ਕੋਟਕਪੂਰਾ, 16 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਮੁਕਤਸਰ ਸੜਕ ’ਤੇ ਗੋਬਿੰਦ ਅਸਟੇਟ ਵਿਖੇ ਸਥਿੱਤ ‘ਬਲੂਮਿੰਗਡੇਲ ਸਕੂਲ ਲਈ ਬਹੁਤ ਹੀ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਸਕੂਲ ਦੇ ਛੇਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਅਪਾਰ ਸਿੰਘ ਟੁਰਨਾ ਨੇ ਆਪਣੀ ਅਦੁੱਤੀ ਪ੍ਰਤਿਭਾ ਦੇ ਦਮ ’ਤੇ ਸਕੂਲ, ਆਪਣੇ ਮਾਪਿਆਂ ਅਤੇ ਪੂਰੇ ਇਲਾਕੇ ਦਾ ਨਾਂਅ ਕੌਮਾਂਤਰੀ ਪੱਧਰ ’ਤੇ ਰੋਸ਼ਨ ਕੀਤਾ ਹੈ। ਸਕੂਲ ਮੁਖੀ ਸ਼ਾਹਬਾਜ ਸਿੰਘ ਸੰਧੂ ਅਤੇ ਪਿ੍ਰੰਸੀਪਲ ਹਰਜਿੰਦਰ ਸਿੰਘ ਟੁਰਨਾ ਮੁਤਾਬਿਕ ਬੀਤੀ 9 ਅਤੇ 10 ਅਕਤੂਬਰ ਨੂੰ ਨਵੀਂ ਦਿੱਲੀ ਵਿਖੇ ਕਰਵਾਏ ਗਏ ਵੱਕਾਰੀ ‘ਵਰਲਡ ਸਕਾਲਰਜ਼ ਕੱਪ-2026’ (ਰੀਜਨਲ ਰਾਊਂਡ) ਵਿੱਚ ਅਪਾਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 1 ਗੋਲਡ ਮੈਡਲ (ਸੋਨੇ ਦਾ ਤਗਮਾ) ਅਤੇ 3 ਸਿਲਵਰ ਮੈਡਲ (ਚਾਂਦੀ ਦੇ ਤਗਮੇ) ਆਪਣੇ ਨਾਂਅ ਕੀਤੇ। ਇਸ ਪ੍ਰਤੀਯੋਗਤਾ ਵਿੱਚ ਵੱਖ-ਵੱਖ ਵਿਸ਼ਿਆਂ ’ਤੇ ਬਹਿਸ, ਸਾਂਝੀ ਲਿਖਤ ਅਤੇ ਚੁਣੌਤੀਪੂਰਨ ਕੁਇਜ਼ ਦੇ ਮੁਕਾਬਲੇ ਕਰਵਾਏ ਗਏ ਸਨ, ਜਿੰਨ੍ਹਾਂ ਵਿੱਚ ਅਪਾਰ ਨੇ ਆਪਣੀ ਤਿੱਖੀ ਬੁੱਧੀ, ਗਿਆਨ ਅਤੇ ਕਲਾ ਦਾ ਲੋਹਾ ਮਨਵਾਇਆ। ਉਹਨਾ ਦੱਸਿਆ ਕਿ ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਅਪਾਰ ਸਿੰਘ ਨੇ ਦਸੰਬਰ 2026 ਵਿੱਚ ਜਪਾਨ ਵਿਖੇ ਆਯੋਜਿਤ ਹੋਣ ਵਾਲੇ ਅੰਤਰਰਾਸ਼ਟਰੀ ‘ਗਲੋਬਲ ਰਾਊਂਡ’ ਲਈ ਵੀ ਸਫਲਤਾਪੂਰਵਕ ਕੁਆਲੀਫਾਈ ਕਰ ਲਿਆ ਹੈ। ਇਸ ਆਗਾਮੀ ਗਲੋਬਲ ਰਾਊਂਡ ਵਿੱਚ ਦੁਨੀਆ ਭਰ ਦੇ ਲਗਭਗ 60 ਦੇਸ਼ਾਂ ਦੇ ਚੋਣਵੇਂ ਵਿਦਿਆਰਥੀ ਭਾਗ ਲੈਣਗੇ। ਇਸ ਪ੍ਰਾਪਤੀ ’ਤੇ ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਸਾਹਿਬਾਨ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਅਪਾਰ ਸਿੰਘ, ਉਸ ਦੇ ਮਾਪਿਆਂ ਅਤੇ ਉਸ ਨੂੰ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ।
