂ ਵੱਲੋਂ ਪਾਰਟੀ ਚਿੰਨ ਨਾਲ ਸਾਰਿਆਂ ਦਾ ਗਰਮਜੋਸ਼ੀ ਨਾਲ ਸੁਆਗਤ
ਕੋਟਕਪੂਰਾ, 16 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਨਿੱਘੇ ਅਤੇ ਮਿਲਾਪੜੇ ਸੁਭਾਅ ਸਮੇਤ ਆਮ ਆਦਮੀ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਟਕਸਾਲੀ ਕਾਂਗਰਸੀ ਆਗੂ ਗੁਰਸੇਵਕ ਸਿੰਘ ਸਾਬਕਾ ਐਮ.ਸੀ. ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਅਕਾਲੀ ਦਲ ਬਾਦਲ ਦੇ ਪ੍ਰਚਾਰ ਸਕੱਤਰ ਅਤੇ ਟਕਸਾਲੀ ਅਕਾਲੀ ਆਗੂ ਪਰਮਜੀਤ ਸਿੰਘ ਮੱਕੜ ਨੇ ਵੀ ਆਪਣੇ ਪਰਿਵਾਰ ਸਮੇਤ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਕਬੂਲ ਕਰਦਿਆਂ ਆਖਿਆ ਕਿ ਅਕਾਲੀ ਆਗੂਆਂ ਨੇ ਉਸ ਦੇ ਪਰਿਵਾਰ ਦੀ ਮਿਹਨਤ ਦੀ ਕੋਈ ਕਦਰ ਨਹੀਂ ਕੀਤੀ। ਸਥਾਨਕ ਜੈਤੋ ਸੜਕ ’ਤੇ ਸਥਿੱਤ ਸ਼ਹੀਦ ਭਗਤ ਸਿੰਘ ਚੋਂਕ ਵਿੱਚ ਗੁਰਸੇਵਕ ਸਿੰਘ ਵੱਲੋਂ ਰੱਖੇ ਪ੍ਰਭਾਵਸ਼ਾਲੀ ਸਮਾਗਮ ਮੌਕੇ ਆਪਣੇ ਸੰਬੋਧਨ ਦੌਰਾਨ ਸਪੀਕਰ ਸੰਧਵਾਂ ਨੇ ਆਖਿਆ ਕਿ ਵਿਰੋਧੀ ਪਾਰਟੀਆਂ ਦੇ ਆਗੂ ਬੁਖਲਾ ਚੁੱਕੇ ਹਨ। ਆਪਣੀ ਹਾਰ ਨੂੰ ਪ੍ਰਤੱਖ ਦੇਖ ਕੇ ਉਹਨਾ ਨੂੰ ਕੁਝ ਵੀ ਸੁੱਝ ਨਹੀਂ ਰਿਹਾ। ਉਹਨਾਂ ਆਖਿਆ ਕਿ ਬਿਜਲੀ ਦੀ ਮੁਫਤ ਅਤੇ ਨਿਰੰਤਰ ਸਪਲਾਈ, ਬਿਨਾ ਰਿਸ਼ਵਤ ਅਤੇ ਬਿਨਾ ਸਿਫਾਰਸ਼ ਦੇ 65 ਹਜਾਰ ਤੋਂ ਜਿਆਦਾ ਸਰਕਾਰੀ ਨੌਕਰੀਆਂ, 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ, ਨਹਿਰੀ ਪਾਣੀ ਦੀ ਨਿਰੰਤਰ ਸਪਲਾਈ, ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰਾਂ ਨੂੰ ਭਾਜੜਾਂ, ਨਸ਼ੇੜੀਆਂ ਲਈ ਨਸ਼ਾ ਛੁਡਾਊ ਕੇਂਦਰਾਂ ਵਿੱਚ ਮੁਫਤ ਇਲਾਜ, ਭੈਣਾ ਤੇ ਮਾਤਾਵਾਂ ਲਈ 1000/1500 ਰੁਪਏ ਮਹੀਨਾ ਪੈਨਸ਼ਨ ਵਰਗੀਆਂ ਅਨੇਕਾਂ ਸਹੂਲਤਾਂ ਨੇ ਪੰਜਾਬ ਵਾਸੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਰਵਾਇਤੀ ਪਾਰਟੀਆਂ ਨੇ ਅੱਜ ਤੱਕ ਅਜਿਹਾ ਕਿਉਂ ਨਾ ਕੀਤਾ? ਇਸ ਮੌਕੇ ਉਪਰੋਕਤ ਤੋਂ ਇਲਾਵਾ ਰਘਬੀਰ ਸਿੰਘ ਸੰਧੂ, ਸੇਵਕ ਸਿੰਘ ਸੰਧੂ, ਬੀਬੀ ਕਮਲਜੀਤ ਕੌਰ, ਜਸਮੇਲ ਸਿੰਘ ਪੁਰਬਾ, ਗੁਰਸੇਵਕ ਸਿੰਘ ਪੁਰਬਾ, ਸੁਖਦੇਵ ਸਿੰਘ ਕੂਕਾ, ਸੁਖਵਿੰਦਰ ਸਿੰਘ, ਗੁਰਜੰਟ ਸਿੰਘ ਚਹਿਲ, ਸੁਰਜੀਤ ਸਿੰਘ ਚਹਿਲ, ਗੁਰਦੀਪ ਸਿੰਘ ਚਹਿਲ, ਲਖਵਿੰਦਰ ਸਿੰਘ ਚਹਿਲ, ਪੇ੍ਰਮ ਪਾਸਟਰ, ਕਿ੍ਰਪਾਲ ਸਿੰਘ, ਸੁਤੰਤਰ ਜੋਸ਼ੀ, ਰਿਸ਼ੀ ਰਛਪਾਲ ਆਦਿ ਨੇ ਮੰਨਿਆ ਕਿ 100 ਤੋਂ ਜਿਆਦਾ ਪਰਿਵਾਰ ਵੱਖ-ਵੱਖ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਅਤੇ ਸਾਫ ਸੁਥਰੇ ਅਕਸ ਵਾਲੇ ਵਿਕਾਸਪੁਰਸ਼ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਕਬੂਲ ਕੇ ਸਾਨੂੰ ਖੁਸ਼ੀ ਮਹਿਸੂਸ ਹੋਈ। ਸਪੀਕਰ ਸੰਧਵਾਂ ਨੇ ਇਸ ਮੌਕੇ ਵਾਰਡ ਨੰਬਰ 17 ਤੋਂ ਗੁਰਸੇਵਕ ਸਿੰਘ ਦੀ ਧਰਮਪਤਨੀ ਰਣਜੀਤ ਕੌਰ ਨੂੰ ਟਿਕਟ ਦੇਣ ਦਾ ਐਲਾਨ ਕੀਤਾ, ਜਿਸ ਦਾ ਜੈਕਾਰਿਆਂ ਦੀ ਗੂੰਜ਼ ਨਾਲ ਸੁਆਗਤ ਕੀਤਾ ਗਿਆ।

