ਮੰਜ਼ਿਲਾਂ ਸਰ ਕਰਨ ਲਈ ਠੋਕਰਾਂ ਜ਼ਰੂਰੀ
ਤੱਖਤੀ ਕਾਮਯਾਬੀ ਲੋੜੇਂ ਹਿੰਮਤ ਪੂਰੀ।
ਟੀਚਾ ਮਿੱਥ ਸਿੰਨ੍ਹ ਨਿਸ਼ਾਨਾ ਜੋ ਲਗਾਉਂਦੇ
ਸਫਲਤਾ ਦੀ ਬਰੂਹਾਂ ਟੱਪ ਫ਼ਤਿਹ ਪਾਉਂਦੇ।।
ਉਦੇਸ਼ ਅਤੇ ਮਕਸਦ ਵੀ ਹੋਣ ਪਾਕ ਪਵਿੱਤਰ
ਸ਼ੰਕੇ ਵੀ ਖੰਭ ਲਗਾ ਹੋ ਜਾਂਦੇ ਹਨ ਤਿੱਤਰ।
ਅਕਾਲ ਤੋਂ ਲੈ ਸੇਧ ਜੋ ਸੂਰੇ ਕਦਮ ਵਧਾਉਂਦੇ
ਰਣ ਤੱਤੇ ਅੰਦਰ ਲੱਖ ਔਕੁੜਾਂ ਜਿੱਤ ਕਮਾਉਂਦੇ।।
ਪੰਧ ਦੀਆਂ ਅੜਚਨਾਂ ਤੱਕ ਬੰਦਿਆਂ ਨਾ ਡੋਲ੍ਹੀ
ਲੱਖ ਤਕਲੀਫ਼ਾਂ ਸਹਿ ਲਈ ਪਰ ਭੇਤ ਨਾ ਖੋਲ੍ਹੀ।
ਰਾਹ ਤੇਰਾ ਕੱਚ ਪੱਧਰਾ ਚਾਰੇ ਪਾਸੇ ਘੋਰ ਹਨੇਰੇ
ਹਾਰ ਤੇਰੀ ਨੰਗੇ ਕਰਨੇ ਜੋ ਸੰਗੀ ਬਣਦੇ ਤੇਰੇ।।
ਸਹਿਜੇ ਸਹਿਜੇ ਅਸਫਲਤਾਵਾਂ ਨੂੰ ਜਾ ਭੁੱਲਾਈ
ਹਰ ਸਾਹ ਸੁਰਜੀਤ ਹੋ ਕਿਸਮਤ ਜਾ ਅਜ਼ਮਾਈ।
ਇੱਕ ਦਿਨ ਤੇਰੀ ਭਗਤੀ ਨੂੰ ਰੰਗ ਭਾਗ ਲੱਗਣੇ
ਨਦਰਿ ਮਾਲਕ ਸਦਕਾ ਦਰਿਆ ਉਲਟੇ ਲੱਗਣੇ।।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।
