ਫਰੀਦਕੋਟ/ਕੋਟਕਪੂਰਾ, 14 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਤਾਜ ਪਬਲਿਕ ਸਕੂਲ ਜੰਡ ਸਾਹਿਬ, ਫਰੀਦਕੋਟ ਵਿਖੇ ਸਾਵਣ ਦੇ ਪਵਿੱਤਰ ਮਹੀਨੇ ਨੂੰ ਸਮਰਪਿਤ ‘ਤੀਆਂ ਦਾ ਤਿਉਹਾਰ’ ਬਹੁਤ ਹੀ ਉਤਸ਼ਾਹ, ਧੂਮਧਾਮ ਅਤੇ ਰੰਗਾ-ਰੰਗ ਤਰੀਕੇ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬ ਦੀਆਂ ਅਮੀਰ ਸੱਭਿਆਚਾਰਕ ਪਰੰਪਰਾਵਾਂ ਅਤੇ ਵਿਰਸੇ ਨਾਲ ਜੋੜਨਾ ਸੀ। ਸਮਾਗਮ ਦੌਰਾਨ ਪੂਰੇ ਸਕੂਲ ਨੂੰ ਪੰਜਾਬੀ ਪੇਂਡੂ ਦਿੱਖ ਦਿੱਤੀ ਗਈ ਸੀ, ਜਿਸ ਵਿੱਚ ਚਰਖੇ, ਫੁਲਕਾਰੀ, ਪੱਖੀਆਂ ਅਤੇ ਘੜੇ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੇ। ਸਕੂਲ ਦੀਆਂ ਵਿਦਿਆਰਥਣਾਂ ਪਰੰਪਰਾਗਤ ਪੰਜਾਬੀ ਪਹਿਰਾਵੇ (ਸੂਟ-ਫੁਲਕਾਰੀ ਅਤੇ ਗਹਿਣਿਆਂ) ਵਿੱਚ ਸਜ-ਧਜ ਕੇ ਪਹੁੰਚੀਆਂ। ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਗਿੱਧੇ ਦੀਆਂ ਧਮਾਲਾਂ, ਬੋਲੀਆਂ ਅਤੇ ਲੋਕ ਗੀਤ ਪੇਸ਼ ਕਰਕੇ ਪੂਰੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ। ਸਕੂਲ ਦੇ ਵਿਹੜੇ ਵਿੱਚ ਪਾਈਆਂ ਪੀਂਘਾਂ ਝੂਟਦਿਆਂ ਮੁਟਿਆਰਾਂ ਨੇ ਸਾਵਣ ਦੇ ਗੀਤ ਗਾਏ। ਸਮਾਗਮ ਦੌਰਾਨ ਮਹਿੰਦੀ ਲਗਾਉਣ, ਮਾਡਲਿੰਗ ਅਤੇ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਬਹੁਰੰਗੀ ਪੇਸ਼ਕਾਰੀ ਅਤੇ ਸ਼ਾਨਦਾਰ ਪਹਿਰਾਵੇ ਦੇ ਆਧਾਰ ‘ਤੇ ਚੁਣੀ ਗਈ ਵਿਦਿਆਰਥਣ ਨੂੰ ‘ਮਿਸ ਤੀਆਂ’ ਦੇ ਖਿਤਾਬ ਨਾਲ ਨਵਾਜਿਆ ਗਿਆ। ਇਸ ਸਮੇਂ ਸਕੂਲ ਚੇਅਰਪਰਸਨ ਮੈਡਮ ਰਮਨਦੀਪ ਕੌਰ ਸੰਧੂ ਨੇ ਸੰਬੋਧਨ ਕਰਦਿਆ ਕਿਹਾ ਕਿ “ਤੀਆਂ ਦਾ ਤਿਉਹਾਰ ਸਾਡੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਅਜਿਹੇ ਸਮਾਗਮ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਅਤੇ ਸਾਡੇ ਅਮੀਰ ਵਿਰਸੇ ਨੂੰ ਸੰਭਾਲਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ।” ਅੰਤ ਮੈਡਮ ਰਮਨਦੀਪ ਕੌਰ ਸੰਧੂ ਅਤੇ ਪ੍ਰਿੰਸੀਪਲ ਡਾ. ਰਜਿੰਦਰ ਕਸ਼ਯਪ ਜੀ ਨੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਵੰਡੇ ਅਤੇ ਸਾਰੇ ਸਟਾਫ਼ ਤੇ ਵਿਦਿਆਰਥੀਆਂ ਨੂੰ ‘ਤੀਆਂ ਦੇ ਤਿਉਹਾਰ’ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਇਸ ਸਮੇਂ ਸਕੂਲ ਦੇ ਚੇਅਰਮੈਨ ਸ. ਹਰਪ੍ਰੀਤ ਸਿੰਘ ਸੰਧੂ ਨੇ ਵੀ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਸਾਰੇ ਸਮੂਹ ਸਟਾਫ ਨੇ ਇਸ ਰੰਗਾਰੰਗ ਪ੍ਰੋਗਰਾਮ ਦਾ ਅਨੰਦ ਮਾਨਿਆ।

