ਕੋਟਕਪੂਰਾ, 9 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਦੀ ਹੋਣਹਾਰ ਵਿਦਿਆਰਥਣ ਗਗਨਦੀਪ ਸ਼ਰਮਾ ਨੇ ਆਪਣੀ ਮਿਹਨਤ ਲਗਨ ਅਤੇ ਵਿੱਦਿਅਕ ਪ੍ਰਤਿਭਾ ਦੇ ਬਲਬੂਤੇ ਉੱਤੇ ਸਟੈਨਫੋਰਡ ਯੂਨੀਵਰਸਿਟੀ, ਅਮਰੀਕਾ ਵਿੱਚ ਪੀ.ਐਚ.ਡੀ. ਲਈ ਚੋਣ ਹੋਣ ਨਾਲ ਆਪਣੇ ਪਰਿਵਾਰ, ਇਸ ਸੰਸਥਾ, ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਸਕੂਲ ਦੇ ਐਮ ਡੀ ਬਲਜੀਤ ਸਿੰਘ ਨੇ ਦੱਸਿਆ ਕਿ ਗਗਨਦੀਪ ਸ਼ਰਮਾ ਨੇ ਇਸ ਸੰਸਥਾ ਤੋਂ ਨਰਸਰੀ ਤੋਂ 12ਵੀਂ ਤੱਕ ਦੀ ਵਿੱਦਿਆ ਹਾਸਿਲ ਕੀਤੀ, ਜਿਸ ਦੌਰਾਨ ਉਸਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਦਸਵੀਂ ਕਲਾਸ ਦੇ ਨਤੀਜੇ ਵਿੱਚ ਫਰੀਦਕੋਟ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ। ਉਹਨਾਂ ਦੱਸਿਆ ਕਿ ਸਾਲ 2020-21 ਵਿੱਚ ਬਾਰਵੀਂ ਨਾਨ ਮੈਡੀਕਲ ਵਿੱਚ ਉਸਨੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਸਕੂਲ ਦੀ ਵਿਦਿਆਰਥਣ ਗਗਨਦੀਪ ਸ਼ਰਮਾ ਦੀ ਇਸ ਮਾਣਮੱਤੀ ਪ੍ਰਾਪਤੀ ਨਾਲ ਪਿੰਡ ਹਰੀਨੌ ਵਿੱਚ ਖੁਸ਼ੀ ਦੀ ਲਹਿਰ ਹੈ। ਪਰਿਵਾਰਿਕ ਮੈਂਬਰਾਂ ਅਧਿਆਪਕਾਂ ਅਤੇ ਪਿੰਡ ਵਾਸੀਆਂ ਨੇ ਗਗਨਦੀਪ ਨੂੰ ਇਹ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੰਦਿਆਂ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ।ਇਸ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਗਗਨਦੀਪ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਮੁਕਾਮ ਹਾਸਿਲ ਕਰਕੇ ਇਹ ਸਾਬਿਤ ਕੀਤਾ ਹੈ ਕਿ ਦ੍ਰਿੜ ਇਰਾਦੇ ਅਤੇ ਸਖਤ ਮਿਹਨਤ ਨਾਲ ਵਿਦਿਆਰਥੀ ਵਿਸ਼ਵ ਪੱਧਰ ਉੱਤੇ ਆਪਣੀ ਪਛਾਣ ਬਣਾ ਸਕਦੇ ਹਨ, ਉਸ ਦੀ ਇਹ ਪ੍ਰਾਪਤੀ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੀ ਹੈ।ਸਕੂਲ ਦੇ ਡਾਇਰੈਕਟਰ/ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਨੇ ਕਿਹਾ ਕਿ ਗਗਨਦੀਪ ਸ਼ਰਮਾ ਦੀ ਸਟੈਂਡਫੋਰਡ ਯੂਨੀਵਰਸਿਟੀ ਵਿੱਚ ਪੀਐਚਡੀ ਲਈ ਚੋਣ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ ਤੇ ਇਸ ਨਾਲ ਪਿੰਡ ਹਰੀਨੌ ਦੀ ਇਸ ਸੰਸਥਾ ਦਾ ਨਾਮ ਅੰਤਰਰਾਸ਼ਟਰੀ ਪੱਧਰ ਉੱਤੇ ਉੱਚਾ ਹੋਇਆ ਹੈ।
