
ਅੰਮ੍ਰਿਤਸਰ: 6 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਬੱਚਿਆਂ ਦੇ ਹੱਕਾਂ ਦੀ ਪਹਿਰੇਦਾਰ ਸੰਸਥਾ ‘ਬਾਲ ਵਿਕਾਸ ਕਲਾ ਕੇਂਦਰ (ਰਜਿ.) ਅੰਮ੍ਰਿਤਸਰ’ ਵੱਲੋਂ ਸਿੱਖ ਇਤਿਹਾਸ ਦੇ ਮਹਾਨ ਖੋਜਾਰਥੀ ਅਤੇ ਪ੍ਰਸਿੱਧ ਲੇਖਕ ਡਾ. ਇੰਦਰਜੀਤ ਸਿੰਘ ਗੋਗੋਆਣੀ ਨੂੰ ਉਨ੍ਹਾਂ ਦੀਆਂ ਅਕਾਦਮਿਕ, ਸਾਹਿਤਕ ਅਤੇ ਸਮਾਜਿਕ ਖੇਤਰ ਵਿੱਚ ਲਾਸਾਨੀ ਸੇਵਾਵਾਂ ਲਈ ‘ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਪੁਰਸਕਾਰ’ (Lifetime Achievement Award) ਨਾਲ ਸਨਮਾਨਿਤ ਕੀਤਾ ਗਿਆ ਹੈ।
ਦੱਸਣ ਯੋਗ ਹੈ ਕਿ ਸ ਡਾ. ਗੋਗੋਆਣੀ ਇੱਕ ਬਹੁਪੱਖੀ ਸ਼ਖਸੀਅਤ ਹਨ। ਉਨ੍ਹਾਂ ਨੇ ਐੱਮ.ਏ. (ਧਰਮ ਅਧਿਐਨ, ਪੰਜਾਬੀ, ਸੰਗੀਤ), ਬੀ.ਐੱਡ. ਅਤੇ ਪੀ.ਐੱਚ.ਡੀ. ਵਰਗੀਆਂ ਉੱਚ ਪੱਧਰੀ ਡਿਗਰੀਆਂ ਪ੍ਰਾਪਤ ਕਰਕੇ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ ਹੈ।
ਉਨ੍ਹਾਂ ਨੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਵਿਖੇ ਬਤੌਰ ਹਿਸਟਰੀ ਅਧਿਆਪਕ ਅਤੇ ਬਾਅਦ ਵਿੱਚ ਪ੍ਰਿੰਸੀਪਲ ਵਜੋਂ ਅਣਥੱਕ ਸੇਵਾਵਾਂ ਦਿੱਤੀਆਂ। ਅੱਜ ਕੱਲ ਉਹ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਡੀਨ ਅਤੇ ਮੁਖੀ ਧਰਮ ਅਧਿਐਨ ਵਿਭਾਗ ਵੱਲੋਂ ਸੇਵਾਵਾਂ ਨਿਭਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਤਿੰਨ ਦਰਜਨ ਤੋਂ ਵੱਧ ਕਰੀਬ ਪੁਸਤਕਾਂ, ਡਾਕੂਮੈਂਟਰੀ ਫਿਲਮਾਂ ਅਤੇ 3D ਐਨੀਮੇਸ਼ਨ ਫਿਲਮਾਂ ਲਿਖ ਕੇ ਸਾਹਿਤ ਜਗਤ ਵਿੱਚ ਵਿਸ਼ੇਸ਼ ਪਛਾਣ ਬਣਾਈ ਹੈ।
ਬਾਲ ਵਿਕਾਸ ਕਲਾ ਕੇਂਦਰ ਦੇ ਪ੍ਰਧਾਨ ਮਰਕਸ ਪਾਲ ਗੁਮਟਾਲਾ ਅਤੇ ਜਨਰਲ ਸਕੱਤਰ ਡਾ. ਆਤਮਾ ਸਿੰਘ ਗਿੱਲ ਨੇ ਕਿਹਾ ਕਿ ਡਾ. ਇੰਦਰਜੀਤ ਸਿੰਘ ਗੋਗੋਆਣੀ ਵਰਗੀ ਨਿਮਰ ਅਤੇ ਗਿਆਨਵਾਨ ਸ਼ਖਸੀਅਤ ਨੂੰ ਸਨਮਾਨਿਤ ਕਰਕੇ ਸੰਸਥਾ ਆਪਣੇ ਆਪ ਨੂੰ ਮਾਣਮੱਤਾ ਮਹਿਸੂਸ ਕਰ ਰਹੀ ਹੈ ਅਤੇ ਅਰਦਾਸ ਕਰਦੀ ਹੈ ਕਿ ਉਹ ਲੰਮੀ ਉਮਰ ਭੋਗਦਿਆਂ ਸਮਾਜ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕਰਦੇ ਰਹਿਣ।
ਇਸ ਮੌਕੇ ਇਮੈਨੂਅਲ ਸਿੰਘ, ਬੱਬਲਜੀਤ ਸਿੰਘ, ਮਨਪ੍ਰੀਤ ਸਿੰਘ ਕਪੂਰ, ਆਲਮ ਸਿੰਘ, ਪਰਾਬੀਰ ਸਿੰਘ ਅਤੇ ਬਾਲ ਵਿਕਾਸ ਕਲਾ ਕੇਂਦਰ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।
