ਕੋਟਕਪੂਰਾ, 18 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੇਵਾ, ਸਫ਼ਾਈ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਸੰਦੇਸ਼ ਦਿੰਦਿਆਂ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ, ਹਰੀਨੌਂ ਦੀ ਐਨ.ਐੱਸ.ਐੱਸ. ਯੂਨਿਟ ਦੇ 50 ਵਲੰਟੀਅਰਾਂ ਨੇ ਗੁਰਦੁਆਰਾ ਭਾਈ ਸਾਈਂ ਦਾਸ ਜੀ ਵਿਖੇ ਇੱਕ ਰੋਜ਼ਾ ਸਫ਼ਾਈ ਕੈਂਪ ਲਗਾਇਆ। ਵਲੰਟੀਅਰਾਂ ਨੇ ਗੁਰਦੁਆਰਾ ਸਾਹਿਬ ਨੂੰ ਵਿੱਚੋਂ ਅਤੇ ਇਸਦੇ ਆਲੇ-ਦੁਆਲੇ ਤੋਂ ਸਫ਼ਾਈ ਕਰਕੇ ਨਿਸ਼ਕਾਮ ਸੇਵਾ ਦੀ ਮਿਸਾਲ ਪੇਸ਼ ਕੀਤੀ ਅਤੇ ਸੰਗਤ ਨੂੰ ਸਫ਼ਾਈ ਪ੍ਰਤੀ ਜਾਗਰੂਕ ਰਹਿਣ ਦਾ ਸੰਦੇਸ਼ ਦਿੱਤਾ। ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਸੇਵਾ ਦੀ ਭਾਵਨਾ, ਨਿਮਰਤਾ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਵਲੰਟੀਅਰਾਂ ਨੇ ਸੇਵਾ ਨੂੰ ਮਨੁੱਖਤਾ ਦੀ ਭਲਾਈ ਦਾ ਮਹੱਤਵਪੂਰਨ ਸਾਧਨ ਦੱਸਦਿਆਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਨਿਸ਼ਕਾਮ ਸੇਵਾ ਕਾਰਜਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਇਹ ਸੰਦੇਸ਼ ਦਿੱਤਾ ਕਿ ਸੇਵਾ ਸਿਰਫ਼ ਕਿਸੇ ਇੱਕ ਦਿਨ ਜਾਂ ਸਥਾਨ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਸਗੋਂ ਇਸਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਹ ਕੈਂਪ ਐਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸ਼ਮਿੰਦਰ ਕੌਰ ਦੀ ਅਗਵਾਈ ਹੇਠ ਲਗਾਇਆ ਗਿਆ। ਡੀ.ਪੀ.ਈ. ਜਸਕਰਨ ਸਿੰਘ ਨੇ ਵੀ ਇਸ ਸੇਵਾ ਕਾਰਜ ਵਿੱਚ ਸਹਿਯੋਗ ਦਿੱਤਾ। ਸਕੂਲ ਦੀ ਡਾਇਰੈਕਟਰ-ਪ੍ਰਿੰਸੀਪਲ ਸ੍ਰੀਮਤੀ ਸੁਰਿੰਦਰ ਕੌਰ, ਪ੍ਰਿੰਸੀਪਲ ਸ੍ਰੀਮਤੀ ਸੋਮਾ ਦੇਵੀ ਅਤੇ ਮੈਨੇਜਿੰਗ ਡਾਇਰੈਕਟਰ ਸ. ਬਲਜੀਤ ਸਿੰਘ ਨੇ ਵਲੰਟੀਅਰਾਂ ਵੱਲੋਂ ਕੀਤੇ ਸੇਵਾ ਕਾਰਜ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਸਮਾਜ ਸੇਵਾ ਅਤੇ ਸਫ਼ਾਈ ਮੁਹਿੰਮਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਿੱਚ ਸੇਵਾ ਦੀ ਭਾਵਨਾ ਵਿਕਸਿਤ ਕਰਨਾ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹੈ।

