ਫ਼ਰੀਦਕੋਟ, 8 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਹੁਕਮਾਂ ਅਨੁਸਾਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਰਤਨਦੀਪ ਸੰਧੂ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਫ਼ਰੀਦਕੋਟ ਦੀਆਂ 545 ਆਂਗਣਵਾੜੀ ਵਰਕਰਾਂ ਨੂੰ “ਨਿੱਕੇ ਕਦਮ” ਪ੍ਰੋਜੈਕਟ ਦੀ ਫੇਜ਼-2 ਤਹਿਤ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਇਹ ਸਿਖਲਾਈ ਪ੍ਰਥਮ ਟੀਮ ਵੱਲੋਂ ਸਫਲਤਾਪੂਰਵਕ ਮੁਕੰਮਲ ਕਰਵਾਈ ਗਈ।
ਇਸ ਮੌਕੇ ਸ੍ਰੀਮਤੀ ਰਤਨਦੀਪ ਸੰਧੂ ਕਿਹਾ ਕਿ ਸਿਖਲਾਈ ਦੌਰਾਨ ਬੱਚਿਆਂ ਦੇ ਸਰਵਪੱਖੀ ਵਿਕਾਸ ਨਾਲ ਸਬੰਧਤ ਕਈ ਮਹੱਤਵਪੂਰਨ ਵਿਸ਼ਿਆਂ ਨੂੰ ਗਹਿਰਾਈ ਨਾਲ ਕਵਰ ਕੀਤਾ ਗਿਆ, ਜਿਨ੍ਹਾਂ ਵਿੱਚ ਨਵਚੇਤਨਾ ਗਤੀਵਿਧੀਆਂ, ਘਰ ਦੌਰਾ, ਕੇਅਰਗਿਵਰ ਕੌਂਸਲਿੰਗ, ਮਾਂ ਦਾ ਦੁੱਧ, ਪੂਰਕ ਆਹਾਰ, ਗ੍ਰੋਥ ਮੋਨੀਟਰਿੰਗ, ਆਮ ਤੌਰ ‘ਤੇ ਵਾਪਰਦੀਆਂ ਗਲਤੀਆਂ, ਪੋਸ਼ਣ ਟਰੈਕਰ, ਈ.ਸੀ.ਸੀ.ਈ./ਆਧਾਰਸ਼ਿਲਾ, ਦਿਵਿਆਂਗਤਾ ਅਤੇ ਬੱਚੇ ਦਾ ਸਮੇਂ ਅਨੁਸਾਰ ਵਿਕਾਸ ਨਾ ਹੋਣ ਦੀ ਸਥਿਤੀ ਵਿੱਚ ਸਮੇਂ ਸਿਰ ਰੈਫਰਲ ਸੇਵਾਵਾਂ ਸ਼ਾਮਲ ਹਨ।
ਇਨ੍ਹਾਂ ਵਿਸ਼ਿਆਂ ਰਾਹੀਂ ਆਂਗਣਵਾੜੀ ਵਰਕਰਾਂ ਨੂੰ ਬੱਚਿਆਂ ਦੀ ਸਿਹਤ, ਪੋਸ਼ਣ ਅਤੇ ਸ਼ੁਰੂਆਤੀ ਵਿਕਾਸ ਸਬੰਧੀ ਵਿਹਾਰਕ, ਵਿਗਿਆਨਕ ਅਤੇ ਖੇਤਰ ਪੱਧਰੀ ਜਾਣਕਾਰੀ ਦਿੱਤੀ ਗਈ। ਸਿਖਲਾਈ ਨੂੰ ਹੋਰ ਸੁਚੱਜੀ, ਪ੍ਰਭਾਵਸ਼ਾਲੀ ਅਤੇ ਦਿਲਚਸਪ ਬਣਾਉਣ ਲਈ ਰਾਕੇਟ ਲਰਨਿੰਗ ਸੰਸਥਾ ਵੱਲੋਂ ਤਕਨੀਕੀ ਅਤੇ ਡਿਜੀਟਲ ਸਮੱਗਰੀ ਮੁਹੱਈਆ ਕਰਵਾਈ ਗਈ, ਜਿਸ ਸਦਕਾ ਵਰਕਰਾਂ ਨੂੰ ਆਧੁਨਿਕ ਢੰਗ-ਤਰੀਕਿਆਂ ਨਾਲ ਸਿੱਖਣ ਦਾ ਮੌਕਾ ਮਿਲਿਆ।
ਇਸ ਸਿਖਲਾਈ ਦਾ ਮੁੱਖ ਉਦੇਸ਼ ਆਂਗਣਵਾੜੀ ਵਰਕਰਾਂ ਨੂੰ ਲੋੜੀਂਦੇ ਗਿਆਨ, ਹੁਨਰ ਅਤੇ ਆਤਮ-ਵਿਸ਼ਵਾਸ ਨਾਲ ਸਮਰੱਥ ਬਣਾਉਣਾ ਹੈ, ਤਾਂ ਜੋ ਉਹ ਜ਼ਮੀਨੀ ਪੱਧਰ ‘ਤੇ ਬੱਚਿਆਂ ਅਤੇ ਪਰਿਵਾਰਾਂ ਨੂੰ ਹੋਰ ਬਿਹਤਰ, ਪ੍ਰਭਾਵਸ਼ਾਲੀ ਅਤੇ ਗੁਣਵੱਤਾ ਭਰਪੂਰ ਸੇਵਾਵਾਂ ਪ੍ਰਦਾਨ ਕਰ ਸਕਣ।
ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਸ ਸਿਖਲਾਈ ਨਾਲ ਜ਼ਿਲ੍ਹੇ ਵਿੱਚ ਬਾਲ ਵਿਕਾਸ, ਪੋਸ਼ਣ ਅਤੇ ਸ਼ੁਰੂਆਤੀ ਸਿੱਖਿਆ ਸੇਵਾਵਾਂ ਦੀ ਗੁਣਵੱਤਾ ਵਿੱਚ ਹੋਰ ਨਿਖਾਰ ਆਵੇਗਾ, ਜਿਸ ਦਾ ਸਿੱਧਾ ਲਾਭ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੇਗਾ।
