ਦੇਸੂਮਾਜਰਾ 7 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਸਟੇਟ ਐਵਾਰਡੀ ਵਾਤਾਵਰਨ ਕਾਰਜਕਰਤਾ ਡਾਕਟਰ ਸੁਰਿੰਦਰ ਕੁਮਾਰ ਜਿੰਦਲ ਨੇ ਦੇਸੂਮਾਜਰਾ ਦੇ ਸਰਕਾਰੀ ਪੀ. ਐੱਮ. ਸ਼੍ਰੀ ਸਕੂਲ ਦੀ ਹੈੱਡਮਿਸਟ੍ਰੈੱਸ ਖੁਸ਼ਵਿੰਦਰ ਕੌਰ ਨਾਲ ਉਨ੍ਹਾਂ ਦੇ ਸਕੂਲ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਸਮੇਂ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੁਆਰਾ ਹਾਲ ਵਿੱਚ ਹੀ ਪ੍ਰਕਾਸ਼ਿਤ ਕੀਤਾ ਗਿਆ ਇਕ ਵਿਸ਼ਵਕੋਸ਼ੀ ਸ਼ਬਦਕੋਸ਼, ਜੋ ਕਿ ਵਾਤਾਵਰਨ ਅਤੇ ਜਲਵਾਯੂ-ਤਬਦੀਲੀ ਦੇ ਵਿਸ਼ੇ ਉੱਪਰ ਹੈ, ਸਕੂਲ ਦੀ ਲਾਇਬ੍ਰੇਰੀ ਲਈ ਭੇਂਟ ਕੀਤਾ। ਇਸ ਮੌਕੇ ਖੁਸ਼ਵਿੰਦਰ ਕੌਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਜਲਵਾਯੂ-ਤਬਦੀਲੀ ਅਤੇ ਵਾਤਾਵਰਨ ਬਾਰੇ ਤਕਨੀਕੀ ਜਾਣਕਾਰੀ ਆਮ ਜਨਤਾ ਤੱਕ ਪਹੁੰਚਾਉਣ ਲਈ ਇਹ ਸ਼ਬਦਕੋਸ਼ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਪਹੁੰਚਣਾ ਬਹੁਤ ਚੰਗੀ ਗੱਲ ਹੈ। ਉਨ੍ਹਾਂ ਨੇ ਇੱਛਾ ਪ੍ਰਗਟ ਕੀਤੀ ਕਿ ਜੇਕਰ ਪੰਜਾਬ ਸਰਕਾਰ ਇਸ ਸ਼ਬਦਕੋਸ਼ ਨੂੰ ਵਿੱਕਰੀ ਲਈ ਵੀ ਉਪਲਬਧ ਕਰਵਾ ਦੇਵੇ ਤਾਂ ਉਹ ਸਕੂਲ ਦੀ ਲਾਇਬ੍ਰੇਰੀ ਲਈ ਹੋਰ ਕਾਪੀਆਂ ਵੀ ਆਰਡਰ ਕਰਨਾ ਚਾਹੁਣਗੇ। ਡਾ. ਜਿੰਦਲ ਨੇ ਸਕੂਲ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਇਸ ਮੰਗ ਨੂੰ ਪੰਜਾਬ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਹ ਸ਼ਬਦਕੋਸ਼ ਵਿੱਕਰੀ ਕਾਊਂਟਰਾਂ ‘ਤੇ ਉਪਲਬਧ ਕਰਵਾਉਣ ਲਈ ਯਤਨ ਕੀਤੇ ਜਾ ਸਕਣ। ਇਸ ਸਮੇਂ ਉਨ੍ਹਾਂ ਨਾਲ ਮਾ. ਦਵਿੰਦਰ ਕੁਮਾਰ, ਮੈਡਮ ਸ਼ਿਖਾ, ਅਨੀਤਾ ਅਤੇ ਮਨਪ੍ਰੀਤ ਕੌਰ ਵੀ ਹਾਜ਼ਰ ਸਨ। ਵਰਣਨਯੋਗ ਹੈ ਕਿ ਡਾ. ਜਿੰਦਲ ਵਾਤਾਵਰਨ ਵਿਸ਼ੇ ਉੱਪਰ ਡਾਕਟਰੇਟ ਹਨ ਅਤੇ ਉਹ ਪੰਜਾਬ ਸਰਕਾਰ ਵਲੋਂ ਤਿਆਰ ਕੀਤੇ ਗਏ ਇਹ ਵਿਸ਼ਵਕੋਸ਼ੀ ਸ਼ਬਦਕੋਸ਼ ਸਕੂਲਾਂ-ਕਾਲਜਾਂ ਦੀਆਂ ਲਾਇਬ੍ਰੇਰੀਆਂ ਤੱਕ ਪਹੁੰਚਾਉਣ ਲਈ ਯਤਨਸ਼ੀਲ ਹਨ।

