ਨਾਮਧਾਰੀ (ਕੂਕੇ) ਸੰਪਰਦਾ ਦੇ ਇੱਕ ਧੜੇ ਦੇ ਮੁਖੀ ਅਖਵਾਉਂਦੇ ਠਾਕੁਰ ਦਲੀਪ ਸਿਹੁੰ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉੱਤੇ ਮੁੜ ਸਿਧਾਂਤਕ ਹਮਲੇ ਕੀਤੇ ਹਨ। ਇਸ ਬੂਬਨੇ ਵੱਲੋਂ ਕਦੇ ਸਿੱਖਾਂ ਨੂੰ ਹਿੰਦੂ ਕਿਹਾ ਜਾਂਦਾ ਹੈ ਤੇ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਚੈਲੰਜ ਕੀਤਾ ਜਾਂਦਾ ਹੈ। ਭਾਜਪਾ ਅਤੇ ਆਰ.ਐਸ.ਐਸ. ਦਾ ਹੱਥਠੋਕਾ ਬਣਿਆ ਠਾਕੁਰ ਦਲੀਪ ਸਿਹੁੰ ਸਿੱਖਾਂ ਨੂੰ ਚਿੜਾਉਣ ਦਾ ਹਰ ਯਤਨ ਕਰਦਾ ਰਹਿੰਦਾ ਹੈ ਤੇ ਦੂਜੇ ਪਾਸੇ ਐਨ.ਆਈ.ਏ. ਨੇ ਬੀਬੀ ਚੰਦ ਕੌਰ ਦੇ ਕਤਲ ਅਤੇ ਹੋਰ ਕੇਸਾਂ ਵਿੱਚ ਠਾਕੁਰ ਦਲੀਪ ਸਿਹੁੰ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ।
ਸਿੱਖ ਕੌਮ ਦੇ ਜਜ਼ਬਾਤਾਂ ਨੂੰ ਭੜਕਾ ਕੇ ਠਾਕੁਰ ਦਲੀਪ ਸਿਹੁੰ ਭਾਰਤੀ ਨਿਜ਼ਾਮ ਅਤੇ ਹਿੰਦੂਤਵੀਆਂ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ ਤੇ ਆਪਣੇ ਕੇਸਾਂ ਤੋਂ ਕਿਸੇ ਤਰ੍ਹਾਂ ਛੁਟਕਾਰਾ ਪਾਉਣਾ ਚਾਹੁੰਦਾ ਹੈ। ਠਾਕੁਰ ਦਲੀਪ ਸਿਹੁੰ ਜੋ ਆਪਣੀ ਗੰਦੀ ਅਤੇ ਜ਼ਹਿਰ ਉਗਲਵੀਂ ਜ਼ੁਬਾਨ ਨਾਲ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਧਾਰਮਿਕ ਪੁਸਤਕ ਆਖ ਰਿਹਾ ਹੈ ਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਤੋਂ ਵੀ ਇਨਕਾਰੀ ਹੈ, ਏਹੀ ਹਾਲ ਇਸ ਦੇ ਚੇਲਿਆਂ-ਚਾਪਲੂਸਾਂ ਦਾ ਹੈ।
ਠਾਕੁਰ ਦਲੀਪ ਸਿਹੁੰ ਹੋਵੇ ਜਾਂ ਦੂਜੇ ਧੜੇ ਦਾ ਉਦੈ ਸਿਹੁੰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੱਦੀ ਲਾ ਕੇ ਆਪਣੇ ਉੱਤੇ ਚੰਦੋਆ ਲਗਾਉਂਦੇ ਅਤੇ ਚੌਰ ਕਰਵਾਉਂਦੇ ਹਨ ਤੇ ਖ਼ੁਦ ਨੂੰ ਮੌਜੂਦਾ ਗੁਰੂ ਅਖਵਾਉਂਦੇ ਹਨ, ਵਿਆਹ ਸਮੇਂ ਅੱਗ ਦੇ ਦੁਆਲੇ ਫੇਰੇ ਲੈਂਦੇ ਹਨ, ਹਵਨ ਅਤੇ ਹੋਰ ਹਿੰਦੂ ਕਰਮ-ਕਾਂਡ ਵੀ ਕਰਦੇ ਹਨ।
ਨਾਮਧਾਰੀ ਸੰਪਰਦਾ ਦੇ ਮੁਖੀ ਬਾਬਾ ਰਾਮ ਸਿੰਘ ਜੀ ਨੇ ਖ਼ਾਲਸਾ ਪੰਥ ਲਈ ਬੜੀ ਵੱਡੀ ਘਾਲਣਾ ਘਾਲੀ ਸੀ, ਉਹਨਾਂ ਨੇ ਆਪਣੇ ਆਪ ਨੂੰ ਕਦੇ ਗੁਰੂ ਵੀ ਨਹੀਂ ਸੀ ਅਖਵਾਇਆ ਤੇ ਖ਼ਾਲਸਾ ਰਾਜ ਦੀ ਬਹਾਲੀ ਲਈ ਅੰਗਰੇਜ਼ ਸਾਮਰਾਜ ਵਿਰੁੱਧ ਤਕੜਾ ਸੰਘਰਸ਼ ਕੀਤਾ ਸੀ। ਸਿੱਖ ਕੌਮ ਉਹਨਾਂ ਦਾ ਸਤਿਕਾਰ ਕਰਦੀ ਹੈ ਪਰ ਨਾਮਧਾਰੀ ਸੰਪਰਦਾ ਵਾਲੇ ਬਾਬਾ ਰਾਮ ਸਿੰਘ ਜੀ ਨੂੰ ਵੀ ਇੱਕ ਕੋਝੀ ਸਾਜ਼ਿਸ਼ ਤਹਿਤ ਸਤਿਗੁਰੂ ਪੇਸ਼ ਕਰਕੇ ਅਗਾਂਹ ਆਪਣੀਆਂ ਗੱਦੀਆਂ ਚਲਾ ਰਹੇ ਹਨ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ ਜੋਤਿ ਸਮਾਉਣ ਤੇ ਬਾਬਾ ਬਾਲਕ ਸਿੰਘ ਨੂੰ ਗੁਰਤਾ-ਗੱਦੀ ਸੌਂਪਣ ਦੀਆਂ ਕਈ ਗਪੌੜ ਕਹਾਣੀਆਂ ਜੋੜੀ ਬੈਠੇ ਹਨ।
ਜਦ ਕਿ ਸਮੁੱਚਾ ਸੰਸਾਰ ਜਾਣਦਾ ਹੈ ਕਿ ਦਸਮੇਸ਼ ਪਿਤਾ ਜੀ ਸੰਨ 1708 ਵਿੱਚ ਸ੍ਰੀ ਹਜ਼ੂਰ ਸਾਹਿਬ (ਨੰਦੇੜ) ਵਿਖੇ ਦੇਹਧਾਰੀ ਪ੍ਰਥਾ ਨੂੰ ਖ਼ਤਮ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਹਮੇਸ਼ਾਂ ਲਈ ਗੁਰਤਾ-ਗੱਦੀ ਸੌਂਪ ਗਏ ਸਨ। ਅਖ਼ੀਰ ਸਮੇਂ ਗੁਰੂ ਸਾਹਿਬ ਦੇ ਇਤਿਹਾਸਕ ਬਚਨ ਸਨ:- “ਗੁਰਿਆਈ ਕਾ ਤਾ ਪਾਹੁਤਾ ਅੰਤ, ਦਸ ਜਾਮੇਂ ਕਹੇ ਥੇ ਗੁਰ ਨਾਨਕ ਭਗਵੰਤ।” ਸਿੱਖਾਂ ਨੇ ਪੁੱਛਿਆ “ਗਰੀਬ ਨਿਵਾਜ਼ ਸਿੱਖ ਸੰਗਤ ਤੇਰੀ ਇਸ ਦਾ ਕੀ ਹਵਾਲ।” ਪਾਤਸ਼ਾਹ ਜੀ ਨੇ ਕਿਹਾ “ਸ਼ਬਦ ਹੈ ਗੁਰੂ, ਲੜ ਪਕੜੋ ਅਕਾਲ।”
ਗੁਰੂ ਸਾਹਿਬ ਨੇ ਹੁਕਮ ਕੀਤਾ “ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ। ਸਭ ਸਿੱਖਨਿ ਕੋ ਹੁਕਮਿ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨੀਐ, ਪ੍ਰਗਟ ਗੁਰਾਂ ਕੀ ਦੇਹ। ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸਬਦ ਮੈ ਲੇਹ।”
ਇਸ ਇਤਿਹਾਸਕ ਘਟਨਾ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਕ ਦਸ ਗੁਰੂ ਸਾਹਿਬਾਨਾਂ ਨੇ ਸ਼ਬਦ ਗੁਰੂ ਦਾ ਹੀ ਪ੍ਰਚਾਰ ਕੀਤਾ ਸੀ। ਗੁਰਬਾਣੀ ਵਿੱਚ ਅਨੇਕਾਂ ਥਾਂਈਂ ਹਵਾਲੇ ਹਨ ਜਿਵੇਂ ਕਿ “ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।। ਗੁਰੁਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।।” “ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿ ਜਨਾਵੈਗੋ।” ਭਾਈ ਗੁਰਦਾਸ ਜੀ ਵੀ ਲਿਖਦੇ ਹਨ “ਸਬਦ ਗੁਰੂ ਗੁਰੁ ਜਾਣੀਐ ਗੁਰਮੁਖਿ ਹੋਇ ਸੁਰਤਿ ਧੁਨਿ ਚੇਲਾ।।” “ਪਾਰਬ੍ਰਹਮੁ ਗੁਰ ਸਬਦੁ ਹੈ ਨਿਝਰ ਧਾਰ ਵਰ੍ਹੈ ਗੁਣ ਗੁਝੈ।।” ਇਹ ਗੁਰਬਾਣੀ ਗੁਰੂ ਸਰੂਪ ਹੈ।
ਜਦੋਂ ਸਾਰੇ ਗੁਰੂ ਸਾਹਿਬਾਨ ਗੁਰਬਾਣੀ ਨੂੰ ਖ਼ੁਦ ਗੁਰੂ ਰੂਪ ਜਾਣ ਕੇ ਸਤਿਕਾਰ ਕਰਦੇ ਰਹੇ, ਮੱਥਾ ਟੇਕਦੇ ਰਹੇ ਅਤੇ ਸ਼ਬਦ ਗੁਰੂ ਦਾ ਹੀ ਪ੍ਰਚਾਰ ਕਰਦੇ ਰਹੇ ਤਾਂ ਇਹ ਠਾਕੁਰ ਦਲੀਪ ਸਿਹੁੰ ਵਰਗੇ ਕੌਣ ਹੁੰਦੇ ਨੇ ਸਾਡੇ ਗੁਰੂ ਸਾਹਿਬ ਉੱਤੇ ਉਂਗਲੀਆਂ ਚੁੱਕਣ ਵਾਲੇ ਅਤੇ ਗੁਰਮਤਿ ਦੇ ਸਿਧਾਂਤ ਤੇ ਸਿੱਖ ਇਤਿਹਾਸ ਨੂੰ ਵਿਗਾੜਨ ਵਾਲੇ।
ਇਹ ਸਿੱਖਾਂ ਨੂੰ ਮੱਤਾਂ ਦੇਣ ਦੀ ਥਾਂ ਸਗੋਂ ਆਪਣੇ ਸਿਰ ਵਿੱਚ ਪਾਣੀ ਪਾ ਕੇ ਖ਼ੁਦ ਹੋਸ਼ ਵਿੱਚ ਆਉਣ ਤੇ ਆਪਣੇ ਆਪ ਨੂੰ ਗੁਰੂ ਅਖਵਾਉਣ ਦਾ ਝੱਲ ਖਿਲਾਰਨਾ ਬੰਦ ਕਰਨ। ਸਿੱਖਾਂ ਨੂੰ ਤਾਂ ਚੰਗੀ ਤਰ੍ਹਾਂ ਪਤਾ ਹੈ ਕਿ ਉਹਨਾਂ ਦਾ ਗੁਰੂ ਕੌਣ ਹੈ ਤੇ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਹਮੇਸ਼ਾਂ ਆਪਣਾ ਗੁਰੂ ਮੰਨਣਾ ਹੈ, ਭਾਵੇਂ ਉਹਨਾਂ ਦੀ ਬਰਾਬਰੀ ਕਰਨ ਲਈ ਸਰਕਾਰਾਂ ਦੀ ਸ਼ਹਿ ‘ਤੇ ਜਿੰਨੇ ਮਰਜ਼ੀ ਦੇਹਧਾਰੀ ਗੁਰੂਆਂ ਦੇ ਵੱਗ ਤੁਰੇ ਫਿਰਨ।
ਇਹ ਪਖੰਡੀ ਸਾਧ ਆਪਣੇ ਆਪ ਨੂੰ ਗੁਰੂ ਹੋਣਾ ਸਿੱਧ ਕਰਨ ਲਈ ਸੌ-ਸੌ ਪਾਪੜ ਵੇਲ ਰਹੇ ਹਨ ਤੇ ਸ਼ਬਦ ਗੁਰੂ ‘ਤੇ ਅਕਸਰ ਹੀ ਟੀਕਾ ਟਿੱਪਣੀ ਕਰਦੇ ਰਹਿੰਦੇ ਹਨ। ਗੁਰੂ ਸਾਹਿਬ ਨੇ ਇਹੋ ਜਿਹੇ ਭੇਖੀਆਂ ਕੋਲ਼ੋਂ ਸਾਡਾ ਖਹਿੜਾ ਛੁਡਾਇਆ ਸੀ ਪਰ ਇਹ ਫਿਰ ਕਈ ਤਰ੍ਹਾਂ ਦੇ ਅਡੰਬਰ ਰਚ ਕੇ ਭੋਲ਼ੇ-ਭਾਲ਼ੇ ਲੋਕਾਂ ਨੂੰ ਚਿੰਬੜੇ ਫਿਰਦੇ ਹਨ। ਇਹ ਠਾਕੁਰ ਦਲੀਪ ਸਿਹੁੰ ਵਰਗੇ ਜੋ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਹਨ, ਇਹ ਆਪ ਤਾਂ ਡੁੱਬਣਗੇ ਹੀ ਤੇ ਚੇਲਿਆਂ ਨੂੰ ਵੀ ਨਾਲ ਡੋਬ ਦੇਣਗੇ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤ-ਜੋਤਿ, ਹਾਜ਼ਰ-ਨਾਜ਼ਰ, ਚਵਰ-ਛਤਰ-ਤਖ਼ਤ ਦੇ ਮਾਲਕ ਤੇ ਪ੍ਰਤੱਖ ਸਤਿਗੁਰੂ ਹਨ। ਸਮੁੱਚਾ ਸਿੱਖ ਜਗਤ ਅਤੇ ਸੰਸਾਰ ਗੁਰੂ ਸਾਹਿਬ ਨੂੰ ਨਤਮਸਤਕ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ, ਮੱਥਾ ਟੇਕਣਾ, ਮੰਨਣਾ-ਪੂਜਣਾ ਅਤੇ ਗੁਰਬਾਣੀ ਪੜ੍ਹਨਾ ਅਕਾਲ ਪੁਰਖ ਦੇ ਹੀ ਦਰਸ਼ਨ ਕਰਨ, ਮੱਥਾ ਟੇਕਣ, ਮੰਨਣ-ਪੂਜਣ ਅਤੇ ਵਾਹਿਗੁਰੂ ਨਾਲ ਬਚਨ ਸਾਂਝੇ ਕਰਨ ਦੇ ਬਰਾਬਰ ਹੈ।
ਇਹ ਕੋਈ ਆਮ ਪੁਸਤਕ ਜਾਂ ਧਾਰਮਿਕ ਕਿਤਾਬ ਨਹੀਂ ਹੈ, ਇਹ ਸਾਡੇ ਮੌਜੂਦਾ ਅਤੇ ਜੁੱਗੋ-ਜੁੱਗ ਅਟੱਲ ਗੁਰੂ ਸਾਹਿਬ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਬਾਕੀ ਸੰਸਾਰ ਦੇ ਸਾਰੇ ਧਰਮਾਂ ਦੇ ਗ੍ਰੰਥਾਂ ਨਾਲੋਂ ਉੱਚਾ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਤਾ ਗੱਦੀ ਉੱਤੇ ਬਿਰਾਜਮਾਨ ਹਨ ਤੇ ਬਾਕੀ ਧਰਮਾਂ ਦੇ ਕਿਸੇ ਵੀ ਗ੍ਰੰਥ ਨੂੰ ਗੁਰੂ ਦਾ ਦਰਜਾ ਪ੍ਰਾਪਤ ਨਹੀਂ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾ ਤਾਂ ਅਚੇਤਨ (ਜੜ੍ਹ) ਹਨ ਅਤੇ ਨਾ ਹੀ ਗੁਰੂ ਸਾਹਿਬ ਨੂੰ ਮੱਥਾ ਟੇਕਣਾ ਬੁੱਤ-ਪ੍ਰਸਤੀ ਹੈ। ਬੁੱਤ ਤਾਂ ਕੋਈ ਗਿਆਨ ਵੀ ਨਹੀਂ ਦਿੰਦਾ ਤੇ ਨਾ ਹੀ ਉਸ ਤੋਂ ਕੁਝ ਹੋਰ ਪ੍ਰਾਪਤ ਕੀਤਾ ਜਾ ਸਕਦਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਪੜ੍ਹ ਕੇ ਅਕਾਲ ਪੁਰਖ ਅਤੇ ਬ੍ਰਹਿਮੰਡ ਦੇ ਭੇਦਾਂ, ਪ੍ਰਭੂ-ਭਗਤੀ, ਅਧਿਆਤਮਕ, ਰੂਹਾਨੀਅਤ, ਦੁਨਿਆਵੀਂ ਅਤੇ ਹਰ ਪ੍ਰਕਾਰ ਦਾ ਗਿਆਨ ਪ੍ਰਾਪਤ ਹੁੰਦਾ ਹੈ। ਗੁਰਬਾਣੀ ਸਾਨੂੰ ਜੀਵਨ ਜਾਚ ਵੀ ਸਿਖਾਉਂਦੀ ਹੈ।
ਗੁਰੂ ਸਾਹਿਬ ਜੀ ਨਾਮ ਰੂਪ, ਸ਼ਬਦ ਗੁਰੂ ਤੇ ਲਿਖਤ ਰੂਪ ਵਿੱਚ ਹਨ ਤੇ ਇਸ ਸੰਸਾਰ ਦੀ ਰਚਨਾ ਕਰਨ ਵਾਲੇ ਹਨ। ਗੁਰਬਾਣੀ ਦਾ ਫੁਰਮਾਨ ਹੈ :- “ਨਾਮ ਕੇ ਧਾਰੇ ਸਗਲੇ ਜੰਤ।। ਨਾਮ ਕੇ ਧਾਰੇ ਖੰਡ ਬ੍ਰਹਮੰਡ।।” “ਸਭ ਵਡਿਆਈਆ ਹਰਿ ਨਾਮ ਵਿਚਿ ਹਰਿ ਗੁਰਮੁਖਿ ਧਿਆਈਐ।। ਜਿ ਵਸਤੁ ਮੰਗੀਐ ਸਾਈ ਪਾਈਐ ਜੇ ਨਾਮਿ ਚਿਤੁ ਲਾਈਐ।।” “ਨਾਮੇ ਉਧਰੇ ਸਭਿ ਜਿਤਨੇ ਲੋਅ।।” ਸ਼ਬਦ ਕਦੇ ਵੀ ਜੜ੍ਹ ਨਹੀਂ ਹੁੰਦਾ ਸਗੋਂ ਸ਼ਬਦ ਹੀ ਚੇਤਨ ਤੇ ਸਦੀਵੀ ਹੁੰਦਾ ਹੈ ਤੇ ਸ਼ਬਦ ਹੀ ਗੁਰੂ ਹੈ। ਸ਼ਬਦ ਤੋਂ ਹੀ ਗਿਆਨ ਹੁੰਦਾ ਹੈ ਤੇ ਸ਼ਬਦ ਵਿੱਚ ਬੜੀ ਅਥਾਹ ਸ਼ਕਤੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨ ਕੇ ਕਰੋੜਾਂ ਸੰਗਤਾਂ ਆਪਣੇ ਕਾਰਜ ਰਾਸ ਕਰਦੀਆਂ ਹਨ ਪਰ ਇਹਨਾਂ ਦੇਹਧਾਰੀ-ਗੁਰੂਆਂ ਨੇ ਅੱਜ ਤਕ ਕਿਸੇ ਦਾ ਕੁਝ ਨਹੀਂ ਸਵਾਰਿਆ ਤੇ ਲੋਕਾਂ ਨੂੰ ਠੱਗ ਕੇ ਮਾਨਸਿਕ ਅਤੇ ਆਰਥਿਕ ਸੋਸ਼ਣ ਕਰਕੇ ‘ਆਹ ਜਗ ਮਿੱਠਾ ਅਗਲਾ ਕਿਨ ਡਿਠਾ’ ਜਾਣ ਕੇ ਆਪਣਾ ਬਥੇਰਾ ਕੁਝ ਸਵਾਰ ਲਿਆ ਹੈ। ਇਹ ਕੋਠੀਆਂ, ਕਾਰਾਂ ਤੇ ਪੈਸੇ ਵਿੱਚ ਖੇਡਦੇ ਹਨ। ਨਿੱਤ ਦਿਨ ਇਹ ਖੁੰਭਾ ਵਾਂਗ ਦੇਹਧਾਰੀ-ਗੁਰੂ ਬਣ-ਬਣ ਬੈਠੀ ਜਾਂਦੇ ਹਨ।
ਦਸਵੇਂ ਪਾਤਸ਼ਾਹ ਜੀ ਨੇ ਇਹਨਾਂ ਬਾਰੇ ਹੀ ਲਿਖਿਆ ਹੈ:- “ਆਪ ਆਪਿ ਪਾਰਬ੍ਰਹਮ ਕਹੈ ਹੈ।। ਨੀਚ ਊਚ ਕਹਿ ਸੀਸਨ ਨੈਹੈ।। ਏਕ ਏਕ ਮਤ ਇਕ ਇਕ ਧਾਮਾ।। ਘਰਿ ਘਰਿ ਹੋਇ ਬੈਠ ਹੈ ਰਾਮਾ।।” “ਫੋਕਟ ਧਰਮ ਲਖੋ ਕਰ ਭਰਮਾ।। ਇਨ ਤੇ ਸਰਤ ਨ ਕੋਈ ਕਰਮਾ।।” “ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਿ ਕੀਨ।। ਅੰਤ ਕਾਲਿ ਕਾਤੀ ਕਟਿਓ ਬਾਸੁ ਨਰਕ ਮੋ ਲੀਨ।।”
ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਸੀ ਕਿ ਤੁਹਾਡਾ ਗੁਰੂ ਕੌਣ ਹੈ ? “ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ।।” ਤਾਂ ਗੁਰੂ ਸਾਹਿਬ ਨੇ ਬਚਨ ਕੀਤਾ “ਸਬਦੁ ਗੁਰੂ ਸੁਰਤਿ ਧੁਨਿ ਚੇਲਾ।।” “ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗ ਬਉਰਾਨੰ।।” ਭਾਈ ਗੁਰਦਾਸ ਜੀ ਵੀ ਆਖਦੇ ਹਨ “ਗੁਰ ਮੂਰਤਿ ਗੁਰ ਸਬਦ ਹੈ ਸਾਧਸੰਗਤਿ ਵਿਚਿ ਪਰਗਟੀ ਆਇਆ।” “ਗੁਰ ਦਰਸਨ ਗੁਰ ਸਬਦ ਹੈ ਨਿਜ ਘਰ ਭਾਇ ਭਗਤਿ ਰਹਰਾਸੀ।”
ਗੁਰੂ ਨਾਨਕ ਸਾਹਿਬ ਤੋਂ ਸੰਗਤਾਂ ਨੇ ਪੁੱਛਿਆ ਸੀ ਕਿ “ਅਸੀਂ ਤਾਂ ਆਪ ਜੀ ਦੇ ਦਰਸ਼ਨ ਕਰਕੇ ਮੁਕਤ ਅਤੇ ਨਿਹਾਲ ਹੋ ਜਾਂਦੇ ਹਾਂ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਉਧਾਰ ਕਿਵੇਂ ਹੋਇਆ ਕਰੇਗਾ ?” ਤਾਂ ਗੁਰੂ ਸਾਹਿਬ ਨੇ ਕਿਹਾ ਸੀ ਕਿ “ਅਸੀਂ ਧੁਰ ਕੀ ਬਾਣੀ ਦਾ ਉਚਾਰਨ ਕਰ ਰਹੇ ਹਾਂ ਜੋ ਹਮੇਸ਼ਾਂ ਅਟੱਲ ਰਹੇਗੀ ਤੇ ਉਸੇ ਨੂੰ ਮੰਨ ਕੇ ਸੰਗਤਾਂ ਨੇ ਆਪਣਾ ਆਪ ਸੰਵਾਰਨਾ ਹੈ।”
ਦਸਵੇਂ ਪਾਤਸ਼ਾਹ ਨੇ ਭਾਈ ਨੰਦ ਲਾਲ ਜੀ ਨੂੰ ਕਿਹਾ ਸੀ “ਤੀਨ ਰੂਪ ਹੈਂ ਮੋਹਿ ਕੇ ਸੁਨਹੁ ਨੰਦ ਚਿਤ ਲਾਇ। ਨਿਰਗੁਣ ਸਰਗੁਣ ਗੁਰ ਸਬਦ ਹੈਂ ਕਹੇ ਤੋਹਿ ਸਮਝਾਇ।”
ਦਸਮ ਪਾਤਸ਼ਾਹ ਦੇ ਇਤਿਹਾਸਿਕ ਬਚਨ ਹਨ:- “ਮਮ ਆਗਿਆ ਸਬ ਹੀ ਸੁਨੋ ਸੱਤ ਬਾਤ ਨਿਰਧਾਰ। ਗ੍ਰੰਥ ਗੁਰੂ ਸਮ ਮਾਨੀਓ ਭੇਦ ਨ ਕੋਊ ਬਿਚਾਰ। ਗੁਰੂ ਗ੍ਰੰਥ ਕਲਜੁਗ ਭਯੋ ਸ੍ਰੀ ਗੁਰੁ ਰੂਪ ਮਹਾਨ। ਦਸ ਪਾਤਸ਼ਹੀਆਂ ਰੂਪ ਇਹ ਗੁਰੂ ਗ੍ਰੰਥ ਜੀ ਜਾਨ। ਗੁਰੂ ਦਰਸ ਜਿਹ ਦੇਖਨਾਂ ਸ੍ਰੀ ਗ੍ਰੰਥ ਦਰਸਾਇ। ਬਾਤ ਕਰਨਿ ਗੁਰ ਸੋਂ ਚਹੈ ਪੜੈ ਗ੍ਰੰਥ ਮਨ ਲਾਇ।”
‘ਮਿਰਾਤੁਲ ਅਹਿਵਾਲ ਜਹਾਨ ਨੁਮਾ’ ਕਿਤਾਬ ‘ਚ ਅਹਿਮਦ ਬਿਨ ਮੁਹੰਮਦ ਲਿਖਦੇ ਹਨ ਕਿ “ਔਲਾਦੇ ਗੁਰੂ ਗੋਬਿੰਦ ਮਜ਼ਕੂਰ । ਦਰ ਜੰਗੇ ਆਲਮਗੀਰ ਕੁਸ਼ਤਾ ਸੁਦੰਦ। ਬਾਅਦ ਅਜ਼ ਊ ਖਲੀਫਾ ਨੇਸਤ। ਬਜੁਜ਼ ਈਂ ਗੁਰੂ ਗ੍ਰੰਥ ਜੀ ਇਬਾਦਤੇ ਨਦਾਰੰਦ।” ਭਾਵ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਜੋ ਔਰੰਗਜ਼ੇਬ ਨੇ ਸ਼ਹੀਦ ਕਰ ਦਿੱਤੇ, ਉਹਨਾਂ ਤੋਂ ਬਾਅਦ ਕੋਈ ਗੁਰੂ ਨਹੀਂ ਹੋਇਆ, ਸਿੱਖਾਂ ਵਿੱਚ ਸ੍ਰੀ ਗੁਰੂ ਗ੍ਰੰਥ ਜੀ ਦੇ ਬਿਨਾਂ ਹੋਰ ਕਿਸੇ ਦੀ ਪੂਜਾ ਨਹੀਂ ਕੀਤੀ ਜਾਂਦੀ ਹੈ।
ਮਹਿਮਾ ਪ੍ਰਕਾਸ਼ ਵਿੱਚ ਭਾਈ ਸਰੂਪ ਦਾਸ ਭੱਲਾ ਜੀ ਲਿਖਦੇ ਹਨ ਕਿ “ਸਿੱਖਾਂ ਨੇ ਪੂਛਾ ਅਬ ਦਰਸ਼ਨ ਕਹਾਂ ਕਰਹਿੰ। ਸਤਿਗੁਰ ਦੀਨ ਦਿਆਲ ਬਚਨ ਕੀਆ, ਜੋ ਦਸ ਸਰੂਪ ਹਮਾਰੇ ਪੂਰਨ ਭਏ। ਅਬ ਮੇਰੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਕੋ ਜਾਨਨਾ। ਜਿਸ ਨੇ ਮੇਰੇ ਸੇ ਬਾਤ ਕਰਨੀ ਹੋਇ, ਆਦਿ ਗੁਰੂ ਗ੍ਰੰਥ ਸਾਹਿਬ ਕਾ ਪਾਠ ਕਰਨਾ, ਮੇਰੇ ਸੇ ਬਾਤਾਂ ਹੋਵੇਂਗੀ।”
ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਜੀ ਆਖਦੇ ਹਨ ਕਿ “ਦਰਸਿਓ ਚਹਿ ਸਤਿਗੁਰੂ ਕੋ, ਸੋ ਦਰਸੈ ਗੁਰੂ ਗ੍ਰੰਥ। ਪਢੈ ਸੁਨੈ ਸ੍ਵਾਰਥ ਲਹੈ, ਪਰਮਾਰਥ ਕੋ ਪੰਥ।”
‘ਸ਼ਾਰਟ ਹਿਸਟਰੀ ਆਫ਼ ਸਿੱਖਸ’ ਵਿੱਚ ਸ੍ਰੀ ਐਚ ਪੇਨ ਨੇ ਲਿਖਿਆ ਕਿ “ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣਾ ਕੋਈ ਗੱਦੀ ਨਸ਼ੀਨ ਨਹੀਂ ਬਣਾਇਆ। ਆਪਣੇ ਚਲਾਣੇ ਤੋਂ ਪਹਿਲਾਂ ਉਹਨਾਂ ਨੇ ਆਪਣੇ ਸਿੱਖਾਂ ਨੂੰ ਸੱਦਿਆ ਤੇ ਉਹਨਾਂ ਨੂੰ ਦੱਸਿਆ ਕਿ ਗੁਰੂ ਸਾਹਿਬਾਂ ਦਾ ਮਿਸ਼ਨ ਪੂਰਾ ਹੋ ਗਿਆ ਹੈ। ਉਹਨਾਂ ਦੀ ਆਤਮਾ ਗੁਰੂ ਗ੍ਰੰਥ ਸਾਹਿਬ ਤੇ ਖ਼ਾਲਸਾ ਪੰਥ ਵਿੱਚ ਰਹੇਗੀ।”
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱਖਾਂ ਲਈ ਸਰਬ ਸ੍ਰੇਸ਼ਟ ਸਤਿਗੁਰੂ ਹਨ, ਉਹਨਾਂ ਉੱਤੇ ਹਮਲੇ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰੇਗਾ। ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ “ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡ ਅਵਰ ਨ ਕੋਇ।।” ਬਾਕੀ ਇਹ ਠਾਕੁਰ ਦਲੀਪ ਸਿਹੁੰ ਵਰਗੇ ਗੁਰੂ ਤਾਂ ਕੀ ਇਹ ਤਾਂ ਕਿਸੇ ਸਿੱਖ ਦੀ ਵੀ ਬਰਾਬਰੀ ਨਹੀਂ ਕਰ ਸਕਦੇ।
ਸਾਡੇ ਇਤਿਹਾਸ ਵਿੱਚ ਭਾਈ ਪਾਰੋ ਜੀ ਵਰਗੇ ਅਨੇਕਾਂ ਅਜਿਹੇ ਸਿੱਖ ਸਨ ਜੋ ਗੁਰੂ ਬਣਨ ਦੇ ਯੋਗ ਸਨ ਪਰ ਉਹਨਾਂ ਨੇ ਗੁਰੂ ਸਾਹਿਬ ਤੋਂ ਸਿੱਖੀ ਦੀ ਮਹਾਨ ਦਾਤ ਹੀ ਮੰਗੀ। ਇਤਿਹਾਸ ਵਿੱਚ ਉਹਨਾਂ ਦੋਖੀਆਂ ਦਾ ਵੀ ਜ਼ਿਕਰ ਹੈ ਜਿਨ੍ਹਾਂ ਨੇ ਗੁਰੂ ਦੀ ਬਰਾਬਰੀ ਕਰਨੀ ਚਾਹੀ ਪਰ ਉਹ ਸੱਚੇ ਗੁਰੂ ਅੱਗੇ ਟਿਕ ਨਾ ਸਕੇ। ਨੌਵੇਂ ਪਾਤਸ਼ਾਹ ਜੀ ਦੇ ਵੇਲ਼ੇ ਵੀ ਦੰਭੀਆਂ-ਪਖੰਡੀਆਂ ਵੱਲੋਂ 22 ਮੰਜੀਆਂ ਡਾਹੀਆਂ ਗਈਆਂ ਸਨ ਪਰ ਸੱਚਾ ਗੁਰੂ ਪ੍ਰਗਟ ਹੋ ਹੀ ਗਿਆ ਤਾਂ ਹੀ ਤਾਂ ਬਾਬਾ ਮੱਖਣ ਸ਼ਾਹ ਲੁਬਾਣਾ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਸੰਗਤਾਂ ਨੂੰ ਹੋਕਾ ਦਿੱਤਾ ਸੀ ‘ਗੁਰ ਲਾਧੋ ਰੇ।’ ਭਾਵ ਸੱਚਾ ਗੁਰੂ ਲੱਭ ਗਿਆ ਹੈ।
ਇਕ ਵਾਰ ਲਾਹੌਰ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦੀਵਾਨ ਚੱਲ ਰਿਹਾ ਸੀ ਤਾਂ ਇੱਕ ਨਾਮਧਾਰੀ-ਕੂਕਾ ਆਪਣੇ ਕੇਸ ਖੋਲ੍ਹ ਕੇ ਮਹਾਰਾਜ ਦੇ ਪਾਵਨ ਸਰੂਪ ਉੱਤੇ ਛਾਲ ਮਾਰ ਕੇ ਬਹਿ ਗਿਆ ਤੇ ਦੋਵੇਂ ਪਲਕਾਂ ਹੱਥ ਵਿੱਚ ਫੜ ਕੇ ਕਹਿੰਦਾ “ਚੱਲ ਮੇਰੇ ਘੋੜਿਆ।” ਗੁਰੂ ਸਾਹਿਬ ਦੀ ਇਹ ਬੇਅਦਬੀ ਵੇਖ ਕੇ ਮੌਕੇ ‘ਤੇ ਹੀ ਜਰਨੈਲ ਹਰੀ ਸਿੰਘ ਨਲੂਆ ਦੇ ਸਪੁੱਤਰ ਭਾਈ ਜਵਾਹਰ ਸਿੰਘ ਨੇ ਖ਼ਾਲਸਈ ਪ੍ਰੰਪਰਾ ‘ਤੇ ਪਹਿਰਾ ਦਿੰਦਿਆਂ ਕਿਰਪਾਨ ਨਾਲ ਉਸ ਕੂਕੇ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਸੀ।
ਤੇ ਹੁਣ ਇਹ ਕੂਕੇ-ਨਾਮਧਾਰੀਏ ਜਿਸ ਢੰਗ ਨਾਲ ਸਾਡੇ ਗੁਰੂ ਸਾਹਿਬ ਦਾ ਅਪਮਾਨ ਕਰ ਰਹੇ ਹਨ ਇਸ ਦੇ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਕਮੇਟੀ, ਦਮਦਮੀ ਟਕਸਾਲ ਅਤੇ ਸਿੱਖ ਕੌਮ ਦੀਆਂ ਹੋਰ ਸੰਪਰਦਾਵਾਂ, ਪੰਥਕ ਜਥੇਬੰਦੀਆਂ ਤੇ ਸੰਸਥਾਵਾਂ ਨੂੰ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ ਤੇ ਪੰਥ ਦੇ ਬੁੱਧੀਜੀਵੀ, ਚਿੰਤਕ, ਵਿਦਵਾਨ, ਬੁਲਾਰੇ ਅਤੇ ਲੇਖਕ ਇਹਨਾਂ ਨੂੰ ਠੋਕਵਾਂ ਜਵਾਬ ਦੇਣ। ਅੱਜ ਜਦੋਂ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦੋਖੀਆਂ ਵੱਲੋਂ ਅੰਗ ਪਾੜੇ ਜਾ ਰਹੇ ਹਨ ਤੇ ਦੂਜੇ ਪਾਸੇ ਇਹ ਦੇਹਧਾਰੀ ਗੁਰੂਡੰਮ੍ਹ ਵੀ ਸੰਗਤਾਂ ਨੂੰ ਸ਼ਬਦ ਗੁਰੂ ਨਾਲੋਂ ਤੋੜਨ ਦਾ ਯਤਨ ਕਰ ਰਹੇ ਹਨ ਤਾਂ ਉਸ ਸਮੇਂ ਸਾਨੂੰ ਚੁੱਪ ਨਹੀਂ ਬਹਿਣਾ ਚਾਹੀਦਾ। ਇਸ ਲਈ ਪਿਆਰੇ ਖ਼ਾਲਸਾ ਜੀ! ਜਾਗੋ! ਗਿਆਨ ਖੜਗ ਅਤੇ ਲੋਹ ਖੜਗ ਦੇ ਨਾਲ ਇਹਨਾਂ ਦਾ ਮੁਕਾਬਲਾ ਕਰਨਾ ਅਤਿ ਜ਼ਰੂਰੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਰ ਪਲ ਸਾਡੇ ਸਹਾਈ ਹੋਣਗੇ “ਗੁਰ ਕਾ ਸਬਦੁ ਰਖਵਾਰੇ॥ ਚਉਕੀ ਚਉਗਿਰਦ ਹਮਾਰੇ॥”
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
