ਪਰਿਵਾਰ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਦਾ ਲੱਗਾ ਤਾਂਤਾ
ਕੋਟਕਪੂਰਾ, 24 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੁਨੀਆ ਭਰ ਵਿੱਚ ਆਪਣੀ ਸਵਾਦਿਸ਼ਟ ਮਠਿਆਈ ਲਈ ਮਸ਼ਹੂਰ ਢੋਡਾ ਹਾਊਸ ਕੋਟਕਪੂਰਾ ਦੇ ਮਾਲਕ ਸੁਖਦੇਵ ਰਾਜ ਵਿੱਗ (ਵਿਜ) ਦਾ ਅੱਜ ਦਿਹਾਂਤ ਹੋ ਗਿਆ ਹੈ। ਉਹਨਾਂ ਦੇ ਅਕਾਲ ਚਲਾਣੇ ਦੀ ਖ਼ਬਰ ਮਿਲਦਿਆਂ ਹੀ ਪੂਰੇ ਕੋਟਕਪੂਰਾ ਸ਼ਹਿਰ ਅਤੇ ਵਪਾਰਕ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਹਨਾ ਦੇ ਅੰਤਿਮ ਸਸਕਾਰ ਮੌਕੇ ਸਥਾਨਕ ਰਾਮਬਾਗ ਵਿਖੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਭਾਰੀ ਗਿਣਤੀ ਵਿੱਚ ਰਾਜਨੀਤਿਕ, ਵਪਾਰਕ, ਵਿਦਿਅਕ, ਧਾਰਮਿਕ ਅਦਾਰਿਆਂ ਨਾਲ ਸਬੰਧਤ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ। ਸਪੀਕਰ ਸੰਧਵਾਂ ਨੇ ਸੁਖਦੇਵ ਵਿੱਗ ਦੇ ਭਤੀਜੇ ਵਰੁਣ ਵਿੱਗ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਆਖਿਆ ਕਿ ਸੁਖਦੇਵ ਰਾਜ ਵਿੱਗ ਇੱਕ ਉੱਘੇ ਕਾਰੋਬਾਰੀ ਅਤੇ ਬੇਹੱਦ ਮਿਲਾਪੜੇ ਸੁਭਾਅ ਦੇ ਇਨਸਾਨ ਸਨ। ਉਹਨਾਂ ਦੇ ਪਰਿਵਾਰ ਨੇ ਕੋਟਕਪੂਰਾ ਦੇ ਰਵਾਇਤੀ ‘ਢੋਡਾ’ ਦੇ ਸਵਾਦ ਨੂੰ ਸਿਰਫ਼ ਪੰਜਾਬ ਜਾਂ ਭਾਰਤ ਤੱਕ ਹੀ ਸੀਮਤ ਨਹੀਂ ਰੱਖਿਆ, ਬਲਕਿ ਸੱਤ ਸਮੁੰਦਰੋਂ ਪਾਰ ਵਿਦੇਸ਼ਾਂ ਦੀ ਧਰਤੀ ਤੱਕ ਵੀ ਪਹੁੰਚਾਇਆ। ਇਸ ਦੁੱਖ ਦੀ ਘੜੀ ਵਿੱਚ ਇਲਾਕੇ ਦੀਆਂ ਪ੍ਰਮੁੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਸਮੇਤ ਸਮੂਹ ਦੁਕਾਨਦਾਰਾਂ ਤੇ ਵਪਾਰ ਮੰਡਲ ਦੇ ਆਗੂਆਂ ਵੱਲੋਂ ਵਿੱਗ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਪਾਕਿਸਤਾਨ ਦੇ ਜਿਹਲਮ ਦਰਿਆ ਦੇ ਕੰਢੇ ਵਸੇ ਇਕ ਖੁਸ਼ਾਬ ਨਾਮ ਦੇ ਸ਼ਹਿਰ ਦੇ ਵਸਨੀਕ ਪਹਿਲਵਾਨ ਹੰਸ ਰਾਜ ਢੋਡਾ ਨੇ ਭਲਵਾਨੀ ਦੇ ਖੇਤਰ ਵਿੱਚ ਆਪਣਾ ਨਾਮ ਉੱਚਾ ਰੱਖਣ ਦੇ ਮਨੋਰਥ ਨਾਲ ਆਪਣੀ ਸਿਹਤ ਨੂੰ ਸ਼ੇਰ ਵਰਗੀ ਮਜ਼ਬੂਤ, ਚੀਤੇ ਵਰਗੀ ਫੁਰਤੀਲੀ ਤੇ ਹਾਥੀ ਵਰਗੀ ਦਿਓ ਕੱਦ ਬਣਾਉਣ ਵਾਸਤੇ ਬਹੁਤ ਸਾਰੀਆਂ ਤਾਕਤਵਰ ਚੀਜਾਂ ਦੇ ਇਕ ਖ਼ਾਸ ਅਨੁਪਾਤ ਦੇ ਮਿਸ਼ਰਣ ਨਾਲ ਤਿਆਰ ਕਰਕੇ ਢੋਡਾ ਮਠਿਆਈ ਸਾਲ 1912 ਵਿੱਚ ਬਣਾਈ। ਭਲਵਾਨ ਹੰਸ ਰਾਜ ਦਾ ਇਹ ਦਾਅਵਾ ਸੀ ਕਿ ਜੋ ਵੀ ਸ਼ਖਸ਼ ਢੋਡਾ ਮਠਿਆਈ ਨੂੰ ਖਾਵੇਗਾ, ਉਹ ਆਪਣੇ ਜੀਵਨ ਵਿੱਚ ਹਮੇਸ਼ਾਂ ਨਿਰੋਗ ਤੇ ਤੰਦਰੁਸਤ ਰਹੇਗਾ। ਹਿੰਦ-ਪਾਕਿ ਵੰਡ ਮੌਕੇ 1947 ਦੀ ਖੂਨੀ ਹਨੇਰੀ ਮੌਕੇ ਭਲਵਾਨ ਹੰਸ ਰਾਜ ਅਤੇ ਉਹਨਾਂ ਦਾ ਬੇਟਾ ਖੁਸ਼ੀ ਰਾਮ ਆਪਣੀ ਜਾਨ ਬਚਾ ਕੇ ਪਰਿਵਾਰ ਸਮੇਤ ਕੋਟਕਪੂਰੇ ਆਣ ਵਸੇ, ਜਿੱਥੇ ਉਹਨਾਂ ਨੇ ਆਪਣੀ ਮਠਿਆਈ ਵਾਲੀ ਦੁਕਾਨ ਦਾ ਨਾਮ ਢੋਡਾ ਹਾਊਸ ਦੇ ਨਾਮ ’ਤੇ ਰੱਖ ਕੇ ਕਾਰੋਬਾਰ ਸ਼ੁਰੂ ਕੀਤਾ, ਜੋ ਅੱਜ ਵੀ ਦੁਨੀਆਂ ਭਰ ਵਿੱਚ ਬੈਠੇ ਪੰਜਾਬੀਆਂ ਦੀ ਪਸੰਦੀਦਾ ਮਠਿਆਈ ਹੈ।

