ਓਲਡ ਇਜ਼ ਗੋਲਡ ਕਲੱਬ ਵੱਲੋਂ ਵਾਤਾਵਰਨ ਸੰਭਾਲ ਦਾ ਹੋਕਾ
ਕੋਟਕਪੂਰਾ, 2 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਓਲਡ ਇਜ਼ ਗੋਲਡ ਕਲੱਬ ਕੋਟਕਪੂਰਾ ਦੇ ਖਜਾਨਚੀ ਪ੍ਰੀਤਮ ਸਿੰਘ ਅਤੇ ਵੀਰਇੰਦਰਜੀਤ ਸਿੰਘ ਪੁਰੀ ਨੇ ਇੱਕ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਵਾਤਾਵਰਨ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਬਣਾਉਣ ਦੇ ਮਕਸਦ ਨਾਲ ਠੇਕੇਦਾਰ ਦਰਸ਼ਨ ਸਿੰਘ ਅਤੇ ਕਲੱਬ ਦੇ ਪ੍ਰਧਾਨ ਰਿਟਾਇਰਡ ਮਾਸਟਰ ਜੋਗਿੰਦਰ ਸਿੰਘ ਦੀ ਪ੍ਰੇਰਨਾ ਸਦਕਾ ਨਵੀਂ ਦਾਣਾ ਮੰਡੀ ਵਿਖੇ ਪਿਛਲੇ ਮਹੀਨੇ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਤਹਿਤ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਆਪਣੇ ਬੱਚਿਆਂ ਦੇ ਜਨਮਦਿਨ ‘ਤੇ ਘੱਟੋ-ਘੱਟ ਇੱਕ ਪੌਦਾ ਜ਼ਰੂਰ ਲਗਾਉਣ। ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਪੰਜਾਬ ਮੰਡੀ ਬੋਰਡ ਦੇ ਜੇ.ਈ. ਸ੍ਰ. ਮਲਕੀਤ ਸਿੰਘ ਵੱਲੋਂ ਆਪਣੇ ਬੇਟੇ ਰਣਜੀਤ ਸਿੰਘ ਦੇ ਜਨਮਦਿਨ ਦੀ ਖ਼ੁਸ਼ੀ ਵਿੱਚ ਦਾਣਾ ਮੰਡੀ ਦੇ ਵਾਟਰ ਵਰਕਸ ਵਿਖੇ ਵੱਖ-ਵੱਖ ਤਰ੍ਹਾਂ ਦੇ ਫਲਦਾਰ ਬੂਟੇ ਲਗਾਏ ਗਏ। ਇਸ ਮੁਹਿੰਮ ਦੀ ਸਫ਼ਲਤਾ ਅਤੇ ਚੜ੍ਹਦੀ ਕਲਾ ਲਈ ਰਿਟਾਇਰਡ ਪੁਲਿਸ ਅਫ਼ਸਰ ਸ੍ਰ. ਅੰਗਰੇਜ਼ ਸਿੰਘ ਨੇ ਆਪਣੀ ਪਰਿਵਾਰਕ ਖ਼ੁਸ਼ੀ ਸਾਂਝੀ ਕਰਦਿਆਂ ਕਲੱਬ ਦੇ ਮੈਂਬਰਾਂ ਨੂੰ ਪਾਰਟੀ ਦਿੱਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਰਿਟਾਇਰਡ ਮਾਸਟਰ ਜੋਗਿੰਦਰ ਸਿੰਘ, ਯਸ਼ਵਿੰਦਰ ਸੇਠੀ ਅਤੇ ਸਮੂਹ ਮੈਂਬਰਾਂ ਵੱਲੋਂ ਸ੍ਰ. ਅੰਗਰੇਜ਼ ਸਿੰਘ ਨੂੰ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਕਲੱਬ ਮੈਂਬਰਾਂ ਦੀ ਹੋਈ ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਜਲਦ ਹੀ ਸਥਾਨਕ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਕੋਟਕਪੂਰਾ ਦੀ ਨਵੀਂ ਦਾਣਾ ਮੰਡੀ ਨੂੰ ਹਰਿਆ-ਭਰਿਆ ਬਣਾਉਣ ਲਈ ਹੋਰ ਠੋਸ ਉਪਰਾਲੇ ਕੀਤੇ ਜਾ ਸਕਣ।

