ਸਕੂਲ ਨੂੰ ਪੱਕੇ ਤੌਰ ‘ਤੇ ਬੰਦ ਕਰਕੇ ਸਕੂਲ ਮੁੱਖੀ ‘ਤੇ ਵੀ ਕਰਵਾਈ ਹੋਵੇ
ਪਰਿਵਾਰ ਦੀ ਸੁਰੱਖਿਆ ਅਤੇ ਇਲਾਜ਼ ਖਰਚੇ ਦਾ ਪ੍ਰਬੰਧ ਪ੍ਰਸ਼ਾਸ਼ਨ ਕਰੇ : ਪੀ ਐਸ ਯੂ
ਕੋਟਕਪੂਰਾ, 20 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਫ਼ਰੀਦਕੋਟ ਦੇ ਨਿੱਜੀ ਸਕੂਲ ‘ਚ ਇਕ ਮਜ਼ਦੂਰ ਪਰਿਵਾਰ ਦੀ 4 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਦੀ ਘਟਨਾ ਅਤੇ ਸਕੂਲ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਮਸਲਾ ਦਬਾਉਣ ਲਈ ਪਰਿਵਾਰ ‘ਤੇ ਦਬਾਅ ਪਾਉਣ ਦੀ ਨਿੰਦਾ ਕੀਤੀ, ਬੱਚੀ ਇਨਸਾਫ਼ ਦਿਵਾਉਣ ਲਈ ਸੰਘਰਸ਼ ਦਾ ਐਲਾਣ ਕੀਤਾ। ਪੰਜਾਬ ਸਟੂਡੈਂਟਸ ਯੂਨੀਅਨ ਤੇ ਸੂਬਾ ਕਮੇਟੀ ਮੈਂਬਰ ਹਰਵੀਰ ਕੌਰ ਗੰਧੜ ਅਤੇ ਨੌਜਵਾਨ ਭਾਰਤ ਸਭਾ ਦੇ ਜ਼ਿਲਾ ਆਗੂ ਲਖਵੀਰ ਸਿੰਘ ਨੇ ਕਿਹਾ ਕਿ ਫ਼ਰੀਦਕੋਟ ਸ਼ਹਿਰ ਦੇ ਇੱਕ ਨਿੱਜੀ ਸਕੂਲ ਵਿੱਚ ਚਾਰ ਸਾਲਾਂ ਦੀ ਮਾਸੂਮ ਬੱਚੀ ਨਾਲ ਵਾਪਰੇ ਜਬਰ-ਜ਼ਿਨਾਹ ਦੇ ਘਿਨਾਉਣੇ ਅਤੇ ਦਿਲ ਕੰਬਾਊ ਮਾਮਲੇ ਨੇ ਬੱਚਿਆਂ ਦੀ ਸੁਰੱਖਿਆ ‘ਤੇ ਸਵਾਲ ਖੜੇ ਕੀਤੇ ਹਨ। ਸਕੂਲ ਪ੍ਰਸ਼ਾਸਨ ਅਤੇ ਸਥਾਨਕ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਛੁਪਾਉਣ ਅਤੇ ਦੋਸ਼ੀਆਂ ਨੂੰ ਬਚਾਉਣ ਲਈ ਇਸ ਮਾਮਲੇ ਨੂੰ ਦਬਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਨਿੱਜੀ ਵਿੱਦਿਅਕ ਅਦਾਰੇ ਆਪਣਾ ਨਾਮ ਬਚਾਉਣ ਲਈ ਇਸ ਤਰਾਂ ਦੀਆਂ ਘਟਨਾਵਾਂ ਉਪਰ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਸਕੂਲ ਅੰਦਰ ਚਾਰ ਸਾਲ ਦੀ ਨਿਆਣੀ ਬੱਚੀ ਨਾਲ ਅਜਿਹਾ ਦਰਿੰਦਗੀ ਭਰਿਆ ਕਾਰਾ ਹੋਣਾ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਜਿੱਥੇ ਪੀੜਤ ਬੱਚੀ ਅਤੇ ਉਸ ਦਾ ਪਰਿਵਾਰ ਗਹਿਰੇ ਸਦਮੇ ਵਿੱਚ ਹੈ, ਸਕੂਲ ਮੁੱਖੀ ਦੇ ਨਜਦੀਕੀ ਬੱਚੀ ਦੇ ਪਿਤਾ ਨੂੰ ਧਮਕੀਆਂ ਦੇ ਰਹੇ ਹਨ ਅਤੇ ਉਹਨਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ। ਯੂਨੀਅਨ ਨੇ ਪ੍ਰਸ਼ਾਸਨ ਸਾਹਮਣੇ ਮੰਗ ਰੱਖੀ ਹੈ ਕਿ ਇਸ ਸ਼ਰਮਨਾਕ ਘਟਨਾ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਖ਼ਿਲਾਫ਼ ਤੁਰੰਤ ਪੋਸਕੋ (POCSO) ਐਕਟ ਦੀਆਂ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ, ਪੀੜਤ ਬੱਚੀ ਦੇ ਪਰਿਵਾਰ ਨੂੰ ਮਿਲ ਰਹੀਆਂ ਧਮਕੀਆਂ ਅਤੇ ਮਾਨਸਿਕ ਦਬਾਅ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਤੁਰੰਤ 24 ਘੰਟੇ ਪੁਲਿਸ ਸੁਰੱਖਿਆ ਦਿੱਤੀ ਜਾਵੇ, ਪੁਲਿਸ ਬਿਨਾਂ ਕਿਸੇ ਦੇਰੀ ਦੇ ਕਾਰਵਾਈ ਕਰਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਤੇ ਕੇਸ ਦੀ ਤੇਜ਼ੀ ਨਾਲ ਸੁਣਵਾਈ ਕਰਵਾ ਕੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਯਕੀਨੀ ਬਣਾਏ, ਅਤੇ ਨਾਲ ਹੀ ਬੱਚਿਆਂ ਦੀ ਸੁਰੱਖਿਆ ਵਿੱਚ ਅਣਗਹਿਲੀ ਵਰਤਣ ਤੇ ਘਟਨਾ ਨੂੰ ਲੁਕਾਉਣ ਦੇ ਦੋਸ਼ ਹੇਠ ਸਕੂਲ ਪ੍ਰਬੰਧਕਾਂ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਵੀ ਕਾਨੂੰਨੀ ਸ਼ਿਕੰਜਾ ਕੱਸਿਆ ਜਾਵੇ। ਪੀ.ਐੱਸ.ਯੂ. ਦੇ ਆਗੂ ਸੁਖਬੀਰ ਸਿੰਘ ਅਤੇ ਜੋਬਨਦੀਪ ਕੌਰ ਨੇ ਕਿਹਾ ਕਿ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਢਿੱਲੀ ਕਰਵਾਈ ਅਤੇ ਬੱਚੀ ਨੂੰ ਇਨਸਾਫ਼ ਦਿਵਾਉਣ ਲਈ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣ ਤੱਕ ਸੰਗਰਸ਼ ਕੀਤਾ ਜਾਵੇਗਾ।

