*ਹੁਨਰਾਂ ਨਾਲ ਆਤਮਨਿਰਭਰ ਬਣਨਗੇ ਲੁਧਿਆਣਾ ਆਬਜ਼ਰਵੇਸ਼ਨ ਹੋਮ ਦੇ ਬੱਚੇ: ਹਿਮਾਂਸ਼ੂ ਜੈਨ*

ਲੁਧਿਆਣਾ, 6 ਜੁਲਾਈ:(ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਰਹਿਨੁਮਾਈ ਹੇਠ ਜੁਵੇਨਾਈਲ ਜਸਟਿਸ ਐਕਟ ਅਧੀਨ ਚੱਲ ਰਹੇ ਆਬਜ਼ਰਵੇਸ਼ਨ ਹੋਮ ਵਿੱਚ ਰਹਿ ਰਹੇ ਬੱਚਿਆਂ ਨੂੰ ਆਤਮਨਿਰਭਰ ਬਣਾਉਣ ਅਤੇ ਉਨ੍ਹਾਂ ਨੂੰ ਰੁਜ਼ਗਾਰਯੋਗ ਹੁਨਰਾਂ ਨਾਲ ਜੋੜਨ ਦੇ ਉਦੇਸ਼ ਨਾਲ ਪੰਜਾਬ ਨੇ ਇੱਕ ਇਤਿਹਾਸਕ ਪਹਿਲ ਕਰਦਿਆਂ ਦੇਸ਼ ਦਾ ਪਹਿਲਾ ਸੂਬਾ ਬਣਨ ਦਾ ਮਾਣ ਹਾਸਲ ਕੀਤਾ ਹੈ, ਜਿਸ ਨੇ ਆਬਜ਼ਰਵੇਸ਼ਨ ਹੋਮਾਂ ਅਤੇ ਸਪੈਸ਼ਲ ਹੋਮਾਂ ਵਿੱਚ ਰਹਿ ਰਹੇ ਬੱਚਿਆਂ ਲਈ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ।
ਇਸ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਦਾ ਰਸਮੀ ਉਦਘਾਟਨ ਸੋਮਵਾਰ ਨੂੰ ਲੁਧਿਆਣਾ ਸਥਿਤ ਆਬਜ਼ਰਵੇਸ਼ਨ ਹੋਮ ਫਾਰ ਬੁਆਇਜ਼ ਵਿਖੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਹਿਮਾਂਸ਼ੂ ਜੈਨ ਆਈ.ਏ.ਐਸ ਨੇ ਕੀਤਾ।
ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਲੁਧਿਆਣਾ ਦੇ ਆਬਜ਼ਰਵੇਸ਼ਨ ਹੋਮ ਵਿੱਚ 85 ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਇਨ੍ਹਾਂ ਵਿੱਚੋਂ 56 ਬੱਚੇ ਹੇਅਰ ਡਰੈਸਰ ਐਂਡ ਸਟਾਈਲਿਸਟ ਅਤੇ 29 ਬੱਚੇ ਸਮਾਰਟਫੋਨ ਅਸੈਂਬਲੀ ਟੈਕਨੀਸ਼ੀਅਨ ਦਾ ਕੋਰਸ ਕਰਨਗੇ। ਇਹ ਕੋਰਸ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਚਲਾਏ ਜਾਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਇਨ੍ਹਾਂ ਬੱਚਿਆਂ ਨੂੰ ਸਿਰਫ਼ ਸੁਰੱਖਿਆ ਅਤੇ ਦੇਖਭਾਲ ਦੇਣਾ ਨਹੀਂ, ਸਗੋਂ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਅਜਿਹੇ ਹੁਨਰਾਂ ਨਾਲ ਲੈਸ ਕਰਨਾ ਹੈ ਜੋ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਅਤੇ ਆਤਮਨਿਰਭਰ ਬਣਾ ਸਕਣ। ਉਨ੍ਹਾਂ ਕਿਹਾ ਕਿ ਆਬਜ਼ਰਵੇਸ਼ਨ ਹੋਮ ਵਿੱਚ ਰਹਿ ਰਹੇ ਬੱਚਿਆਂ ਲਈ ਸਿਖਲਾਈ ਦਾ ਕੇਂਦਰ ਅਨੁਸ਼ਾਸਨ, ਆਤਮ-ਵਿਸ਼ਵਾਸ, ਕੌਂਸਲਿੰਗ ਅਤੇ ਰੁਜ਼ਗਾਰ ਮੁਖੀ ਹੁਨਰ ਹੋਣਗੇ।
ਹਿਮਾਂਸ਼ੂ ਜੈਨ ਨੇ ਬੱਚਿਆਂ ਨੂੰ ਕਿਹਾ ਕਿ ਕੋਈ ਵੀ ਰੁਜ਼ਗਾਰ/ਹੁਨਰ ਛੋਟਾ ਜਾਂ ਵੱਡਾ ਨਹੀਂ ਹੁੰਦਾ। ਉਨ੍ਹਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਪੂਰੀ ਲਗਨ ਨਾਲ ਰੁਜ਼ਗਾਰ/ਹੁਨਰ ਸਿੱਖਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਭਵਿੱਖ ਲਈ ਇੱਕ ਮਜ਼ਬੂਤ ਪੌੜੀ ਮੁਹੱਈਆ ਕਰਵਾਈ ਹੈ ਅਤੇ ਹੁਣ ਇਸ ਮੌਕੇ ਦਾ ਲਾਭ ਉਠਾਉਣਾ ਬੱਚਿਆਂ ਦੀ ਮਿਹਨਤ ਅਤੇ ਸਮਰਪਣ ‘ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਬੱਚੇ ਦਾ ਭਵਿੱਖ ਉਸ ਦੇ ਅਤੀਤ ਨਾਲ ਨਹੀਂ, ਸਗੋਂ ਉਸ ਦੀ ਮਿਹਨਤ, ਹੁਨਰ ਅਤੇ ਇਰਾਦਿਆਂ ਨਾਲ ਤੈਅ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਪੂਰੀ ਕਰਨ ਵਾਲੇ ਬੱਚਿਆਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ ਜਾਣਗੇ।
ਇਸ ਮੌਕੇ ਬੱਚਿਆਂ ਵੱਲੋਂ ਕਿਹਾ ਗਿਆ ਕਿ ਇਹ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਉਨ੍ਹਾਂ ਦੇ ਜੀਵਨ ਵਿੱਚ ਨਵਾਂ ਮੋੜ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਆਪਣੇ ਹੱਥਾਂ ਨਾਲ ਸਿੱਖਿਆ ਗਿਆ ਹੁਨਰ ਜ਼ਿੰਦਗੀ ਭਰ ਕੰਮ ਆਉਂਦਾ ਹੈ ਅਤੇ ਇਹ ਸਿਖਲਾਈ ਭਵਿੱਖ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਖੋਲ੍ਹੇਗੀ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵਰਿੰਦਰ ਸਿੰਘ ਟਿਵਾਣਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮੀਤ ਸਿੰਘ, ਸੁਪਰਡੈਂਟ ਆਬਜ਼ਰਵੇਸ਼ਨ ਹੋਮ ਲੁਧਿਆਣਾ ਹਰਮਨ ਸਿੰਘ ਰਾਣਾ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ, ਲੁਧਿਆਣਾ ਰਵੀਜੋਤ ਕੌਰ, ਜ਼ਿਲ੍ਹਾ ਮੈਨੇਜਰ ਟ੍ਰੇਨਿੰਗ ਐਂਡ ਪਲੇਸਮੈਂਟ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ, ਲੁਧਿਆਣਾ ਪ੍ਰਿੰਸ ਕੁਮਾਰ ਭਾਰਦਵਾਜ, ਜੁਵੇਨਾਈਲ ਜਸਟਿਸ ਬੋਰਡ ਦੇ ਮੈਂਬਰ ਕਮਲਜੀਤ ਕੌਰ, ਚਾਈਲਡ ਵੈਲਫੇਅਰ ਕੌਸਲ ਦੇ ਮੈਂਬਰ ਸਪਨਾ ਮਿੱਤਲ ਅਤੇ ਨਵਪ੍ਰੀਤ ਕੌਰ ਵੀ ਮੌਜੂਦ ਸਨ।

