
ਲੁਧਿਆਣਾ 22 ਮਾਰਚ (ਵਰਲਡ ਪੰਜਾਬੀ ਟਾਈਮਜ਼)
ਡਾ. ਗੁਰਦੇਵ ਸਿੰਘ ਖੁਸ਼ ਫਾਊਂਡੇਸਨ ਆਪਣੇ ਸਾਲਾਨਾ ਐਵਾਰਡ ਸਮਾਗਮ ਦਾ ਆਯੋਜਨ ਬੀਤੇ ਦਿਨੀਂ ਬੜੇ ਉਤਸ਼ਾਹ ਨਾਲ ਕੀਤਾ, ਜਿਸ ਵਿੱਚ ਅਕਾਦਮਿਕ ਸ਼੍ਰੇਸ਼ਠਤਾ ਅਤੇ ਖੇਤੀਬਾੜੀ ਅਤੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੇ ਮਾਹਿਰਾਂ ਨੂੰ ਸਨਮਾਨਿਤ ਕੀਤਾ ਗਿਆ| ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਅੱਠ ਸਹਾਇਕ ਕਾਲਜਾਂ ਤੋਂ ਪੰਜਾਬ ਦੇ ਪੇਂਡੂ ਖੇਤਰਾਂ ਨਾਲ ਸੰਬੰਧਿਤ ਅੰਡਰਗ੍ਰੈਜੂਏਟ ਵਿਦਿਆਰਥੀਆਂ ਨੂੰ ਮੈਰਿਟ ਦੇ ਅਧਾਰ ਤੇ ਕੁੱਲ 72 ਸਕਾਲਰਸ਼ਿਪਾਂ ਦਿੱਤੀਆਂ ਗਈਆਂ| ਇਸਦੇ ਇਲਾਵਾ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਭਾਗ ਲੈਣ ਲਈ ਨੌਜਵਾਨ ਵਿਗਿਆਨੀਆਂ ਅਤੇ ਪੋਸਟਗ੍ਰੈਜੂਏਟ ਵਿਦਿਆਰਥੀਆਂ ਨੂੰ ਪੰਜ ਜੀ.ਐਸ. ਖੁਸ਼ ਯਾਤਰਾ ਗ੍ਰਾਂਟਾਂ ਦਿੱਤੀਆਂ ਗਈਆਂ| ਪੀ.ਏ.ਯੂ. ਮਾਡਲ ਹਾਈ ਸਕੂਲ, ਕਾਉਣੀ (ਸ੍ਰੀ ਮੁਕਤਸਰ ਸਾਹਿਬ) ਦੇ ਵਿਦਿਆਰਥੀ ਨੂੰ ਵੀ ਇੱਕ ਮੈਰਿਟ ਸਕਾਲਰਸ਼ਿਪ ਦਿੱਤੀ ਗਈ|
ਸਮਾਗਮ ਦੀ ਸਰਪ੍ਰਸਤੀ ਫਾਊਂਡੇਸਨ ਦੇ ਚੇਅਰਮੈਨ ਡਾ. ਗੁਰਦੇਵ ਸਿੰਘ ਖੁਸ਼ ਨੇ ਕੀਤੀ| ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ.ਏ.ਯੂ., ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਇਸ ਮੌਕੇ ’ਤੇ ਪ੍ਰਮੁੱਖ ਡਾ. ਹਰਵੰਤ ਕੌਰ ਖੁਸ਼, ਫਾਊਂਡੇਸਨ ਦੀ ਉਪ ਚੇਅਰਮੈਨ ਡਾ. ਸਰਦਾਰਾ ਸਿੰਘ ਜੌਹਲ, ਡਾ. ਜਤਿੰਦਰ ਪਾਲ ਸਿੰਘ ਗਿੱਲ, ਵਾਈਸ ਚਾਂਸਲਰ, ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ, ਸ਼੍ਰੀ ਕਾਹਨ ਸਿੰਘ ਪੰਨੂ ਅਤੇ ਡਾ. ਰਿਸ਼ੀ ਪਾਲ ਸਿੰਘ, ਰਜਿਸਟਰਾਰ, ਪੀ.ਏ.ਯੂ. ਤੋਂ ਇਲਾਵਾ ਦੋਵਾਂ ਯੂਨਵਿਰਸਿਟੀਆਂ ਦੇ ਉੱਚ ਅਧਿਕਾਰੀ, ਡੀਨ ਡਾਇਰੈਕਟਰਜ਼, ਵਿਭਾਗਾਂ ਦੇ ਮੁਖੀ ਅਤੇ ਅਧਿਆਪਕ ਵੀ ਹਾਜ਼ਰ ਸਨ| ਇਸ ਮੌਕੇ ਡਾ. ਤਿਲਕ ਰਾਜ ਸਰਮਾ, ਰਾਸ਼ਟਰੀ ਪ੍ਰੋਫੈਸਰ, ਨੈਸ਼ਨਲ ਇੰਸਟੀਚਿਊਟ ਆਫ ਪਲਾਂਟ ਬਾਇਓਟੈਕਨਾਲੋਜੀ, ਨਵੀਂ ਦਿੱਲੀ ਨੂੰ ਡਾ. ਦਰਸ਼ਨ ਸਿੰਘ ਬਰਾੜ ਅਵਾਰਡ ਫਾਰ ਐਗਰੀਕਲਚਰ 2026 ਨਾਲ ਸਨਮਾਨਿਤ ਕੀਤਾ ਗਿਆ| ਇਹ ਸਨਮਾਨ ਉਹਨਾਂ ਨੂੰ ਝੋਨੇ ਦੀਆਂ ਕਿਸਮਾਂ ਵਿਚ ਸੁਧਾਰ ਲਈ ਪਾਏ ਯੋਗਦਾਨ ਬਦਲੇ ਪ੍ਰਦਾਨ ਕੀਤਾ ਗਿਆ| ਇਸ ਐਵਾਰਡ ਵਿਚ ਤਿੰਨ ਲੱਖ ਰੁਪਏ ਦੀ ਨਕਦ ਰਾਸ਼ੀ ਅਤੇ ਸਨਮਾਨ ਪੱਤਰ ਸ਼ਾਮਿਲ ਸੀ| ਪੀ.ਏ.ਯੂ. ਦੇ ਡਾ. ਬੂਟਾ ਸਿੰਘ ਢਿੱਲੋਂ ਨੂੰ ਡਾ. ਦਰਸ਼ਨ ਸਿੰਘ ਬਰਾੜ ਯੰਗ ਸਾਇੰਟਿਸਟ ਐਵਾਰਡ 2026 ਨਾਲ ਸਨਮਾਨਿਤ ਕੀਤਾ ਗਿਆ| ਉਨ੍ਹਾਂ ਨੂੰ ਸਨਮਾਨ ਚਿੰਨ ਅਤੇ 50,000 ਦੀ ਰਾਸ਼ੀ ਨਾਲ ਨਿਵਾਜ਼ਿਆ ਗਿਆ| ਡਾ. ਅਨਿਲ ਕੁਮਾਰ ਸ਼ਰਮਾ, ਸਹਿਯੋਗੀ ਨਿਰਦੇਸ਼ਕ (ਟੀ ਵੀ) ਨੂੰ ਉਨ੍ਹਾਂ ਵੱਲੋਂ ਸੰਚਾਰ ਲਈ ਪਾਏ ਅਸੀਮ ਯੋਗਦਾਨ ਬਦਲੇ 50000 ਰੁਪਏ ਅਤੇ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ|
ਸਮਾਗਮ ਨੂੰ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਫਾਉਂਡੇਸਨ ਵੱਲੋਂ ਪਿੰਡਾਂ ਤੋਂ ਆਏ ਵਿਦਿਆਰਥੀਆਂ ਦੀ ਵਿਗਿਆਨਕ ਪ੍ਰਤਿਭਾ ਨੂੰ ਨਿਖਾਰਨ ਵਾਸਤੇ ਨਿਰੰਤਰ ਯੋਗਦਾਨ ਦੀ ਤਾਰੀਫ ਕੀਤੀ ਅਤੇ ਸਾਰੇ ਇਨਾਮ ਜੇਤੂਆਂ ਨੂੰ ਵਧਾਈ ਦਿੱਤੀ| ਉਨ੍ਹਾਂ ਨੇ ਖੇਤੀਬਾੜੀ ਦੀ ਸਿੱਖਿਆ ਅਤੇ ਖੋਜ ਵਿੱਚ ਫਾਉਂਡੇਸਨ ਦੇ ਲਗਾਤਾਰ ਸਹਿਯੋਗ ਲਈ ਵੀ ਧੰਨਵਾਦ ਪ੍ਰਗਟਾਇਆ|
ਇਸ ਮੌਕੇ ’ਤੇ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ‘ਪੰਜਾਬੀ ਖੇਤੀਬਾੜੀ ਅਤੇ ਆਰਥਿਕਤਾ ਵਿੱਚ ਪਸ਼ੂ ਪਾਲਣ ਦੀ ਭੂਮਿਕਾ’ ਵਿਸੇ ’ਤੇ ਵਿਸ਼ੇਸ਼ ਲੈਕਚਰ ਦਿੱਤਾ| ਉਨ੍ਹਾਂ ਨੇ ਕਿਸਾਨਾਂ ਦੀ ਆਮਦਨੀ ਵਧਾਉਣ ਵਿੱਚ ਪਸ਼ੂ ਪਾਲਣ ਖੇਤਰ ਦੀ ਵਧਦੀ ਮਹੱਤਤਾ ਨੂੰ ਰੋਸ਼ਨ ਕੀਤਾ ਅਤੇ ਫਸਲਾਂ ਅਤੇ ਪਸ਼ੂ ਪਾਲਣ ਨੂੰ ਮਿਲਾ ਕੇ ਇਕ ਖੇਤੀ ਪ੍ਰਣਾਲੀ ਦੀ ਲੋੜ ’ਤੇ ਜੋਰ ਦਿੱਤਾ| ਡਾ. ਐਸ. ਐੱਸ. ਜੌਹਲ ਨੇ ਪਸ਼ੂ ਪਾਲਣ ਅਤੇ ਬਾਗਬਾਨੀ ਦੀ ਪੰਜਾਬ ਵਿਚ ਖੇਤੀਬਾੜੀ ਲਈ ਭੂਮਿਕਾ ਨੂੰ ਉਭਾਰਿਆ| ਸ਼੍ਰੀ ਕਾਹਨ ਸਿੰਘ ਪੰਨੂ ਨੇ ਕਿਸਾਨਾਂ ਦੀ ਆਮਦਨੀ ਅਤੇ ਖੇਤੀਬਾੜੀ ਸਥਿਰਤਾ ਨੂੰ ਸੁਧਾਰਨ ਲਈ ਢੁੱਕਵੇਂ ਕਦਮ ਚੁੱਕਣ ਦੀ ਲੋੜ ਨੂੰ ਉਜਾਗਰ ਕੀਤਾ| ਆਪਣੇ ਸੰਬੋਧਨ ਵਿੱਚ, ਫਾਉਂਡੇਸ਼ਨ ਦੇ ਚੇਅਰਮੈਨ. ਡਾ. ਗੁਰਦੇਵ ਸਿੰਘ ਖੁਸ ਨੇ ਸਾਰੇ ਵਿਦਿਆਰਥੀਆਂ ਦੇ ਮਾਰਗਦਰਸ਼ਨ ਕਰਨ ਵਾਲੇ ਫੈਕਲਟੀ ਮੈਂਬਰਾਂ ਦੇ ਯਤਨਾਂ ਦੀ ਸਲਾਹੁਤਾ ਕੀਤੀ| ਉਨ੍ਹਾਂ ਨੇ ਫਾਉਂਡੇਸ਼ਨ ਦੇ ਸਹਿਯੋਗ ਲਈ ਪੀ.ਏ.ਯੂ. ਦਾ ਧੰਨਵਾਦ ਕੀਤਾ| ਇਸ ਸਮਾਰੋਹ ਵਿੱਚ ਪੀ.ਏ.ਯੂ. ਅਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਦੇ ਫੈਕਲਟੀ ਮੈਂਬਰਾਂ, ਅੰਡਰਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ|

