ਯੂਨੀਵਰਸਿਟੀ ਦੇ ਪੱਤਰਕਾਰਤਾ ਵਿਭਾਗ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ
ਕੋਟਕਪੂਰਾ, 15 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫ਼ਰੀਦਕੋਟ ਜਿਲੇ ਦੇ ਪਿੰਡ ਮੋਰਾਂਵਾਲੀ ਦੇ ਬਸ਼ਿੰਦੇ ਉੱਘੇ ਸਾਹਿਤਕਾਰ ਡਾ. ਦੇਵਿੰਦਰ ਸੈਫ਼ੀ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿਭਾਗ ਵਿਖੇ ਖੋਜ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ। ਇਸ ਦੌਰਾਨ ਉਹਨਾਂ ਪੰਜਾਬੀ ਪੱਤਰਕਾਰਤਾ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ, ਫਰੀਦਕੋਟ ਇਲਾਕੇ ਦੇ ਨਿਰਪੱਖ ਪੱਤਰਕਾਰਾਂ, ਪੰਜਾਬ ਦੇ ਨਿਧੜਕ ਅਖ਼ਬਾਰਾਂ ਬਾਰੇ ਵੀ ਚਰਚਾ ਕੀਤੀ। ਇਸ ਮੌਕੇ ਉਹਨਾਂ ਆਪਣੀ ਚਰਚਿਤ ਨਵੀਂ ਪੁਸਤਕ *ਮੁਹੱਬਤ ਨੇ ਕਿਹਾ* ਦੀਆਂ ਕੁਝ ਕਵਿਤਾਵਾਂ ਪੰਜਾਬੀ ਮੂਲ ਅਤੇ ਹਿੰਦੀ ਵਿੱਚ ਉਲਥਾ ਕੇ ਸੁਣਾਈਆਂ। ਵਿਦਿਆਰਥੀ ਅਤੇ ਪ੍ਰੋਫ਼ੈਸਰ ਸਾਹਿਬਾਨ ਕਾਵਿ ਪੇਸ਼ਕਾਰੀ ਦੀ ਨਿਰੰਤਰ ਫ਼ਰਮਾਇਸ਼ ਕਰਦੇ ਹੋਏ ਭਰਪੂਰ ਦਾਦ ਦਿੰਦੇ ਰਹੇ। ਡਾ. ਸੈਫ਼ੀ ਨੇ ਦੱਸਿਆ ਕਿ ਇਸ ਸਮੇਂ *ਜੋ ਮੁਹੱਬਤ ਨਹੀਂ ਕਰਦੇ* ਨਾਮੀ ਲੰਬੀ ਕਵਿਤਾ ਸੁਣਾਈ ਤਾਂ ਇਸਦੀ ਹਰ ਸਤਰ ਉੱਪਰ ਤਾੜੀਆਂ ਦੀ ਗੂੰਜ਼ ਸੁਣਦੀ ਰਹੀ ਅਤੇ ਅਜੀਬ ਤਰ੍ਹਾਂ ਉਤਸੁਕਤਾ ਨਜ਼ਰ ਆਉਂਦੀ ਰਹੀ। ਵਿਭਾਗ ਦੇ ਮੁਖੀ ਡਾ. ਗਿਆਨ ਪ੍ਰਕਾਸ਼ ਨੇ ਡਾ. ਸੈਫ਼ੀ ਦੀ ਨਵੇਂ ਢੰਗ ਦੀ ਕਵਿਤਾ ਦੀ ਮਹਿਮਾ ਕਰਦਿਆਂ ਇਸ ਕਵਿਤਾ ਨੂੰ ਭਾਰਤੀ ਗਿਆਨ ਪ੍ਰੰਪਰਾ, ਦਾਰਸ਼ਨਿਕਤਾ, ਇਤਿਹਾਸ ਮਿਥਿਹਾਸ, ਸਾਂਝੀਵਾਲਤਾ, ਸੰਸਕ੍ਰਿਤੀ, ਮਾਨਵੀ ਮੁਹੱਬਤ ਤੇ ਕ੍ਰਾਂਤੀ ਦਾ ਅਜੀਬ ਸੰਗਮ ਕਿਹਾ। ਪ੍ਰੋਫ਼ੈਸਰ ਸ਼ੋਭਨਾ ਨਾਰਲੀਕਰ, ਪ੍ਰੋਫ਼ੈਸਰ ਬਾਲਾ ਲਖੇਂਦਰੂ, ਅਸਿ. ਪ੍ਰੋਫ਼ੈਸਰ ਸ਼ਵੇਤਾਂਕ ਮਿਸ਼ਰਾ ਨੇ ਡਾ. ਸੈਫ਼ੀ ਦਾ ਵਿਸ਼ੇਸ਼ ਅਭਿਨੰਦਨ ਅਤੇ ਸਨਮਾਨ ਕੀਤਾ।

