— ਐਮ.ਐਸ. ਬਣਨ ’ਤੇ ਵਧਾਈ ਦਿੱਤੀ —
ਫ਼ਰੀਦਕੋਟ 8 ਅਗਸਤ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼)
ਮਿਠ ਬੋਲੜੇ ਅਤੇ ਨੇਕ ਦਿਲ ਇਨਸਾਨ ਵਜੋਂ ਜਾਣੇ ਜਾਂਦੇ ਚਮੜੀ ਰੋਗਾਂ ਦੇ ਮਾਹਿਰ ਡਾ. ਅਮਰਬੀਰ ਸਿੰਘ ਬੋਪਾਰਾਏ ਪਿਛਲੇ ਲੰਮੇ ਸਮੇਂ ਤੋਂ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਿਜ ਅਤੇ ਹਸਪਤਾਲ ਵਿਖੇ ਸੇਵਾਵਾਂ ਨਿਭਾ ਰਹੇ ਹਨ। ਦਵਾਈ ਦੇ ਨਾਲ-ਨਾਲ ਡਾ. ਬੋਪਾਰਾਏ ਦੀ ਮਰੀਜ਼ਾਂ ਪ੍ਰਤੀ ਬੋਲ ਬਾਣੀ ਅਤੇ ਨਿਮਰ ਸੁਭਾਅ ਮਰੀਜਾਂ ਲਈ ਰਾਮ ਬਾਣ ਦਾ ਕੰਮ ਕਰਦੇ ਹਨ। ਡਾ. ਬੋਪਾਰਾਏ ਦੀ ਯੋਗਤਾ ਅਤੇ ਕਾਰਜਸ਼ੈਲੀ ਸਦਕਾ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵੱਲੋਂ ਉਨ੍ਹਾਂ ਨੂੰ ਉਕਤ ਹਸਪਤਾਲ ਦਾ ਮੈਡੀਕਲ ਸੁਪਰਡੈਂਟ ਨਿਯੁਕਤ ਕੀਤਾ ਗਿਆ ਹੈ। ਡਾ. ਬੋਪਾਰਾਏ ਦੀ ਇਸ ਮਾਣਮੱਤੀ ਨਿਯੁਕਤੀ ਨਾਲ ਸਬੰਧਤ ਮੁਲਾਜ਼ਮਾਂ ਅਤੇ ਆਮ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਉੱਚ ਪੱਧਰੀ ਵਫ਼ਦ ਵੱਲੋਂ ਡਾ. ਬੋਪਾਰਾਏ ਨਾਲ ਉਨ੍ਹਾਂ ਦੇ ਦਫਤਰ ਵਿੱਚ ਮੁਲਾਕਾਤ ਕੀਤੀ ਗਈ। ਇਸ ਵਫ਼ਦ ਵਿਚ ਟਰੱਸਟ ਸੰਸਥਾਪਕ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਚੀਫ਼ ਪੈਟਰਨ ਮੈਡਮ ਹੀਰਾਵਤੀ, ਜਿਲ੍ਹਾ ਪ੍ਰਧਾਨ ਡੀ.ਪੀ.ਐੱਸ. ਭੋਲਾ ਗਰੇਵਾਲ, ਸੀਨੀਅਰ ਮੀਤ ਪ੍ਰਧਾਨ ਇੰਸ. ਰਮੇਸ਼ ਕੁਮਾਰ ਬਾਰੋਲੀਆ, ਮੁੱਖ ਸਲਹਾਕਾਰ ਸ੍ਰੀ ਕ੍ਰਿਸ਼ਨ ਆਰ.ਏ., ਮੀਤ ਪ੍ਰਧਾਨ ਨਿਰਮਲ ਸਿੰਘ ਸੰਧੂ ਪ੍ਰੈਸ ਸਕੱਤਰ ਸ਼ਿਵ ਨਾਥ ਦਰਦੀ ਅਤੇ ਨਰਿੰਦਰ ਕਾਕਾ ਆਦਿ ਮੌਜੂਦ ਸਨ। ਟਰੱਸਟ ਵੱਲੋਂ ਡਾ. ਬੋਪਾਰਾਏ ਨੂੰ ਮੈਡੀਕਲ ਸੁਪਰਡੈਂਟ ਦਾ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ ਗਈ। ਵਫ਼ਦ ਵੱਲੋਂ ਡਾ. ਬੋਪਾਰਾਏ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਪਰਿਵਾਰਕ ਖੁਸ਼ਹਾਲੀ ਦੀ ਕਾਮਨਾ ਕੀਤੀ ਗਈ। ਮੁਲਾਕਾਤ ਦੌਰਾਨ ਡਾ: ਬੋਪਾਰਾਏ ਨੇ ਕਿਹਾ ਕਿ ਮੈਡੀਕਲ ਸੁਪਰਡੈਂਟ ਵਜੋਂ ਨਿਯੁਕਤ ਕਰਨ ’ਤੇ ਉਚ ਅਧਿਕਾਰੀਆਂ ਨੇ ਜੋ ਭਰੋਸਾ ਅਤੇ ਜਿੰਮੇਵਾਰੀ ਦਿੱਤੀ ਹੈ ਉਹ ਉਸਨੂੰ ਪੂਰੀ ਨੇਕ ਨੀਤੀ ਅਤੇ ਸਰਕਾਰੀ ਨਿਯਮਾਂ ਅਨੁਸਾਰ ਨਿਭਾਉਣਗੇ। ਉਨ੍ਹਾਂ ਨੇ ਮਰੀਜ਼ਾਂ ਅਤੇ ਆਮ ਜਨਤਾ ਨੂੰ ਸਰਕਾਰੀ ਸਿਹਤ ਸੇਵਾਵਾਂ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਿਜ ਅਤੇ ਹਸਪਤਾਲ ਵਿਚ ਹਰ ਬਿਮਾਰੀ ਦੇ ਮਾਹਿਰ ਅਤੇ ਉਚ ਯੋਗਤਾ ਪ੍ਰਾਪਤ ਡਾਕਟਰ ਹਨ। ਜੀਵਨ ਰੱਖਿਅਕ ਮਸ਼ੀਨਾਂ ਹਨ। ਉਨ੍ਹਾਂ ਨੇ ਮਰੀਜਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਬਿਮਾਰੀ ਦੇ ਲੱਛਣ ਦਿਸਣ ਤੋਂ ਬਾਅਦ ਤੁਰੰਤ ਸਰਕਾਰੀ ਹਸਪਤਾਲ ਵਿੱਚ ਪਹੁੰਚ ਕੀਤੀ ਜਾਵੇ। ਟਰੱਸਟ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਬਾਰੇ ਸੁਣ ਕੇ ਡਾ. ਬੋਪਾਰਾਏ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਉਕਤ ਜਾਣਕਾਰੀ ਦਿੰਦੇ ਹੋਏ ਟਰੱਸਟ ਸੰਸਥਾਪਕ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਕਰੀਬ ਪੰਦਰਾਂ ਮਿੰਟ ਤੱਕ ਬੇਹੱਦ ਸਦਭਾਵਨਾ ਪੂਰਨ ਮਾਹੌਲ ਚੱਲੀ ਇਸ ਮੁਲਾਕਾਤ ਦੌਰਾਨ ਡਾ. ਬੋਪਾਰਾਏ ਨੇ ਕਿਹਾ ਕਿ ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਪ੍ਰਸ਼ਾਸ਼ਨ ਅਤੇ ਆਮ ਲੋਕਾਂ ਵਿਚ ਮਹੱਤਵ ਪੂਰਨ ਕੜੀ ਦੀ ਭੂਮਿਕਾ ਨਿਭਾਉਂਦੀਆਂ ਹਨ।

