*ਤੀਆਂ ਦਾ ਪ੍ਰਸਿੱਧ ਤਿਉਹਾਰ ਹਰ ਸਾਲ ਸਾਉਣ ਮਹੀਨੇ ਦੀ ਚਾਨਣੀ ਤੀਜ ਤੋਂ ਸ਼ੁਰੂ ਹੋ ਕੇ ਪੰਦਰਾਂ ਦਿਨ ਤੱਕ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ । ਇਸ ਤਿਉਰ ਨੂੰ ਜੇ ਕੁੜੀਆਂ ਚਿੜੀਆਂ ਦਾ ਤਿਉਹਾਰ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਇਸ ਤਿਉਹਾਰ ਨੂੰ ਹਰ ਪਿੰਡ ਹਰ ਸ਼ਹਿਰ ‘ਤੇ ਹਰ ਕਸੇ ਵਿਚ ਸਾਰੀਆਂ ਕੁੜੀਆਂ ਰਲ ਕੇ ਮਨਾਉਂਦੀਆਂ ਹਨ। ਤੀਆਂ ਮੁਟਿਆਰਾਂ ਦੀ ਜਜ਼ਬਾਤਾਂ ਦੇ ਉਛਲੇਵੇਂ ਦਾ ਪ੍ਰਤੀਕ ਮੰਨੀਆਂ ਜਾਂਦਾ ਹੈ । ਉਹ ਆਪਣੇ ਦੁਖ ਦਰਦ ਬੋਲੀਆਂ ਰਾਹੀ ਦੂਸਰੀਆਂ ਮੁਟਿਆਰਾਂ ਨਾਲ ਸਾਂਝੇ ਕਰਦੀਆਂ ਹਨ। ਸਾਉਣ ਮਹੀਨੇ ਨੂੰ ਕੁੜੀਆਂ ਦੇ ਮੇਲ ਮਿਲਾਪ ਦਾ ਮਹੀਨਾਂ ਵੀ ਕਿਹਾ ਜਾਂਦਾ ਹੈ। ਵੱਖੋ ਵੱਖ ਸਹੁਰੇ ਘਰ ਰਹਿੰਦੀਆਂ ਸੱਜ-ਵਿਆਹੀਆਂ ਮੁਟਿਆਰਾਂ ਸਾਉਣ ਮਹੀਨੇ ਆਪਣੇ ਪੇਕੇ ਘਰ ਜਾਂਦੀਆਂ ਹਨ, ਤੀਆਂ ਦੇ ਤਿਉਹਾਰ ਤੇ ਵੀਰ ਆਪਣੀ ਸੱਜ ਵਿਆਹੀ ਭੈਣ ਲਈ ਸੰਧਾਰਾ ਲੈ ਕੇ ਉਸ ਦੇ ਸਹੁਰੇ ਘਰ ਜਾਂਦਾ ਹੈ।
ਸੰਧਾਰੇ ਵਿਚ ਡਿਉਰ, ਰੇਸ਼ਮੀ ਸੂਟ, ਵ ਗਾਂ, ਮਹਿੰ ਦੀ, ਸੰਦੂਰ ਤੇ ਹੋਰ ਸਮੱਗਰੀ ਭੇਜੀ ਜਾਂਦੀ ਹੈ। ਜੇਕਰ ਮੁਟਿਆਰ ਦਾ ਵੀਰ ਸੰਧਾਰਾ ਲੈ ਕੇ ਨਾ ਆਵੇ ਤਾਂ ਉਸ ਦੀ ਸੱਸ ਤਾਹਨਾਂ ਮਾਰਦੀ“ਤੈਨੂੰ ਤੀਆਂ ਨੂੰ ਲੈਣ ਨਾ ਆਏ, ਨੀ ਵੱਡੀਏ ਭਰਾਵਾਂ ਵਾਲੀਏ ।”
ਇਸ ਗੱਲ ਦਾ ਨਵੀਂ ਵਿਆਹੀ ਮੁਟਿਆਰ ਦੇ ਮਨ ਵਿਚ ਕਾਫੀ ਗੁੱਸਾ ਆਉਂਦਾ ਹੈ ਉਹ ਗੁੱਸੇ ਵਿਚ ਕੋਠੇ ਤੇ ਚੜ੍ਹ ਕੇ ਆਪਣੇ ਵੀਰ ਹਸਰਤ ਦੀ ਭਰੀਆਂ ਨਜ਼ਰਾਂ ਨਾਲ ਤੱਕਦੀ ਹੈ। ਦੂਰੋਂ ਆਉਂਦੇ ਵੀਰ ਉਸ ਨੂੰ ਨਜ਼ਰ ਆਉਂਦਾ ਹੈ ਤਾਂ ਉਹ ਖੁਸ਼ੀ ਮਹਿਸੂਸ ਹੋਈ ਦੂਸਰੀਆਂ ਸਹੇਲੀਆਂ ਨੂੰ ਦੱਸਦੀ ਹੈ।
ਹੱਥ ਛੱਤਰੀ ਰੁਮਾਲ ਪੱਲੇ ਸੇਵੀਆਂ, ਨੀ ਆਉਂਦਾ ਮੇਰਾ ਵੀਰ ਕੁੜਿਉ ।
..ਸਾਉਣ ਮਹੀਨਾਂ ਕਿਣ-ਮਿਣ ਕਣੀਆਂ
ਗਲੀਆਂ ਦੇ ਵਿਚ ਗਾਰਾ
ਲੈ ਕੇ ਆਇਆ ਨੀ ਵੀਰ ਮੇਰਾ ਸੰਧਾਰਾ।
ਤੀਆਂ ਦੇ ਤਿਉਹਾਰ ਨੂੰ ਮੌਸਮੀ ਤਿਉਹਾਰ ਵੀ ਕਿਹਾ ਜਾਂਦਾ ਹੈ। ਹਾੜ ਦੇ ਮਹੀਨੇ ਮੀਂਹ ਨਾ ਪੈਣ ਕਾਰ ਸਾਰੀਆਂ ਫਸਲਾਂ ਦੇ ਪੱਤੇ ਮੁਰਝਾਏ ਹੋਏ ਦਿਖਾਈ ਦਿੰਦੇ ਹਨ। ਸਾਰੀ ਕਾਈਨਾਤ ਤ੍ਰਾਹ ਉਠਦੀ ਹੈ। ਇਸ ਲਈ ਤਾਂ ਕਿਸੇ ਮੁਟਿਆਰ ਨੇ ਆਖਿਆ ਹੈ।
ਹਾੜ ਮਹੀਨਾਂ ਉਤੇ ਧੁੱਪ ਧੁੱਪ ਲਾਈ ਏ
ਤੂੰ ਵੇ ਤਾਣ ਛੱਤਰੀ ਜਿਹੜੀ ਲੰਡਨੋਂ ਮੰਗਾਈ ਏ।
ਪਰ ਸਾਉਣ ਮਹੀਨੇ ਮੋਘਲਾ ਵਰਸਣ ਨਾਲ ਸਾਰੀਆਂ ਫਸਲਾਂ ਹਰੀਆਂ ਭਰੀਆਂ ਦਿਖਾਈ ਦਿੰਦੀਆਂ ਹਨ । ਇਸ ਮਹੀਨੇ ਕਿਸਾਨਾਂ ਦੀਆਂ ਫਸਲਾਂ ਉਪਰ ਨਿਖਾਰ ਆਉਣ ਦੇ ਨਾਲ ਨਾਲ ਕੁਝ ਫੁੱਲ ਵੀ ਉਤਰ ਆਉਂਦੇ ਹਨ। ਜਿਸ ਨਾਲ ਕਿਸਾਨ ਵੀ ਖੁਸ਼ੀ ਵਿਚ ਝੂਮ ਉਠਦਾ ਹੈ। ਸਾਉਣ ਮਹੀਨੇ ਦੀ ਕਿਣ-ਮਿਣ ਵਿਚ ਮੌਰ ਵੀ ਖੁਸ਼ੀ ਵਿਚ ਪੈਲਾ ਪਾਉਂਦੇ ਹਨ । ਸਾਰੀ ਕਾਇਨਾਤ ਉਪਰ ਹਰਿਆਵਲ ਹੀ ਹਰਿਆਵਲ ਨਜ਼ਰ ਆਉਂਦੀ ਹੈ। ਇਸ ਮਹੀਨੇ ਨਾਲ ਤੀਆਂ ਦਾ ਬਹੁਤ ਗੂੜਾ ਸਬੰਧ ਹੈ। ਤੀਆਂ ਤੋਂ ਕੁਝ ਦਿਨ ਪਹਿਲਾਂ ਮੁਟਿਆਰਾਂ ਆਪਣੇ ਹੱਥਾਂ ਤੇ ਮਹਿੰਦੀ ਲਗਾਉਂਦੀਆਂ ਹਨ। ਇਸ ਨੂੰ ਸ਼ਗਨ ਸਮਝਿਆ ਜਾਂਦਾ ਹੈ। ਕੁਝ ਮੁਟਿਆਰਾਂ ਸਲਾਈ (ਸੀਖ) ਨਾਲ ਆਪਣੇ ਹੱਥਾਂ ਤੇ ਫੁੱਲ ਬੂਟੇ ਵੱਖ ਵੱਖ ਡਿਜ਼ਾਈਨਾਂ ਨਾਲ ਲਗਾਉਦੀਆਂ ਹਨ। ਜਿਸ ਮੁਟਿਆਰ ਦੇ ਹੱਥ ਤੇ ਜ਼ਿਆਦਾ ਮਹਿੰਦੀ ਚੜ੍ਹ ਜਾਵੇ ਉਸ ਨੂੰ ਦੂਸਰੀਆਂ ਮੁਟਿਆਰਾਂ ਹੱਸਦੀਆਂ ਕਹਿਣ ਲੱਗ ਜਾਂਦੀਆਂ ਹਨ ” ਤੂੰ ਤਾਂ ਸੱਸ ਨੂੰ ਬਹੁਤ ਪਿਆਰੀ ਏ” ਇਸ ਲਈ ਇਥੇ ਮਹਿੰਦੀ ਦੀ ਤਰੀਫ ਕੀਤੀ ਹੈ।
ਮਹਿੰਦੀ, ਮਹਿੰਦੀ, ਮਹਿੰਦੀ।
ਵਿਚ ਬਾਗਾਂ ਦੇ ਰਹਿੰਦੀ
ਬਾਗਾਂ ਵਿਚ ਸਸਤੀ ਮਿਲਦੀ
ਹੱਟਿਉਂ ਮਿਲਦੀ ਮਹਿੰਗੀ ।
ਰਗੜ ਰਗੜ ਕੇ ਲਾਈ ਹੱਥਾਂ ਤੇ,
ਵੋਲਕ ਹੋ ਹੋ ਲਹਿੰਦੀ।
ਮਹਿੰਦੀ ਸ਼ਗਨਾਂ ਦੀ,
ਧੋਤਿਆਂ ਕਦੇ ਨਾ ਲਹਿੰਦੀ।
ਕੁਝ ਲੋਕਾਂ ਦਾ ਵਿਚਾਰ ਹੈ ਕਿ ਸਾਉਣ ਮਹੀਨੇ ਸੱਜ ਵਿਆਹੀ ਮੁਟਿਆਰ ਨੂੰ ਸੱਸ ਦੇ ਕੋਲ ਨਹੀਂ ਰਹਿਣਾ ਚਾਹੀਦਾ। ਇਸ ਨੂੰ ਮਾੜਾ ਸਮਝਿਆ ਜਾਂਦਾ ਹੈ । ਪਰ ਸਿਆਣਿਆਂ ਦਾ ਕਥਨ ਹੈ ਕਿ ਸਾਉਣ ਮਹੀਨਾਂ ਸਿਹਤ ਦੇ ਵਿਕਾਸ ਲਈ ਕਾਫੀ ਅੱਛਾ ਹੈ। ਇਸ ਨੂੰ ਮਾੜਾ ਨਹੀਂ ਸਮਝਣਾ ਚਾਹੀਦਾ । ਕੁੜੀਆਂ ਦੇ ਜਜ਼ਬਾਤਾਂ ਦੇ ਭਾਵਾਂ ਦਾ ਨਾਂ ਹੀ ਤੀਆਂ ਹੈ। ਤੀਆਂ ਸ਼ੁਰੂ ਹੋਣ ਵਾਲੇ ਦਿਨ ਸਾਰੀਆਂ ਕੁੜੀਆਂ ਆਪਣੇ ਕੰਮਾਂ ਕਾਰਾਂ ਤੋਂ ਵਿਹਲੀਆਂ ਹੋ ਕੇ ਕਤਾਰਾਂ ਵਿਚ ਖੁੱਲੇ ਮੈਦਾਨ ਵਿਚ ਜਾਂਦੀਆਂ ਹਨ ਉਥੇ ਬੋਹੜ ਜਾਂ ਪਿੱਪਲ ਦਾ ਹੋਣਾਂ ਜਰੂਰੀ ਹੈ। ਕਿਉਂ ਕਿ ਉਥੇ ਸੱਜ ਵਿਆਹੀਆਂ ਮੁਟਿਆਰਾਂ ਪੀਘਾਂ ਝੂਟਦੀਆਂ ਹਨ ਪੀਘਾਂ ਝੂਟਣ ਨਾਲ ਪੱਤੇ ਅਜੀਬ ਕਿਸਮ ਦੀ ਧੁਨੀ ਕਰਦੇ ਹਨ ਇਸ ਰੋਮਾਂਟਿਕ ਧੁਨੀ ਨਾਲ ਮੁਟਿਆਰਾਂ ਆਪਣੇ ਭਾਵ ਸਾਂਝੇ ਕਰਦੀਆਂ ਹਨ। ਤੀਆਂ ਵਾਲੀ ਜਗ੍ਹਾ ਨੂੰ ਕੁੜੀਆਂ ਸਟੇਜ ਦੇ ਤੌਰ ਤੇ ਵਰਤਦੀਆਂ ਹਨ ਸਾਰੀਆਂ ਮੁਟਿਆਰਾਂ ਇਕ ਗੱਲ ਦਾਇਰੇ ਦੇ ਅੰਦਰ ਆਉਂਦੀਆਂ ਹਨ ਤੇ ਗਿੱਧੇ ਦੀ ਸ਼ੁਰੂਆਤ ਇਕ ਮੁਟਿਆਰ ਕਰਦੀ ਹੈ।
ਬਾਰੀ ਮਹੀਨੀ ਸਾਵਣ ਆਇਆ,
ਸਾਵਣ ਬੜਾ ਸਹਾਵੇ
ਚੜ੍ਹ ਕੋਠੇ ਮੈਂ ਵੇਖਣ ਲੱਗੀ,
ਬਦਲ ਚੜ੍ਹਿਆ ਆਵੇ।
ਹਵਾਵਾਂ ਪੂਰੇ ਦੀਆਂ,
ਮੇਰੀ ਚੁੰਨੀ ਉਡ ਉਡ ਜਾਵੇ।
ਹਵਾਵਾਂ ਪੂਰੇ ਦੀਆਂ.
ਇਸ ਬੋਲੀ ਤੇ ਮੁਟਿਆਰਾਂ ਖੂਬ ਨੱਚਦੀਆਂ ਹਨ ਗਿੱਧਾ ਪਾ ਕੇ ਆਪਣੀ ਜਵਾਨੀ – ਦੇ ਖੂਬ ਜੌਹਰ ਦਿਖਾਉਂਦੀਆਂ ਹਨ ਅਤੇ ਇਸ ਪਿਛੋਂ ਮੁਟਿਆਰਾਂ ਬੋਲੀ ਦਾ ਰੁਖ ਬਦਲ ਲੈਂਦੀਆਂ ਹਨ।
ਸਾਉਣ ਮਹੀਨਾਂ ਦਿਨ ਗਿੱਧੇ ਦਾ ਸੱਭੇ ਸਹੇਲੀਆਂ ਆਈਆਂ
ਭਿੱਜ ਗਈ ਰੂਹ ਮਿੱਤਰਾ, ਸ਼ਾਮ ਘਟਾ ਚੜ ਆਈਆਂ।
ਇਸ ਤਰਾਂ ਬੋਲੀਆਂ ਦਾ ਦੌਰ ਚਲਦਾ ਰਹਿੰਦਾ ਹੈ। ਹਰ ਮੁਟਿਆਰ ਆਪਣਾਂ ਆਪਣਾਂ ਬਦਨ ਗਿੱਧੇ ਤੋਂ ਨਿਸ਼ਾਵਰ ਕਰਦੀ ਹੋਈ ਜਦੋਂ ਪੂਰੀ ਤਰ੍ਹਾਂ ਥੱਕ ਟੁੱਟ ਜਾਂਦੀ ਹੈ ਤਾਂ ਉਸ ਦੀ ਜਗ੍ਹਾ ਨਵੀਂ ਜੋੜੀ ਗਿੱਧੇ ਦੇ ਦਾਇਰੇ ਅੰਦਰ ਦਾਖਲ ਹੋ ਜਾਂਦੀ ਹੈ। ਤੀਆਂ ਵਿਚ ਤਾਂ ਮੁਟਿਆਰਾਂ ਨੂੰ ਨਾ ਸਹੁਰੇ ਤੋਂ ਘੁੱਟ ਕੱਢਣ ਦੀ ਚਿੰਤਾ ਹੁੰਦੀ ਹੈ ਅਤੇ ਨਾ ਹੀ ਸੱਸਾ ਦਾ ਡਰ। ਉਹ ਬਿਲਕੁਲ ਨਿਸੰਗ ਹੋ ਕੇ ਖੂਬ ਨੱਚਦੀ ਹੈ। ਜਿਹਨਾਂ ਮੁਟਿਆਰਾਂ ਦੇ ਕੰਤ ਉਹਨਾਂ ਦੇ ਪਸੰਦ ਨਹੀਂ ਹੁੰਦੇ ਉਹ ਤੀਆਂ ਵਿਚ ਆਪਣੇ ਮਾਪਿਆਂ ਤੇ ਇੰਝ ਗਿਲਾ ਕਰਦੀਆਂ ਹਨ।
ਘਰ ਨੀ ਦੇਖਦੀਆਂ ਵਰ ਨੀ ਦੇਖਦੀਆਂ ਬੇਦਰਦੀ ਏਹ ਮਾਵਾਂ ਨੀ ਬੁੱਢੇ ਜਿਹੇ ਨਾਲ ਵਿਆਹ ਕਰ ਦੇਂਦੀਆਂ, ਦੇ ਕੇ ਚਾਰ ਕੁ ਲਾਵਾਂ ਬਹਿ ਕੇ ਪਟੜੇ ਤੇ ਵੈਣ ਬੁੜ੍ਹੇ ਦੇ ਪਾਵਾ ਜਾਂ ਫਿਰ
ਬਾਬਲ ਮੇਰੇ ਨੇ ਕੰਤ ਸਹੇੜਿਆ ਰੰਗ ਤਵੇ ਤੋਂ ਕਾਲਾ
ਨੀ ਕੁੜੀਆਂ ਮੈਨੂੰ ਮਾਰਨ ਮੇਹਣੇ, ਉਹ ਤੇਰੇ ਘਰਵਾਲਾ ।
ਪ੍ਰੰਤੂ ਇਸ ਦੇ ਬਦਲੇ ਵਿਚ ਦੂਜੀ ਮੁਟਿਆਰ ਬੋਲੀ ਪਾਉਂਦੀ ਹੈ।
ਕੱਚਾ ਧਾਗਾ ਸੁੱਟ ਦਿਉ ਖੂਹ ਵਿਚ ਮਾਹਲ ਬਣ ਬਣ ਆਵੇ।
ਤੀਵੀਂ ਮਾਲਕ ਦਾ, ਰੱਬ ਨਾ ਵਿਛੋੜਾ ਪਾਵੇ ।
ਇਸ ਨਾਲ ਗਿੱਧਾ ਪੂਰਾ ਮਘ ਜਾਂਦਾ ਹੈ, ਗਿੱਧੇ ਦੇ ਪਿੜ ਵਿਚ ਸ਼ਰਾਬੀਆਂ ਦੀ ਤਰ੍ਹਾਂ ਕਿਲਕਾਰੀਆਂ ਵੱਜਦੀਆਂ ਹਨ। ਗਿੱਧੇ ਦੇ ਮੈਦਾਨ ਵਿਚ ਕਿਸੇ ਵੀ ਮੁਟਿਆਰ ਨੂੰ ਆਪਣੀ ਨਣਦ ਦਾ ਡਰ ਨਹੀਂ ਹੁੰਦਾ । ਉਹ ਆਪਣੀ ਨਣਦ ਦੀ ਅਧੀਨੀ ਤੇ ਕਰੜੇ ਵਿਅੰਗ ਕਰਦੀਹੋਈ ਕਹਿੰਦੀ ਹੈ।
ਨਣਦ ਬਛੇਰੀ ਨੂੰ, ਕੋਈ ਹਾਣ ਦਾ ਮੁੰਡਾ ਨਾ ਬਿਆਵੇ ।
ਜਿਥੇ ਨਵੀਂ-ਵਿਆਹੀ ਮੁਟਿਆਰ ਆਪਣੀ ਨਣਦ ਤੇ ਗਿਲਾ ਕਰਦੀ ਨੂੰ ਉਥੇ ਆਪਣੀ ਸੱਸ ਤੇ ਵਿਅੰਗ ਕੱਸਦੀ ਹੋਈ ਦੂਸਰੀਆਂ ਸਹੇਲੀਆਂ ਨੂੰ ਉਪਦੇਸ਼ ਦਿੰਦੀ ਆਖਦੀ ਹੈ।
ਚਿੱਟੀ ਚਿੱਟੀ ਰੂੰ ਕਦੇ ਪਿੰਜਣੀ ਪਊਗੀ।
ਸੱਸ ਨਾ ਸਲਾਹੀਏ, ਕਦੇ ਨਿੰਦਣੀ ਪਊਗੀ।
ਇਸ ਤਰ੍ਹਾਂ ਗਿੱਧਾ ਪੂਰੇ ਜੋਬਨ ਤੇ ਚਲਦਾ ਰਹਿੰਦਾ ਹੈ। ਹਰ ਮੁਟਿਆਰ ਆਪਣੇ ਬਦਨ ਨੂੰ ਤੋੜ ਤੋੜ ਸੁੱਟਦੀ ਹੈ। ਬੋਲੀਆਂ ਦਾ ਦੌਰ ਚਲਦਾ ਰਹਿੰਦਾ ਹੈ। ਕੁਝ ਬੋਲੀਆਂ ਪੇਸ਼ ਨੇ।
ਮਾਪਿਆਂ ਨੇ ਮੈਂ ਰੱਖੀ ਲਾਡਲੀ, ਸਹੁਰੇ ਲਾਈ ਕੰਮ ਵੇ ।
ਮੇਰਾ ਉਡਿਆ ਜ਼ਾਲਮਾਂ, ਸੋਨੇ ਵਰਗਾ ਰੰਗ ਵੇ ।
ਜਿਸ ਮੁਟਿਆਰ ਦਾ ਪਤੀ ਫੌਜ ਜਾਂ ਵਿਦੇਸ਼ ਗਿਆ ਹੁੰਦਾ ਹੈ। ਉਹ ਮੁਟਿਆਰ ਆਪਣੇ ਪਤੀ ਨੂੰ ਇਸ ਤਰ੍ਹਾਂ ਤਾਹਨਾਂ ਮਾਰਦੀ ਕਹਿੰਦੀ ਹੈ।
ਕੱਢ ਕਲੇਜਾ ਕਰ ਲਾਂ ਪੈੜੇ ਹੁਸਣ ਪਲੇਥਣ ਲਾਵਾਂ
ਮੁੜ ਪਉ ਵੇ ਮਾਹੀਆ, ਮੈਂ ਰੋਜ ਔਸੀਆਂ ਪਾਵਾਂ ।
ਸੁਣ ਨੀ ਚਾਚੀਏ, ਸੁਣ ਨੀ ਤਾਈਏ, ਸੁਣ ਵੱਡੀਏ ਭਰਜਾਈਏ। ਧਰਤੀ ਪੁੱਟ ਸੁੱਟੀਏ, ਜਦੋਂ ਗਿੱਧੇ ਵਿਚ ਜਾਈਏ, ਧਰਤੀ
ਜਿਉਂ ਜਿਉਂ ਗਿੱਧਾ ਮਘਦਾ ਹੈ ਨਵੀਆਂ ਵਿਆਹੀਆਂ ਮੁਟਿਆਰਾਂ ਪੰਡਾਲ ਵਿਚ ਨੱਚਦੀਆਂ ਨੱਚਦੀਆਂ ਪਾਗਲ ਹੋ ਜਾਂਦੀਆਂ ਹਨ ਤੀਆਂ ਦੇ ਦਿਨ ਪੰਜਾਬਣਾਂ ਦੀ ਰੂਹ ਦੀ ਖੁਰਾਕ ਹੋ ਨਿਬੜਦੇ ਹਨ। ਇਹ ਤੀਆਂ ਹੀ ਸ ਪੰਜਾਬੀ ਵਿਰਸੇ ਦਾ ਇਕ ਅਨਿਖੜਵਾਂ ਅੰਗ ਹੈ।

— ਲੇਖਕ ਬਲਵਿੰਦਰ ਸਿੰਘ ਔਲਖ
ਪਿੰਡ ਤੇ ਡਾਕ ਔਲਖ (ਫਰੀਦਕੋਟ)
ਫੋਨ: 98159-72534
ਪੇਸ਼ਕਸ :- ਧਰਮ ਪ੍ਰਵਾਨਾਂ ਕਿਲ੍ਹਾ ਨੌਂ ਫਰੀਦਕੋਟ
9876717686
Very good