ਲੁਧਿਆਣਾ 21 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਦੀ ਯੋਗ ਅਗਵਾਈ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਦੀ ਨਿਗਰਾਨੀ ਹੇਠ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਦੇ ਕਲੱਬ ਨੇ ਤ੍ਰੈਮਾਸਿਕ ਸਿਖਲਾਈ ਕੈਂਪ ਆਯੋਜਿਤ ਕੀਤਾ| ਇਸ ਵਿਚ 105 ਜੈਵਿਕ ਖੇਤੀ ਕਿਸਾਨ ਸ਼ਾਮਿਲ ਹੋਏ| ਇਸ ਪ੍ਰੋਗਰਾਮ ਦਾ ਮਕਸਦ ਜੈਵਿਕ ਖੇਤੀ ਅਤੇ ਖੇਤੀ ਨਾਲ ਜੁੜੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦੇਣਾ ਸੀ।
ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ ਡਾ. ਸੋਹਨ ਸਿੰਘ ਵਾਲੀਆ ਨੇ ਵਿਭਾਗ ਵੱਲੋਂ ਖੋਜ ਅਤੇ ਪਸਾਰ ਦੀ ਸਹਾਇਤਾ ਨਾਲ ਕੁਦਰਤੀ ਖੇਤੀ ਲਈ ਕੀਤੇ ਜਾ ਰਹੇ ਯਤਨਾਂ ਦਾ ਹਵਾਲਾ ਦਿੱਤਾ| ਉਹਨਾਂ ਨੇ ਪੀ.ਏ.ਯੂ. ਵੱਲੋਂ ਇਸ ਦਿਸ਼ਾ ਵਿਚ ਕੀਤੇ ਜਾ ਰਹੇ ਕਾਰਜਾਂ ਉੱਪਰ ਜ਼ੋਰ ਦਿੰਦਿਆਂ ਕਿਸਾਨਾਂ ਨੂੰ ਸਿਖਲਾਈ ਲੈ ਕੇ ਜੈਵਿਕ ਖੇਤੀ ਤਕਨੀਕਾਂ ਅਪਨਾਉਣ ਲਈ ਪ੍ਰੇਰਿਤ ਕੀਤਾ|
ਭੂਮੀ ਵਿਗਿਆਨੀ ਡਾ. ਸੰਦੀਪ ਸ਼ਰਮਾ ਨੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਸਾੜਨ ਦੀ ਬਜਾਏ ਇਸ ਤੋਂ ਜੈਵਿਕ ਖਾਦ ਤਿਆਰ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਰਾਲੀ ਦੀ ਢੁਕਵੇਂ ਢੰਗ ਨਾਲ ਸੰਭਾਲ ਅਤੇ ਖਾਦ ਵਿੱਚ ਤਬਦੀਲੀ ਕਰਨ ਨਾਲ ਇਸ ਦੀ ਰਹਿੰਦ-ਖੂੰਹਦ ਨੂੰ ਉਪਯੋਗੀ ਬਣਾਉਣ ਦੇ ਨਾਲ-ਨਾਲ ਮਿੱਟੀ ਵਿੱਚ ਜੈਵਿਕ ਪਦਾਰਥ ਅਤੇ ਪੋਸ਼ਕ ਤੱਤਾਂ ਦੀ ਉਪਲਬਧਤਾ ਵਧਾਈ ਜਾ ਸਕਦੀ ਹੈ।
ਭੋਜਨ ਅਤੇ ਪੋਸ਼ਣ ਵਿਭਾਗ ਤੋਂ ਡਾ. ਨੀਰਜਾ ਸਿੰਗਲਾ ਨੇ ਦਾਲਾਂ ਦੀ ਵਰਤੋਂ ਕਰਕੇ ਨਮਕੀਨ ਅਤੇ ਹੋਰ ਮੁੱਲ-ਵਾਧਾ ਖਾਧ ਉਤਪਾਦ ਤਿਆਰ ਕਰਨ ਦੀ ਤਕਨੀਕ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦਾਲਾਂ ਨੂੰ ਪ੍ਰੋਸੈਸ ਕਰਕੇ ਤਿਆਰ ਕੀਤੇ ਜਾਣ ਵਾਲੇ ਅਜਿਹੇ ਉਤਪਾਦ ਕਿਸਾਨਾਂ ਅਤੇ ਪੇਂਡੂ ਉੱਦਮੀਆਂ ਲਈ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਰਾਹੀਂ ਵਾਧੂ ਆਮਦਨ ਦੇ ਮੌਕੇ ਪੈਦਾ ਕਰ ਸਕਦੇ ਹਨ।
ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਵਿਭਾਗ ਤੋਂ ਸ. ਮਨਜਿੰਦਰ ਸਿੰਘ ਨੇ ਖੇਤੀ ਸੈਰ-ਸਪਾਟਾ ਨੀਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿਸਾਨ ਆਪਣੇ ਖੇਤਾਂ, ਬਾਗ਼ਾਂ ਅਤੇ ਪੇਂਡੂ ਜੀਵਨ ਨੂੰ ਸੈਰ-ਸਪਾਟੇ ਨਾਲ ਜੋੜ ਕੇ ਆਮਦਨ ਦੇ ਨਵੇਂ ਸਰੋਤ ਪੈਦਾ ਕਰ ਸਕਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਫਾਰਮ ਸਟੇਅ, ਪੇਂਡੂ ਜੀਵਨ ਦੇ ਤਜਰਬੇ ਅਤੇ ਸਥਾਨਕ ਖਾਣ-ਪੀਣ ਤੇ ਸੱਭਿਆਚਾਰ ਰਾਹੀਂ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੇ ਮੌਕਿਆਂ ਬਾਰੇ ਜਾਣੂ ਕਰਵਾਇਆ।
ਅੰਤ ਵਿੱਚ ਅਗਾਂਹਵਧੂ ਕਿਸਾਨ ਸ. ਜੋਬਨਪ੍ਰੀਤ ਸਿੰਘ ਨੇ ਆਪਣੇ ਜੈਵਿਕ ਖੇਤੀ ਦੇ ਤਜਰਬੇ ਸਾਂਝੇ ਕੀਤੇ, ਜੋ ਹੋਰ ਕਿਸਾਨਾਂ ਲਈ ਪ੍ਰੇਰਣਾਦਾਇਕ ਸਾਬਤ ਹੋਏ।
ਇਸ ਮੌਕੇ ਕਲੱਬ ਦੇ ਪ੍ਰਧਾਨ ਸ. ਅੰਮ੍ਰਿਤ ਸਿੰਘ ਚਾਹਲ ਨੇ ਹਾਜ਼ਰ ਮਾਹਿਰਾਂ ਅਤੇ ਕਿਸਾਨਾਂ ਦਾ ਸਵਾਗਤ ਕੀਤਾ। ਅੰਤ ਵਿਚ ਡਾ. ਅਮਨਦੀਪ ਸਿੰਘ ਸਿੱਧੂ ਨੇ ਸਭ ਦਾ ਧੰਨਵਾਦ ਕੀਤਾ| ਮੰਚ ਦਾ ਸੰਚਾਲਨ ਸੰਚਾਰ ਕੇਂਦਰ ਤੋਂ ਸ਼੍ਰੀ ਵਰਿੰਦਰ ਸਿੰਘ ਨੇ ਕੀਤਾ | ਇਹ ਟ੍ਰੇਨਿੰਗ ਕੈਂਪ ਕਿਸਾਨਾਂ ਲਈ ਬਹੁਤ ਹੀ ਲਾਭਦਾਇਕ ਅਤੇ ਜਾਣਕਾਰੀ ਭਰਪੂਰ ਸਾਬਤ ਹੋਇਆ।

