ਢਾਈ ਘੰਟੇ ਦਾ ਹਵਾਈ ਸਫ਼ਰ..ਨਾਲਦੀ ਸੀਟ ਤੇ ਜਰਮਨ ਮੂਲ ਦੀ ਅੱਧਖੜ ਔਰਤ..ਝਕਦੀ ਹੋਈ ਨੇ ਦਸਤਾਰ ਬਾਰੇ ਕਿੰਨੇ ਸਾਰੇ ਸਵਾਲ ਪੁੱਛਣੇ ਆਰੰਭ ਦਿੱਤੇ..!
ਦਸਤਾਰ ਅੰਦਰ ਹੁੰਦਾ ਕੀ ਹੁੰਦਾ..ਤੇਜ ਹਵਾ ਨਾਲ ਉੱਡਦੀ ਤੇ ਨਹੀਂ..ਭਰ ਗਰਮੀਂ ਵਿਚ ਸਿਰ ਨੂੰ ਚੱਕਰ ਤੇ ਨਹੀਂ ਆਉਂਦੇ..ਵਗੈਰਾ ਵਗੈਰਾ!
ਅੱਗਿਓਂ ਨਾਪ ਤੋਲ ਕੇ ਦਿੱਤੇ ਜੁਆਬ..ਛੇਤੀ ਮਗਰੋਂ ਹੀ ਸੌਂ ਗਈ ਪਰ ਮੈਂ ਜਾਗਦਾ ਰਿਹਾ..ਪੂਰੀ ਉਡਾਣ ਦੌਰਾਨ..ਪੁੱਛੇ ਹੋਇਆਂ ਵਿਚੋਂ ਇੱਕ-ਇੱਕ ਦਾ ਆਪਣੇ ਹਿਸਾਬ ਨਾਲ ਵਿਸ਼ਲੇਸ਼ਣ ਕਰਦਾ ਹੋਇਆ..!
ਮਨ ਨੇ ਆਪਮੁਹਾਰੇ ਹੀ ਜੁਆਬ ਦਿੱਤਾ..ਦਸਤਾਰ ਅੰਦਰ ਕਈਆਂ ਦੀ ਆਣ ਬਾਣ ਇੱਜਤ ਮਾਣ..ਸੰਗ ਸ਼ਰਮ ਤੇ ਆਬਰੂ..ਪੁਰਖਿਆਂ ਦੀ ਨਿਸ਼ਾਨੀ..ਪੱਗ ਵੱਟ ਭਰਾਵਾਂ ਦੇ ਕੌਲ ਕਰਾਰ..ਕਈ ਥਾਂ ਕਾਰੋਬਾਰ ਦਾ ਸਾਧਨ ਵੀ..ਕਈਆਂ ਲਈ ਸਿਆਸਤ ਦੀ ਪੌੜੀ..ਕੁਝ ਲਈ ਜੁੰਮੇਵਾਰੀ ਸਰਦਾਰੀ ਦਾ ਇਹਸਾਸ..!
ਨਵੰਬਰ ਚੁਰਾਸੀ ਵੇਲੇ ਦਿੱਲੀ ਦੀਆਂ ਸੜਕਾਂ ਤੇ ਮੌਤ ਦਾ ਪੈਗਾਮ..ਪਰ ਤਾਂ ਵੀ ਕਈਆਂ ਕੇਸਾਂ ਸਵਾਸਾਂ ਸੰਗ ਨਿਭਾਈ..!ਕਈਆਂ ਲਈ ਡੰਗ ਟਪਾਊ ਅਹੁੜ ਪੌੜ..ਨੰਗੇ ਸਿਰ ਪੰਜਾਬ ਉੱਤਰਦਾ ਮੋਦੀ ਅਤੇ ਸ਼ਾਹ..ਫੇਰ ਭਾਸ਼ਣ ਦੇਣ ਵੇਲੇ ਸਿਰ ਤੇ ਸਜਾਈ ਖੱਟੀ ਦਸਤਾਰ..ਕੇਜਰੀਵਾਲ ਸ਼ਾਹਰੁਖ ਖਾਣ ਸੰਨੀ ਦਿਓਲ..ਘੜੀ ਦੀ ਘੜੀ ਸਿਰ ਤੇ ਮਗਰੋਂ ਅਹੁ ਪਈ ਗੱਡੀ ਦੀ ਡਿੱਕੀ ਵਿਚ..ਕੇਸਰੀ ਵਾਲਾ ਅਕਸ਼ੈ ਉਮਰ..ਸਾਰਾਗੜੀ ਦੇ ਸ਼ਹੀਦ ਦਾ ਰੋਲ..ਸ੍ਰੀ ਅਕਾਲ ਤਖ਼ਤ ਸਾਬ ਦੇ ਧਿਆਨ ਹਿੱਤ..ਕੋਈ ਕ਼ਾਇਦਾ ਕੋਈ ਕਨੂੰਨ ਜਰੂਰ ਬਣੇ!
ਅਨੰਦ ਸੁਰਜੀਤ ਵਰਗੇ ਕਾਮਰੇਡ..ਘੋੜੇ ਨਾਲ ਦੋਸਤੀ ਦੁੰਮ ਨਾਲ ਵੈਰ..ਸਿਧਾਂਤ ਦੀ ਤਿੱਖੀ ਵਿਰੋਧਤਾ ਪਰ ਦਸਤਾਰ ਪੇਚਾਂ ਵਾਲੀ..ਐਨ ਮਾਇਆ ਲਾ ਕੇ..ਚਾਚਾ ਜੀ ਦੱਸਿਆਂ ਕਰਦਾ ਸੱਤਰ ਬਹੱਤਰ ਵੇਲੇ ਬੇਰਿੰਗ ਕਾਲਿਜ ਗੇਟ ਕੋਲ ਸਾਈਕਲ ਸਟੈਂਡ ਤੇ ਖਲੋਤੀ ਰਹਿੰਦੀ ਢਾਣੀ..ਮੁੰਨੀਆਂ ਹੋਈਆਂ ਲਿਟਾਂ ਪੱਗ ਦੇ ਮਗਰੋਂ ਕੱਢ ਕੇ ਰੱਖਣੀਆਂ..ਦਾਹੜੀ ਮੁੰਨੀ ਪਰ ਮੂਛਾਂ ਕੁੰਡੀਆਂ..ਕਿਸੇ ਬੀਬੀ ਨੇ ਸਿਰ ਤੇ ਕੇਸਰੀ ਚੁੰਨੀ ਲਈ ਹੋਣੀ ਤਾਂ ਆਖਣਾ ਕੋਈ ਹੋਰ ਰੰਗ ਦੀ ਲਿਆ ਕਰ..ਪਾਉਣੀ ਵੀ ਗੱਲ ਵਿਚ ਸਿਰ ਤੇ ਨਹੀਂ..ਨਾਲ ਹੀ ਲੈਨਿਨ ਦਾ ਕਿਤਾਬਚਾ ਫੜਾ ਦੇਣਾ..ਇੱਕ ਨੇ ਤਾਂ ਉਚੇਚਾ ਗੁਰੂ ਘਰ ਆਖ ਕੇ ਅਉਣਾ..ਸਪੀਕਰ ਦਾ ਮੂੰਹ ਦੂਜੇ ਬੰਨੇ ਰੱਖਿਆ ਕਰੋ..!
ਕੇ ਪੀ ਗਿੱਲ,ਅਜੀਤ ਸੰਧੂ,ਪੂਹਲਾ,ਗੁਰਮੇਲ ਬਾਈ,ਨਰਿੰਦਰ ਮੱਲੀ,ਸੂਬਾ ਸਰਹੰਦ,ਮਾਨੋਚਾਹਲ ਇੰਸਪੈਕਟਰ,ਤੇਗ ਬਹਾਦੁਰ,ਬੂਟਾ ਸਿੰਘ ਗ੍ਰਹਿ ਮੰਤਰੀ,ਸੁਰਜੀਤ ਬਰਨਾਲਾ ਹਰਚੰਦ..ਸੁਖਵਿੰਦਰ ਸਿੰਘ ਇੰਸਪੈਕਟਰ..ਅਜਾਇਬ ਸਿੰਘ..ਦਿਮਾਗ ਚੱਕਰ ਖਾ ਜਾਂਦਾ..ਕਿੰਨਾ ਸੌਖਾ ਬਾਹਰੀ ਤੌਰ ਤੇ ਸਿੱਖ ਬਣਨਾ..!
ਬਟਾਲੇ ਸਿਵਲ ਹਸਪਤਾਲ ਸਾਮਣੇ ਦਵਾਈਆਂ ਦੀ ਦੁਕਾਨ ਤੇ ਕੰਮ ਕਰਦਾ ਵਿਕਰਮ ਚੰਦ..ਚਕਰੀ ਬਾਜ਼ਾਰ ਵਿਚੋਂ ਹਰ ਨਿੱਕਲਦੇ ਵੜਦੇ ਤੇ ਨਜਰ..ਫੇਰ ਮਹਿਕਮੇਂ ਚ ਭਰਤੀ ਕਰ ਲਿਆ ਗਿਆ..ਦਸਤਾਰ ਸਜਾਉਣੀ ਆਰੰਭ ਦਿੱਤੀ..ਫੇਰ ਦਸਾਂ ਬਾਰਾਂ ਸਾਲਾਂ ਵਿਚ ਡੀ.ਐੱਸ.ਪੀ..ਕੈਸਾ ਨਿਜ਼ਾਮ ਹੈ ਇਸ ਮੁਲਖ ਦਾ..ਇਨਸਾਨੀ ਖੂਨ ਦੀ ਥੋਕ ਦੇ ਭਾਅ ਤਿਜਾਰਤ..ਫੇਰ ਸੱਤੇ ਖੈਰਾਂ..!
ਸੰਤ ਬਾਬਾ ਜਰਨੈਲ ਸਿੰਘ ਜੀ ਦਾ ਵੱਡਾ ਭਾਈ..ਜੰਗੀਰ ਸਿੰਘ..ਛੇ ਜੂਨ ਨੂੰ ਸ਼ਹੀਦ ਹੋਣ ਤੋਂ ਪਹਿਲਾ ਨਵੀਂ ਸਜਾਈ ਦਸਤਾਰ..ਅਖੇ ਜੰਝੇ ਚੜਣਾ..ਸਰਬਾਲਾ ਬਣਨਾ..ਫੇਰ ਬਾਲਟੀ ਨਾਲ ਸਿਰ ਢੱਕ ਲਿਆ..ਗੋਲੀ ਵੱਜੀ ਤੇ ਜਿਉਣ ਜੋਗੀ ਢੱਠ ਹੀ ਨਾ ਜਾਵੇ..ਬਾਬੇ ਨੇ ਕਦੇ ਸ਼ੀਸ਼ੇ ਅੱਗੇ ਨਹੀਂ ਸੀ ਬੰਨੀ..ਤਾਂ ਵੀ ਏਨੀ ਰੋਹਬਦਾਰ..ਜੁੰਮੇਵਾਰੀ ਨਾਲ ਲਬਰੇਜ!
ਦਸਤਾਰ ਇੱਕ ਸੂਖਮ ਇਹਸਾਸ..ਇੱਕ ਚਾਅ..ਇੱਕ ਨਿਸ਼ਾਨੀ..ਇੱਕ ਵੰਗਾਰ ਇੱਕ ਵਿਲੱਖਣਤਾ ਇੱਕ ਅਤੀਤ ਇੱਕ ਇਤਿਹਾਸ ਇੱਕ ਭਾਵਨਾ ਜਜਬਾ ਜਾਬਤਾ ਅਤੇ ਡਿਸਿਪਲਿਨ..ਬੰਧਣ..ਗਲਤ ਪਾਸੇ ਜਾਂਦੇ ਕਦਮਾਂ ਨੂੰ ਰੋਕਦੀ ਹੋਈ ਦਸਮ ਪਿਤਾ ਦੀ ਹੂਕ..ਅਵਾਜ..ਇੱਕ ਸੱਦਾ ਇੱਕ ਗੁਹਾਰ..ਸਿੱਖਾ ਗਲਤੀ ਤੇਰੀ ਕੱਲੀ ਦਸਤਾਰ ਨੇ ਕਰਨੀ..ਨਮੋਸ਼ੀ ਹਜਾਰਾਂ ਦਸਤਾਰਾਂ ਨੂੰ ਸਹਿਣੀ ਪੈਣੀ..!
ਬੀਬੀ ਕੁਲਵਿੰਦਰ ਕੌਰ ਧਰਮ ਪਤਨੀ ਭਾਈ ਹਰਜੀਤ ਸਿੰਘ ਖੋਜਕੀਪੁਰ..ਫਰਵਰੀ ਤ੍ਰਿਨਵੇਂ ਵੇਲੇ ਤਰਨਤਾਰਨ ਸੀ.ਆਈ.ਏ ਸਟਾਫ ਵਿਚ ਬੰਦ..ਇੱਕ ਦਿਨ ਉੱਚੇ ਲੰਮੇ ਸਿੰਘ ਦੀ ਮਿਰਤਕ ਦੇਹ ਲਿਆ ਜ਼ੋਰ ਨਾਲ ਭੋਏਂ ਤੇ ਪਟਕਾ ਮਾਰੀ..ਦਸਤਾਰ ਲਹਿ ਗਈ..ਮੈਂ ਸਭਿਆਰੀ ਕੋਲ ਗਈ..ਨਹੀਂ ਸੀ ਪਤਾ ਕੇ ਬਾਬਾ ਮਾਨੋਚਾਹਲ ਏ..ਡਿੱਗੀ ਹੋਈ ਫੇਰ ਤੋਂ ਸਿਰ ਤੇ ਟਿਕਾ ਦਿੱਤੀ..ਖ਼ੂਬੀ ਰਾਮ ਨਾਮ ਦਾ ਅਫਸਰ..ਜ਼ੋਰ ਦੀ ਲੱਤ ਮਾਰੀ..ਦੂਰ ਸੁੱਟ ਦਿਤਾ ਅਖੇ ਤੇਰਾ ਖਸਮ ਲੱਗਤਾ ਹੈ..ਜੋ ਇਤਨਾ ਪਿਆਰ ਸੇ ਸਜਾ ਰਹੀ ਏ..ਮਗਰੋਂ ਸੂਬਾ ਸਰਹੰਦ ਆਇਆ..ਚੇਹਰੇ ਤੇ ਲੋਹੜੇ ਦਾ ਚਾਅ..ਪ੍ਰਾਪਤੀ ਦੀ ਅਥਾਹ ਖੁਸ਼ੀ ਸਾਂਭੀ ਨਾ ਜਾਵੇ..ਫੇਰ ਜੁੱਤੀ ਹੇਠ ਦੇ ਕੇ ਸਿਰ ਸਣੇ ਦਸਤਾਰ ਉਤਾਂਹ ਨੂੰ ਚੁੱਕ ਲਿਆ..ਹਵਾਲਾਤ ਵਿਚ ਬੰਦ ਕੀਤੇ ਸਿੰਘਾਂ ਵੱਲ ਕਰ ਟਿੱਚਰ ਕੀਤੀ ਆਹ ਵੇਖੋ ਓਏ ਤੁਹਾਡਾ ਜਰਨੈਲ..!
ਮੀਡਿਆ ਵੱਲੋਂ ਬਣਾ ਦਿੱਤਾ ਗਿਆ ਖੂੰਖਾਰ ਅਸਲ ਵਿਚ ਸਭ ਤੋਂ ਵੱਧ ਜਾਬਤੇ ਵਾਲਾ ਸਿੰਘ ਸੀ..ਕੋਈ ਵੇਲਾ ਸੀ..ਬੇਇੱਜਤ ਵੀ ਅਸੂਲਾਂ ਵਾਲੇ ਦਾਇਰੇ ਅੰਦਰ ਰਹਿ ਕੇ ਹੀ ਕੀਤਾ ਜਾਂਦਾ..!
ਮੇਰਾ ਦੁਸ਼ਮਣ ਮੇਰੇ ਅਸੂਲੋਂ ਸੇ ਵਾਕਿਫ ਹੈ..ਕਹੀਂ ਜਾਣਾ ਹੋ ਤੋ ਬੱਚੇ ਮੇਰੇ ਯਹਾਂ ਹੀ ਛੋੜ ਜਾਤਾ ਹੈ..!
ਇਹੀ ਭਾਣਾ ਭਾਈ ਗੁਰਦੇਵ ਸਿੰਘ ਕਾਉਂਕੇ ਵੇਲੇ ਵੀ..ਪੋਹ ਮਹੀਨੇ ਦੀ ਅੰਤਾਂ ਦੀ ਠੰਡ..ਖੁੱਲੇ ਆਸਮਾਨ ਹੇਠ ਪਏ ਨਿਰਵਸਤਰ ਸਰੀਰ ਤੇ ਅੰਨਾ ਤਸ਼ੱਦਤ..ਅੰਦਰੋਂ ਲਹੂ ਚੱਲ ਪਿਆ ਤਾਂ ਘੋਟਣੇ ਟਿਚਕਰ ਕੀਤੀ ਓਏ ਤੁਹਾਡੇ ਜਥੇਦਾਰ ਦਾ ਮੂਤ ਨਿੱਕਲ ਗਿਆ!
ਕੁਝ ਅੱਖਰ ਫੋਟੋ ਤੇ..ਇੱਕ ਬਦਨਾਮ ਟਾਰਚਰ ਸੈਂਟਰ ਦੇ ਬਾਹਰ ਬੈਠੇ ਸਿੰਘਾਂ ਦੇ ਵਾਰਸਾਂ ਨੂੰ ਅਕਸਰ ਹੀ ਓਹਲੇ ਜਿਹੇ ਨਾਲ ਪਾਣੀ ਧਾਣੀ ਰੋਟੀ ਟੁੱਕ ਪੁੱਛ ਲੈਂਦਾ ਇੱਕ ਐੱਸ.ਪੀ.ਓ ਜਦੋਂ ਗਾਇਬ ਕਰ ਦਿੱਤਾ ਗਿਆ ਤਾਂ ਲੱਭਣ ਆਏ ਵਾਰਸਾਂ ਨੂੰ ਦਸਤਾਰਧਾਰੀ ਅਫਸਰ ਆਖਣ ਲੱਗਾ ਅੱਤਵਾਦੀਆਂ ਦੀ ਅੱਗੇ ਅਗੇ ਹੋ ਕੇ ਕੀਤੀ ਸੇਵਾ ਹੀ ਉਸਦੇ ਹੱਡਾਂ ਵਿਚ ਬੈਠ ਗਈ..ਹੁਣ ਪਾ ਦਿਓ ਭੋਗ..ਫੁੱਲ ਮਹਿਕਮੇਂ ਨੇ ਤਾਰ ਦਿੱਤੇ!
ਹੱਸਣ ਤੇ ਰੌਣ ਚ ਫ਼ਰਕ ਹੁੰਦਾ..ਜਾਗਣ ਤੇ ਸੌਣ ਚ ਫ਼ਰਕ ਹੁੰਦਾ..ਉੱਤੋਂ ਉੱਤੋਂ ਬੜਾ ਕੁਝ ਲੱਗਦਾ..ਪਰ ਲੱਗਣ ਤੇ ਹੋਣ ਚ ਫ਼ਰਕ ਹੁੰਦਾ..!
ਹਰਪ੍ਰੀਤ ਸਿੰਘ ਜਵੰਦਾ
