ਸਕੂਲ ਦੇ ਬਾਥਰੂਮ ‘ਚ ਗਲਤ ਸ਼ਬਦਾਵਲੀ ਲਿਖਣ ਦੇ ਸ਼ੱਕ ‘ਚ ਵਿਦਿਆਰਥੀ ਦੀ ਕੁੱਟ-ਮਾਰ, ਕੱਟਿਆ ਨਾਂਅ
ਬੇਟੇ ਦੇ ਪਿਤਾ ਦੇ ਬਿਆਨਾਂ ‘ਤੇ ਪ੍ਰਿੰਸੀਪਲ ਅਤੇ ਕਲਾਸ ਟੀਚਰ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ
ਕੋਟਕਪੂਰਾ, 20 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਜ਼ਿਲੇ ਦੇ ਪਿੰਡ ਡੋਡ ਦੇ ਸਰਕਾਰੀ ਹਾਈ ਸਕੂਲ ਦੇ ਬਾਥਰੂਮ ‘ਚ ਲਿਖੀ ਪਾਈ ਗਈ ਗਲਤ ਸ਼ਬਦਾਵਲੀ ਦੇ ਸ਼ੱਕ ‘ਚ ਇਕ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟ-ਮਾਰ ਕਰਨ, ਉਸ ਨੂੰ ਦੋ ਘੰਟੇ ਬਾਥਰੂਮ ‘ਚ ਬੰਦ ਰੱਖਣ ਉਪ੍ਰੰਤ ਉਸ ਦਾ ਨਾਂ ਸਕੂਲ ‘ਚੋਂ ਕੱਟਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਸਬੰਧਤ ਥਾਣਾ ਬਾਜਾਖਾਨਾ ਵਿਖੇ ਸਕੂਲ ਦੇ ਪ੍ਰਿੰਸੀਪਲ ਤਰਸੇਮ ਲਾਲ ਅਤੇ ਕਲਾਸ ਟੀਚਰ ਕੁਲਵਿੰਦਰ ਸਿੰਘ ਖ਼ਿਲਾਫ ਮੁਕੱਦਮਾ ਨੰਬਰ 117 ਦਰਜ ਕਰ ਲਿਆ ਗਿਆ ਹੈ। ਇਹ ਮੁਕੱਦਮਾ 10ਵੀਂ ਜਮਾਤ ਦੇ 14 ਸਾਲਾ ਵਿਦਿਆਰਥੀ ਅਰਸ਼ਦੀਪ ਸਿੰਘ ਦੇ ਪਿਤਾ ਚਮਕੌਰ ਸਿੰਘ ਵਾਸੀ ਪਿੰਡ ਡੋਡ ਦੇ ਬਿਆਨਾਂ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ, ਸ਼ਿਕਾਇਤਕਰਤਾ ਚਮਕੌਰ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜਦੂਰੀ ਦਾ ਕੰਮ ਕਰਦਾ ਹੈ ਅਤੇ ਉਸ ਦੇ ਦੋ ਬੱਚੇ ਹਨ। ਅਰਸ਼ਦੀਪ ਸਿੰਘ ਪਿੰਡ ਦੇ ਹੀ ਸਰਕਾਰੀ ਹਾਈ ਸਕੂਲ ਵਿਖੇ ਪੜ੍ਹਦਾ ਹੈ। ਚਮਕੌਰ ਸਿੰਘ ਅਨੁਸਾਰ ਬੀਤੀ 14 ਜੁਲਾਈ ਨੂੰ ਜਦੋਂ ਅਰਸ਼ਦੀਪ ਸਿੰਘ ਸਕੂਲ ਗਿਆ ਹੋਇਆ ਸੀ, ਤਾਂ ਦਿਹਾੜੀ ਨਾ ਮਿਲਣ ਕਾਰਨ ਉਹ (ਚਮਕੌਰ ਸਿੰਘ) ਆਪ ਆਪਣੇ ਘਰ ਹੀ ਮੌਜੂਦ ਸੀ। ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਤਰਸੇਮ ਲਾਲ ਦਾ ਫੋਨ ਆਇਆ, ਜਿਸ ਨੂੰ ਬਿਆਨਕਰਤਾ ਦੇ ਪਿਤਾ ਰੂਪ ਸਿੰਘ ਨੇ ਸੁਣਿਆ। ਪ੍ਰਿੰਸੀਪਲ ਨੇ ਬਿਆਨਕਰਤਾ ਚਮਕੌਰ ਸਿੰਘ ਨੂੰ ਤੁਰੰਤ ਸਕੂਲ ਆਉਣ ਲਈ ਆਖਿਆ। ਜਦੋਂ ਰੂਪ ਸਿੰਘ ਨੇ ਫੋਨ ‘ਤੇ ਇਸ ਦਾ ਕਾਰਨ ਪੁੱਛਿਆ ਤਾਂ ਪ੍ਰਿੰਸੀਪਲ ਨੇ ਸਪੱਸ਼ਟ ਦੱਸਣ ਦੀ ਬਜਾਏ ਸਿਰਫ਼ ਇਹੀ ਆਖਿਆ ਕਿ ਤੁਸੀਂ ਸਕੂਲ ਆਓ, ਆਪੇ ਪਤਾ ਲੱਗ ਜਾਵੇਗਾ। ਬਿਆਨਕਰਤਾ ਨੇ ਦੱਸਿਆ ਕਿ ਜਦੋਂ ਉਹ ਇਸ ਸੂਚਨਾ ਤੋਂ ਬਾਅਦ ਤੁਰੰਤ ਸਕੂਲ ਪੁੱਜਾ ਤਾਂ ਉਸ ਦਾ ਲੜਕਾ ਅਰਸ਼ਦੀਪ ਸਿੰਘ, ਪ੍ਰਿੰਸੀਪਲ ਤਰਸੇਮ ਲਾਲ ਅਤੇ ਕਲਾਸ ਟੀਚਰ ਕੁਲਵਿੰਦਰ ਸਿੰਘ ਕੋਲ ਖੜ੍ਹਾ ਹੋਇਆ ਸੀ। ਚਮਕੌਰ ਸਿੰਘ ਦੇ ਉੱਥੇ ਪਹੁੰਚਦਿਆਂ ਸਾਰ ਹੀ ਪ੍ਰਿੰਸੀਪਲ ਨੇ ਬਿਨਾਂ ਕੋਈ ਪੱਖ ਸੁਣੇ ਸਖ਼ਤ ਲਹਿਜੇ ‘ਚ ਕਿਹਾ ਕਿ ਤੁਸੀਂ ਆਪਣੇ ਬੇਟੇ ਨੂੰ ਤੁਰੰਤ ਘਰ ਲੈ ਜਾਓ, ਕਿਉਂਕਿ ਇਸ ਦਾ ਨਾਂ ਸਕੂਲ ‘ਚੋਂ ਕੱਟ ਦਿੱਤਾ ਗਿਆ ਹੈ। ਚਮਕੌਰ ਸਿੰਘ ਜਦੋਂ ਆਪਣੇ ਬੇਟੇ ਅਰਸ਼ਦੀਪ ਸਿੰਘ ਨੂੰ ਘਰ ਲਿਆਇਆ ਅਤੇ ਉਸ ਕੋਲੋਂ ਸਾਰੀ ਘਟਨਾ ਬਾਰੇ ਪੁੱਛਿਆ, ਤਾਂ ਬੱਚੇ ਨੇ ਹੱਡਬੀਤੀ ਸੁਣਾਈ। ਅਰਸ਼ਦੀਪ ਨੇ ਦੱਸਿਆ ਕਿ ਸਕੂਲ ਦੇ ਬਾਥਰੂਮ ‘ਚ ਕੋਈ ਗਲਤ ਸ਼ਬਦਾਵਲੀ ਲਿਖੀ ਹੋਈ ਸੀ। ਇਸ ਸਬੰਧੀ ਪ੍ਰਿੰਸੀਪਲ ਅਤੇ ਕਲਾਸ ਟੀਚਰ ਨੇ ਉਸ ਉੱਪਰ ਸ਼ੱਕ ਕਰ ਲਿਆ। ਸ਼ੱਕ ਦੇ ਆਧਾਰ ‘ਤੇ ਹੀ ਦੋਵਾਂ ਨੇ ਪਹਿਲਾਂ ਤਾਂ ਉਸ ਨੂੰ ਬਾਥਰੂਮ ‘ਚ ਲੈ ਜਾ ਕੇ ਡੰਡਿਆਂ ਨਾਲ ਬਹੁਤ ਬੇਰਹਿਮੀ ਨਾਲ ਕੁੱਟਿਆ ਅਤੇ ਬਾਅਦ ‘ਚ ਉਸੇ ਕੋਲੋਂ ਉਹ ਗਲਤ ਸ਼ਬਦਾਵਲੀ ਮਿਟਵਾਈ। ਇੰਨਾ ਹੀ ਨਹੀਂ, ਇਸ ਤੋਂ ਬਾਅਦ ਉਸ ਨੂੰ ਦੋ ਘੰਟੇ ਤੱਕ ਬਾਥਰੂਮ ‘ਚ ਹੀ ਬੰਦ ਕਰ ਕੇ ਰੱਖਿਆ ਗਿਆ। ਪਿਤਾ ਚਮਕੌਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਘਰ ਆ ਕੇ ਆਪਣੇ ਬੇਟੇ ਦੇ ਕੱਪੜੇ ਲਾਹ ਕੇ ਵੇਖੇ ਤਾਂ ਉਸ ਦੀ ਪਿੱਠ ‘ਤੇ ਕੁੱਟਮਾਰ ਦੇ ਬਹੁਤ ਬੁਰੇ ਨਿਸ਼ਾਨ ਪਏ ਹੋਏ ਸਨ। ਬੇਟੇ ਦੀ ਹਾਲਤ ਦੇਖ ਕੇ ਬਿਆਨਕਰਤਾ ਨੇ ਤੁਰੰਤ ਉਸ ਨੂੰ ਸਿਵਲ ਹਸਪਤਾਲ ਬਾਜਾਖਾਨਾ ਵਿਖੇ ਦਾਖਿਲ ਕਰਵਾਇਆ। ਸਿਵਲ ਹਸਪਤਾਲ ਬਾਜਾਖਾਨਾ ਵਿਖੇ ਅਰਸ਼ਦੀਪ ਸਿੰਘ ਨੂੰ ਦਾਖਿਲ ਕਰਨ ਸਮੇਂ ਡਾਕਟਰਾਂ ਵੱਲੋਂ ਉਸ ਦੀ ਲੀਗਲ ਮੈਡੀਕਲ ਰਿਪੋਰਟ ਯਾਨੀ ਐੱਮ.ਐੱਲ.ਆਰ. ਕੱਟ ਕੇ ਥਾਣਾ ਬਾਜਾਖਾਨਾ ਵਿਖੇ ਭੇਜੀ ਗਈ। ਹਸਪਤਾਲ ਤੋਂ ਮਿਲੀ ਇਤਲਾਹ ‘ਤੇ ਕਾਰਵਾਈ ਕਰਦਿਆਂ ਏ.ਐਸ.ਆਈ. ਸਵਰਨ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਨੇ ਹਸਪਤਾਲ ਪਹੁੰਚ ਕੇ ਅਰਸ਼ਦੀਪ ਸਿੰਘ ਦੇ ਪਿਤਾ ਦੇ ਬਿਆਨ ਕਲਮਬੱਧ ਕੀਤੇ ਅਤੇ ਉਕਤ ਦੋਵਾਂ ਅਧਿਆਪਕਾਂ ਖ਼ਿਲਾਫ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ। ਪੁਲਸ ਅਨੁਸਾਰ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦਕਿ ਇਸ ਮਾਮਲੇ ਵਿਚ ਮੁਲਜ਼ਮਾਂ ਦੀਆਂ ਗ੍ਰਿਫਤਾਰੀਆਂ ਅਜੇ ਬਾਕੀ ਹਨ।

