
ਲੁਧਿਆਣਾ 17 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਵਿਖੇ ਅਕਾਦਮਿਕ ਵਰ੍ਹੇ 2026-27 ਲਈ ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵੱਲੋਂ 6 ਕਰੋੜ ਰੁਪਏ ਦੀ ਵਿਦਿਆਰਥੀ ਫੈਲਸ਼ਿਪ ਦਿੱਤੀ ਜਾਵੇਗੀ| ਇਸ ਦਾ ਐਲਾਨ ਅੱਜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਮੀਟਿੰਗ ਹਾਲ ਵਿਖੇ ਡਾ. ਸਤਿਬੀਰ ਸਿੰਘ ਗੋਸਲ ਅਤੇ ਡੀ ਐੱਮ ਸੀ ਸਕਾਲਰਸ਼ਿਪ ਦੇ ਚੇਅਰਮੈਨ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਦੌਰਾਨ ਕੀਤਾ ਗਿਆ| ਇਹ ਫੈਲੋਸ਼ਿਪ ਸੁਰੱਖਿਆ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਦੇ ਬੱਚਿਆਂ ਅਤੇ ਇਕਲੌਤੀ ਲੜਕੀ ਵਰਗ ਵਿਚ ਦਿੱਤੀ ਜਾਵੇਗੀ| ਮੈਰਿਟ ਅਤੇ ਖੇਡਾਂ ਦੇ ਖੇਤਰ ਵਿਚ ਉੱਘੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਵੀ ਇਸ ਸਕਾਲਰਸ਼ਿਪ ਦੇ ਹੱਕਦਾਰ ਹੋਣਗੇ|
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਸਕਾਲਰਸ਼ਿਪ ਦੀ ਵਡਿਆਈ ਕਰਦਿਆਂ ਕਿਹਾ ਕਿ ਇਹ ਯੋਗਦਾਨ ਵਿਦਿਆਰਥੀਆਂ ਨੂੰ ਹੋਰ ਮਿਹਨਤ ਅਤੇ ਲਗਨ ਨਾਲ ਕਾਰਜ ਕਰਨ ਲਈ ਪ੍ਰੇਰਿਤ ਕਰੇਗਾ| ਉਹਨਾਂ ਕਿਹਾ ਕਿ ਹੋਣਹਾਰ ਪਰ ਆਰਥਿਕ ਤੌਰ ਤੇ ਕਮਜ਼ੋਰ ਬੱਚੇ ਆਪਣੀ ਪੜ੍ਹਾਈ ਨੂੰ ਸਨਮਾਨ ਨਾਲ ਪੂਰੀ ਕਰ ਸਕਣਗੇ ਅਤੇ ਮਿਆਰੀ ਸਿਹਤ ਸਿੱਖਿਆ ਦਾ ਹਿੱਸਾ ਬਣਨਗੇ| ਉਹਨਾਂ ਕਿਹਾ ਕਿ ਇਸ ਯੋਜਨਾ ਨਾਲ ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਅਕਾਦਮਿਕ ਮਾਹੌਲ ਵੀ ਬਿਹਤਰ ਬਣੇਗਾ|
ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਕੱਤਰ ਪ੍ਰਬੰਧਕ ਕਮੇਟੀ ਸ੍ਰੀ ਬਿਪਿਨ ਗੁਪਤਾ ਨੇ ਸੰਸਥਾਵਾਂ ਦੇ ਆਪਸੀ ਸੰਪਰਕ ਬਾਰੇ ਗੱਲ ਕਰਦਿਆਂ ਕਿਹਾ ਕਿ ਉਹਨਾਂ ਦੀ ਪ੍ਰਬੰਧਕ ਕਮੇਟੀ ਨੇ ਉੱਚ ਯੋਗਤਾ ਵਾਲੇ ਵਿਦਿਆਰਥੀਆਂ ਦੇ ਸਹਿਯੋਗ ਲਈ ਇਹ ਪਹਿਲਕਦਮੀ ਆਰੰਭੀ ਹੈ| ਸਿਹਤ ਖੇਤਰ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਦੇ ਹੁਨਰ ਨੂੰ ਤਰਾਸ਼ਣ ਵਾਸਤੇ ਸੰਸਥਾ ਹੋਰ ਵੀ ਕਾਰਜ ਕਰਦੀ ਰਹੇਗੀ|
ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਵਾਂਡਰ ਨੇ ਇਸ ਸਕਾਲਰਸ਼ਿਪ ਸਕੀਮ ਨੂੰ ਵਿਦਿਆਰਥੀਆਂ ਵਿਚ ਸਿਹਤਮੰਦ ਮੁਕਾਬਲਾ ਵਧਾਉਣ ਦਾ ਜ਼ਰੀਆ ਕਿਹਾ| ਉਹਨਾਂ ਨੇ ਕਿਹਾ ਕਿ ਲੋੜਵੰਦ ਵਿਦਿਆਰਥੀ ਆਪਣੇ ਪਰਿਵਾਰਾਂ ਉੱਤੇ ਬੋਝ ਬਣੇ ਬਿਨਾਂ ਆਪਣੀ ਪੜ੍ਹਾਈ ਪੂਰੀ ਕਰ ਸਕਣਗੇ| ਡਾ. ਗੋਸਲ ਦੀ ਪ੍ਰਧਾਨਗੀ ਹੇਠ ਸਕਾਲਰਸ਼ਿਪ ਕਮੇਟੀ ਗਠਿਤ ਕੀਤੀ ਗਈ ਜਿਸਦੇ ਕਨਵੀਨਰ ਅਤੇ ਖਜ਼ਾਨਚੀ ਸ਼੍ਰੀ ਮੁਕੇਸ਼ ਕੁਮਾਰ ਹੋਣਗੇ ਅਤੇ ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡੀਨ ਡਾ. ਸੰਦੀਪ ਕੌਸ਼ਲ ਵਿਸ਼ੇਸ਼ ਸਲਾਹਕਾਰ ਵਜੋਂ ਜ਼ਿੰਮੇਵਾਰੀ ਨਿਭਾਉਣਗੇ| ਇਸ ਤੋਂ ਇਲਾਵਾ ਅਕਾਦਮਿਕ ਅਤੇ ਪ੍ਰਸ਼ਾਸਨਿਕ ਅਤੇ ਉਦਯੋਗ ਦੇ ਖੇਤਰ ਵਿੱਚੋਂ ਕੁਝ ਹੋਰ ਨਾਵਾਂ ਨੂੰ ਇਸ ਕਮੇਟੀ ਨਾਲ ਜੋੜਿਆ ਜਾਵੇਗਾ|
ਇਸ ਮੌਕੇ ਡਾ. ਆਸ਼ਿਮਾ ਤਨੇਜਾ ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਔਰਤਾਂ ਦੇ ਰੋਗ ਮਾਹਿਰ ਅਤੇ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ| ਸਮਾਰੋਹ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਕੀਤਾ|

