ਕੋਟਕਪੂਰਾ, 31 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜਿਲਾ ਫਰੀਦਕੋਟ ਦੇ ਪਿੰਡ ਹਰੀ ਨੌ ਦੇ ਖੁਦਕੁਸ਼ੀ ਕਰਨ ਵਾਲੇ ਸਕੇ ਭਰਾਵਾਂ ਨੂੰ ਇਨਸਾਫ ਦਿਵਾਉਣ ਲਈ ਅਤੇ ਲੈਂਡ ਮੋਰਗੇਜ ਬੈਂਕਾ ਵੱਲੋਂ ਕਿਸਾਨਾਂ ਦੀਆਂ ਜਮੀਨਾਂ ਦੀ ਕੀਤੀ ਜਾਣ ਵਾਲੀ ਨਿਲਾਮੀ ਨੂੰ ਰੋਕਣ ਲਈ ਅੱਜ ਪੰਜਾਬ ਭਰ ਦੀਆਂ ਲੈਂਡ ਮੌਰਗੇਜ ਬੈਂਕਾਂ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਪੁਤਲੇ ਫੂਕਣ ਦੇ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਐਸਕੇਐਮ ਗੈਰ ਰਾਜਨੀਤਿਕ ਭਾਰਤ ਦੇ ਕੌਮੀ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਫਰੀਦਕੋਟ ਵਿਖੇ ਸਹਿਕਾਰਤਾ ਵਿਭਾਗ ਦੇ ਮੁਖੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁਤਲੇ ਫੂਕੇ ਗਏ ਅਤੇ ਡੀਸੀ ਫਰੀਦਕੋਟ ਨੂੰ ਰੋਸ ਮਾਰਚ ਕਰਨ ਉਪਰੰਤ ਪਿੰਡ ਹਰੀ ਨੌ ਦੇ ਖੁਦਕੁਸ਼ੀ ਕਰਨ ਵਾਲੇ ਪੀੜਤ ਕਿਸਾਨਾਂ ਦਾ ਕਰਜ਼ਾ ਮਾਫ ਕਰਨ, ਪੀੜਿਤ ਕਿਸਾਨਾਂ ਦੀਆਂ ਦੋ ਛੋਟੀਆਂ ਧੀਆਂ ਅਤੇ ਬਾਕੀ ਪਰਿਵਾਰ ਦਾ ਜ਼ਿੰਦਗੀ ਗੁਜਰ ਦਾ ਪ੍ਰਬੰਧ ਕਰਨ ਅਤੇ ਲੈਂਡ ਮੋਰਗੇਜ ਬੈਂਕਾਂ ਰਾਹੀਂ ਛੋਟੇ, ਵੱਡੇ ਸਾਰੇ ਹੀ ਕਿਸਾਨਾਂ ਦੀਆਂ ਜਮੀਨਾਂ ਦੀ ਨਿਲਾਮੀ ਕਰਨ ਵਾਲੇ ਹੁਕਮਾਂ ਨੂੰ ਰੱਦ ਕਰਨ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਅਤੇ ਐਮਐਸਪੀ ਦਾ ਗਾਰੰਟੀ ਕਾਨੂੰਨ ਨਾਂ ਹੋਣ ਕਰਕੇ ਹੀ ਕਿਸਾਨ ਸਰਕਾਰ ਵੱਲੋਂ ਐਲਾਨੀ ਜਾਂਦੀ ਐਮਐਸਪੀ ਤੋ ਥੱਲੇ ਫਸਲ ਵੇਚਣ ਕਾਰਨ ਕਰਜਾਈ ਹੋਏ ਹਨ ਅਤੇ ਹੁਣ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਕਰਜਾਈ ਹੋਏ ਕਿਸਾਨਾਂ ਦੀ ਜਮੀਨ ਉੱਪਰ ਪੰਜਾਬ ਸਰਕਾਰ ਵੱਲੋਂ ਮੈਲੀ ਅੱਖ ਰੱਖ ਕੇ ਕੁਰਕੀ ਰਾਹੀਂ ਜਮੀਨਾਂ ਖੋਹਣ ਦੇ ਮਨਸੂਬੇ ਘੜੇ ਜਾ ਰਹੇ ਹਨ ਅਤੇ ਕੁੱਝ ਕਿਸਾਨ ਹਿਤੈਸ਼ੀ ਜਥੇਬੰਦੀਆਂ ਹੋਣ ਦਾ ਦਿਖਾਵਾ ਕਰਨ ਵਾਲੀਆਂ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੀ ਇਸ ਕਿਸਾਨਾਂ ਤੋਂ ਜਮੀਨਾਂ ਖੋਹਣ ਲਈ ਲਿਆਂਦੀ ਗਈ ਜਮੀਨ ਕੁਰਕੀ ਦੀ ਪਾਲਸੀ ਦੀ ਹਮਾਇਤ ਕੀਤੀ ਜਾ ਰਹੀ ਹੈ ਜਿਸ ਤੋਂ ਉਹਨਾ ਜੱਥੇਬੰਦੀਆ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਉਹਨਾਂ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ 3²+50% ਫਾਰਮੂਲੇ ਅਨੁਸਾਰ ਫਸਲਾ ਦੇ ਭਾਅ ਦੇਣ ਦੀ ਬਜਾਏ ਲਾਗਤ ਮੁੱਲ ਤੋਂ ਵੀ ਬਹੁਤ ਥੱਲੇ ਫਸਲਾ ਦੇ ਭਾਅ ਦਿੱਤੇ ਜਾ ਰਹੇ ਹਠ ਜਿਸ ਕਰਕੇ ਸਰਕਾਰ ਦੀਆਂ ਇਹਨਾਂ ਕਿਸਾਨ ਮਾਰੂ ਨੀਤੀਆਂ ਕਾਰਨ ਹੀ ਕਿਸਾਨ ਕਰਜਾਈ ਹੋਏ ਹਨ ਜੇਕਰ ਕਿਸਾਨਾਂ ਨੂੰ ਡਾਕਟਰ ਸਵਾਮੀਨਾਥਨ ਦੇ 3²+50% ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ ਮਿਲਣ ਤਾਂ ਕਿਸੇ ਵੀ ਕਿਸਾਨ ਨੂੰ ਨਾਂ ਤਾਂ ਕਰਜਾਈ ਹੋ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਵੇ ਅਤੇ ਨਾਂ ਹੀ ਕਿਸੇ ਕਿਸਾਨ ਨੂੰ ਬੈਂਕ ਤੋਂ ਕਰਜ਼ਾ ਲੈਣਾ ਪਵੇ ਅਤੇ ਇਹ ਜੋ ਪੰਜਾਬ ਸਰਕਾਰ ਵੱਲੋਂ 20 ਏਕੜ ਤੋਂ ਉੱਪਰ ਵਾਲੇ ਕਿਸਾਨਾਂ ਦੀਆਂ ਜਮੀਨਾਂ ਦੀ ਕੁਰਕੀ ਕਰਨ ਦੀ ਪਾਲਸੀ ਲਿਆਦੀ ਜਾ ਰਹੀ ਹੈ ਉਸ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਸਿੱਧੂਪੁਰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰੇਗੀ ਕਿਉਂਕਿ ਕਿਸਾਨ ਚਾਹੇ ਅੱਧਾ ਏਕੜ ਵਾਲਾ , ਚਾਹੇ 20 ਏਕੜ ਤੋਂ ਉੱਪਰ ਵਾਲਾ ਹੈ ਜਦੋਂ ਕਿਸਾਨ ਦੀ ਫਸਲ ਮਰਦੀ ਹੈ ਤਾਂ ਅੱਧਾ ਏਕੜ ਵਾਲੇ ਦਾ ਅੱਧੇ ਏਕੜ ਦਾ ਨੁਕਸਾਨ ਅਤੇ 20 ਏਕੜ ਵਾਲੇ ਦਾ 20 ਏਕੜ ਦਾ ਨੁਕਸਾਨ ਹੁੰਦਾ ਹੈ ਜਾਣੀ ਕੇ ਕੁਦਰਤੀ ਅਤੇ ਸਰਕਾਰੀ ਮਾਰਾਂ ਕਦੇ ਵੀ ਇਹ ਨਹੀਂ ਦੇਖਦੀਆਂ ਕਿ ਜਿਸ ਦੀ ਫਸਲ ਮਰ ਰਹੀ ਹੈ, ਉਹ ਛੋਟਾ ਕਿਸਾਨ ਹੈ ਜਾ ਵੱਡਾ ਕਿਸਾਨ ਹੈ। ਉਹਨਾਂ ਅੱਗੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਸਰਕਾਰਾਂ ਦੀਆਂ ਇਹਨਾਂ ਕਿਸਾਨ ਮਾਰੂ ਨੀਤੀਆਂ ਕਾਰਨ ਅਤੇ ਐਮਐਸਪੀ ਦਾ ਗਾਰੰਟੀ ਕਾਨੂੰਨ ਅਤੇ ਡਾਕਟਰ ਸਵਾਮੀਨਾਥਨ ਦੇ 3²+50% ਫਾਰਮੂਲੇ ਅਨੁਸਾਰ ਪਿੱਛਲੇ ਲੰਮੇ ਸਮੇਂ ਤੋਂ ਫਸਲਾਂ ਦੇ ਭਾਅ ਨਾਂ ਮਿਲਣ ਕਾਰਨ ਅਤੇ ਹੁਣ ਆਲੂਆਂ ਦੀ ਫਸਲ ਵਿੱਚ ਪਏ ਘਾਟੇ ਅਤੇ ਲੈਂਡ ਮੋਰਗੇਜ ਬੈਂਕਾਂ ਵੱਲੋਂ ਕਰਜਾਈ ਕਿਸਾਨਾਂ ਦੀਆਂ ਤਸਵੀਰਾਂ ਲਗਾ ਕੇ ਸਮਾਜਿਕ ਤੌਰ ਤੇ ਜਲੀਲ ਕਰਨ ਦੇ ਡਰ ਕਾਰਨ ਹੀ ਪਿੰਡ ਹਰੀ ਨੌ ਦੇ ਦੋ ਸਕੇ ਭਰਾਵਾਂ ਨੂੰ ਖੁਦਕੁਸ਼ੀ ਕਰ ਲਈ ਮਜਬੂਰ ਹੋਣਾ ਪਿਆ ਅਤੇ ਉਹਨਾਂ ਪਿੰਡ ਹਰੀ ਨੌ ਜਿਲਾ ਫਰੀਦਕੋਟ ਦੇ ਸਕੇ ਭਰਾਵਾਂ ਜਸਕਰਨ ਸਿੰਘ ਤੇ ਜਸਵਿੰਦਰ ਸਿੰਘ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਸਾਰੇ ਸਬੰਧਤ ਮੁਲਾਜ਼ਮਾਂ ਨੂੰ ਸਜਾਵਾਂ ਦਿਵਾਉਣ ਲਈ ਅਤੇ ਸਹਿਕਾਰਤਾ ਵਿਭਾਗ ਦੇ ਮੁਖੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੈਂਡ ਮੋਰਗੇਜ ਬੈਂਕਾਂ ਰਾਹੀਂ ਕਿਸਾਨਾਂ ਦੀ ਜਮੀਨ ਦੀ ਕੁਰਕੀ ਕਰਨ ਦੇ ਦਿੱਤੇ ਗਏ ਹੁਕਮਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਭਰ ਅੰਦਰ ਲੈਂਡ ਮੋਰਗੇਜ ਬੈਂਕਾਂ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁਤਲੇ ਫੂਕੇ ਗਏ ਹਨ ਜਿਸ ਦੀ ਕੜੀ ਤਹਿਤ ਹੀ ਫਰੀਦਕੋਟ ਵਿਖੇ ਬੀਕੇਯੂ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਜਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪੱਈਆਂਵਾਲਾ ਅਤੇ ਜੈਤੋ ਵਿਖੇ ਜਿਲਾ ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆ ਦੀ ਅਗਵਾਈ ਵਿੱਚ ਭਗਵੰਤ ਮਾਨ ਦੇ ਪੁਤਲੇ ਫੂਕੇ ਗਏ ਹਨ। ਉਹਨਾਂ ਅੱਗੇ ਗੱਲਬਾਤ ਕਰਦਿਆ ਹੋਇਆ ਕਿਹਾ ਕਿ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਲਾਗਤ ਮੁੱਲ ਤੋਂ ਬਹੁਤ ਥੱਲੇ ਭਾਅ ਦੇਣ ਕਾਰਨ ਹੀ ਕਿਸਾਨ ਕਰਜਾਈ ਹੋਏ ਹਨ ਇਸ ਲਈ ਸਰਕਾਰ ਵੱਲੋਂ ਜਿਵੇਂ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮਾਫ ਕੀਤੇ ਗਏ ਹਨ ਉਸੇ ਤਰ੍ਹਾਂ ਹੀ ਸਾਰੇ ਕਿਸਾਨਾਂ ਦੀ ਕਰਜ ਮੁਕਤੀ ਕਰੇ ਅਤੇ ਪੰਜਾਬ ਸਰਕਾਰ ਵੱਲੋਂ ਜੋ ਜਮੀਨਾਂ ਦੀ ਕੁਰਕੀ ਕਰਨ ਦਾ ਫੁਰਮਾਨ ਜਾਰੀ ਕੀਤਾ ਗਿਆ ਹੈ ਉਸ ਨੂੰ ਵਾਪਸ ਲਵੇ ਅਤੇ ਬੀਕੇਯੂ ਏਕਤਾ ਸਿੱਧੂਪੁਰ ਵੱਲੋ ਕਿਸੇ ਵੀ ਕਿਸਾਨ ਦੀ ਜਮੀਨ ਦੀ ਨਿਲਾਮੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਉਹਨਾਂ ਨਾਲ ਗੁਰਦਿੱਤਾ ਸਿੰਘ ਜਿਲ੍ਹਾ ਵਿੱਤ ਸਕੱਤਰ, ਤੇਜਾ ਸਿੰਘ ਪੱਕਾ ਬਲਾਕ ਪ੍ਰਧਾਨ ਫਰੀਦਕੋਟ, ਜਿੰਦਰ ਸਿੰਘ ਬਲਾਕ ਪ੍ਰਧਾਨ ਸਾਦਿਕ, ਸੁਖਚਰਨ ਸਿੰਘ ਬਲਾਕ ਪ੍ਰਧਾਨ ਗੋਲੇਵਾਲਾ ਰਾਜਵੀਰ ਸਿੰਘ ਪੱਖੀ ਬਲਾਕ ਗੋਲੇਵਾਲਾ, ਬਲਜਿੰਦਰ ਸਿੰਘ ਬਾੜਾ ਭਾਈਕਾ ਬਲਾਕ ਪ੍ਰਧਾਨ ਬਾਜਾਖਾਨਾ, ਸ਼ਿੰਦਰਪਾਲ ਸਿੰਘ ਬਲਾਕ ਪ੍ਰਧਾਨ ਜੈਤੋ, ਨੈਬ ਸਿੰਘ ਬਲਾਕ ਪ੍ਰਧਾਨ ਸਾਦਿਕ, ਬਲਾਕ ਕੋਟਕਪੂਰਾ ਤੋ ਕਮੇਟੀ ਮੈਂਬਰ ਨਿਰਮਲ ਸਿੰਘ ਢਿੱਲਵਾਂ, ਕਮੇਟੀ ਮੈਂਬਰ ਸੁਖਜੀਵਨ ਸਿੰਘ ਢਿੱਲਵਾਂ, ਯੂਥ ਆਗੂ ਜਤਿੰਦਰਜੀਤ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।

