ਕੋਟਕਪੂਰਾ, 4 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਫ਼ਰੀਦਕੋਟ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਾਜਨ ਨਾਰੰਗ ਨੇ ਅੱਜ ਇੱਥੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਨੂੰ ਨਸ਼ਾ ਮੁਕਤ ਅਤੇ ਤੰਦਰੁਸਤ ਬਣਾਉਣ ਲਈ ਇੱਕ ਵੱਡੀ ਮੁਹਿੰਮ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ‘ਚਲੋ ਮਿਲ ਕੇ ਬਣਾਈਏ ਨਸ਼ਾ ਮੁਕਤ ਪੰਜਾਬ’ ਦੇ ਨਾਅਰੇ ਹੇਠ ਸਾਨੂੰ ਸਾਰਿਆਂ ਨੂੰ ਸੂਬੇ ਦੇ ਹੱਕ ਵਿੱਚ ਖੜ੍ਹੇ ਹੋਣ ਦੀ ਲੋੜ ਹੈ, ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਤੰਦਰੁਸਤ ਬਣਾ ਕੇ ਇੱਕ ਖੁਸ਼ਹਾਲ ਸੂਬੇ ਦੀ ਸਿਰਜਣਾ ਕੀਤੀ ਜਾ ਸਕੇ। ਰਾਜਨ ਨਾਰੰਗ ਨੇ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਸਮਾਂ ਆ ਗਿਆ ਹੈ ਜਦੋਂ ਸਾਨੂੰ ਨਸ਼ਿਆਂ ਵਿਰੁੱਧ ਇੱਕਜੁੱਟ ਹੋ ਕੇ ਆਪਣੇ ਰੰਗਲੇ ਪੰਜਾਬ ਨੂੰ ਬਚਾਉਣਾ ਪਵੇਗਾ। ਉਨ੍ਹਾਂ ਨੌਜਵਾਨੀ ਨੂੰ ਅਪੀਲ ਕੀਤੀ ਕਿ ‘ਨਸ਼ੇ ਛੱਡੋ-ਜ਼ਿੰਦਗੀ ਜੋੜੋ’ ਦੇ ਸਿਧਾਂਤ ਨੂੰ ਅਪਣਾਉਣ, ਕਿਉਂਕਿ ਨਸ਼ਿਆਂ ਤੋਂ ਬਚਾਅ ਹੀ ਇੱਕ ਸੁਰੱਖਿਅਤ ਪਰਿਵਾਰ ਦੀ ਨੀਂਹ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿਹਤਮੰਦ ਨੌਜਵਾਨ ਹੀ ਇੱਕ ਸਮਰੱਥ ਪੰਜਾਬ ਦਾ ਨਿਰਮਾਣ ਕਰ ਸਕਦੇ ਹਨ। ਰਾਜਨ ਨਾਰੰਗ ਨੇ ਅੱਗੇ ਆਖਿਆ ਕਿ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸਿੱਖਿਆ, ਖੇਡਾਂ ਅਤੇ ਰੁਜ਼ਗਾਰ ਸਾਡੇ ਮੁੱਖ ਹਥਿਆਰ ਹਨ, ਕਿਉਂਕਿ ਜੇਕਰ ਨੌਜਵਾਨਾਂ ਨੂੰ ਚੰਗੀ ਸਿੱਖਿਆ, ਖੇਡ ਮੈਦਾਨ ਅਤੇ ਰੁਜ਼ਗਾਰ ਦੇ ਬਿਹਤਰ ਮੌਕੇ ਮਿਲਣਗੇ, ਤਾਂ ਉਹ ਆਪਣੇ-ਆਪ ਨਸ਼ਿਆਂ ਦੇ ਕੋਹੜ ਤੋਂ ਦੂਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਟੀਚਾ ਹਰ ਪਿੰਡ ਅਤੇ ਹਰ ਸ਼ਹਿਰ ਨੂੰ ਨਸ਼ਾ ਮੁਕਤ ਕਰਨਾ ਹੈ। ਉਨ੍ਹਾਂ ਸਾਰਿਆਂ ਨੂੰ ‘ਨਸ਼ਿਆਂ ਨੂੰ ਨਾਹ-ਜ਼ਿੰਦਗੀ ਨੂੰ ਹਾਂ’ ਦਾ ਪੱਕਾ ਇਰਾਦਾ ਧਾਰਨ ਕਰਨ ਦੀ ਅਪੀਲ ਕੀਤੀ।

