
ਲੁਧਿਆਣਾ 9 ਜੂਨ (ਵਰਲਡ ਪੰਜਾਬੀ ਟਾਈਮਜ਼)
ਅੱਜ ਪੀ.ਏ.ਯੂ. ਅਤੇ ਭਾਰਤੀ ਮੌਸਮ ਵਿਗਿਆਨ ਵਿਭਾਗ ਵਿਚਕਾਰ ਇਕ ਸਮਝੌਤੇ ਉੱਪਰ ਸਹੀ ਪਾਈ ਗਈ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਅਤੇ ਭਾਰਤੀ ਮੌਸਮ ਵਿਗਿਆਨ ਵਿਭਾਗ ਚੰਡੀਗੜ ਦੇ ਨਿਰਦੇਸ਼ਕ ਡਾ. ਸੁਰਿੰਦਰ ਪੌਲ ਨੇ ਸਮਝੌਤੇ ਉੱਪਰ ਦਸਤਖਤ ਕੀਤੇ| ਪੀ.ਏ.ਯੂ. ਦੇ ਉੱਚ ਅਧਿਕਾਰੀ ਜਿਨ੍ਹਾਂ ਵਿਚ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਅਤੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਇਸ ਮੌਕੇ ਮੌਜੂਦ ਰਹੇ|
ਡਾ. ਸਤਿਬੀਰ ਸਿੰਘ ਗੋਸਲ ਨੇ ਅੰਮ੍ਰਿਤਸਰ ਵਿਖੇ ਡੌਪਲਰ ਮੌਸਮ ਰਾਡਾਰ ਸਥਾਪਿਤ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਮੌਸਮ ਸੰਬੰਧੀ ਅਗਾਊਂ ਸੂਚਨਾ ਪ੍ਰਣਾਲੀ ਵਿਕਸਿਤ ਹੋਵੇਗੀ| ਉੱਤਰ ਪੱਛਮ ਭਾਰਤ ਵਿਚ ਸਟੀਕ ਮੌਸਮੀ ਭਵਿੱਖਬਾਣੀ ਸੰਬੰਧੀ ਅੰਕੜੇ ਇਕੱਤਰ ਕਰਕੇ ਉਹਨਾਂ ਨੂੰ ਜ਼ਮੀਨੀ ਪੱਧਰ ਦੀਆਂ ਸਥਿਤੀਆਂ ਨਾਲ ਮੇਲ ਕੇ ਰਾਜ ਵਿਚ ਮੌਸਮ ਵਿਗਿਆਨ ਦੇ ਨੈੱਟਵਰਕ ਦਾ ਵਿਸਥਾਰ ਸੰਭਵ ਹੋ ਸਕੇਗਾ| ਡਾ. ਗੋਸਲ ਨੇ ਏ ਆਈ ਵਿਧੀਆਂ ਦੀ ਸਹਾਇਤਾ ਨਾਲ ਖੇਤੀ ਵਿਚ ਅਗਾਊਂ ਮੌਸਮੀ ਭਵਿੱਖਬਾਣੀ ਤੰਤਰ ਦੀ ਸਥਾਪਤੀ ਉੱਪਰ ਜ਼ੋਰ ਦਿੱਤਾ| ਉਹਨਾਂ ਕਿਹਾ ਕਿ ਫਸਲਾਂ ਦੇ ਬਿਹਤਰ ਉਤਪਾਦਨ ਅਤੇ ਵੱਧ ਝਾੜ ਲਈ ਮੌਸਮ ਸੰਬੰਧੀ ਸਹੀ-ਸਹੀ ਜਾਣਕਾਰੀ ਅੱਜ ਦੇ ਸਮੇਂ ਦੀ ਪ੍ਰਮੁੱਖ ਜ਼ਰੂਰਤ ਹੈ|
ਇਸ ਮੌਕੇ ਗੱਲ ਕਰਦਿਆਂ ਭਾਰਤੀ ਮੌਸਮ ਵਿਗਿਆਨ ਵਿਭਾਗ, ਚੰਡੀਗੜ ਦੇ ਨਿਰਦੇਸ਼ਕ ਡਾ. ਸੁਰਿੰਦਰ ਪੌਲ ਨੇ ਕਿਹਾ ਕਿ ਇਹ ਰਾਡਾਰ ਮਿਸ਼ਨ ਮੌਸਮ ਸਕੀਮ ਤਹਿਤ ਭਾਰਤ ਸਰਕਾਰ ਦੀ ਯੋਜਨਾਬੰਦੀ ਦਾ ਹਿੱਸਾ ਹੈ| ਉਹਨਾਂ ਦੱਸਿਆ ਕਿ ਸੀ ਬੈਂਡ ਡੌਪਲਰ ਮੌਸਮੀ ਰਾਡਾਰ ਕ੍ਰਿਸ਼ੀ ਵਿਗਿਆਨ ਕੇਂਦਰ ਨਾਗਕਲਾਂ, ਅੰਮ੍ਰਿਤਸਾਰ ਵਿਚ ਸਥਾਪਿਤ ਕੀਤ ਜਾ ਰਿਹਾ ਹੈ| ਇਹ ਡੌਪਲਰ ਰਾਡਾਰ 250-300 ਕਿਲੋਮੀਟਰ ਦੇ ਘੇਰੇ ਵਿਚ ਮੌਸਮ ਦੀ ਸਹੀ ਜਾਣਕਾਰੀ ਮੁਹੱਈਆ ਕਰਾਉਣ ਦਾ ਕੰਮ ਕਰੇਗਾ| ਇਸ ਨਾਲ ਖੇਤੀ ਸੰਬੰਧੀ ਕਾਰਜਾਂ ਲਈ ਅਗਾਊਂ ਮੌਸਮੀ ਜਾਕਣਾਰੀ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ| ਵਿਸ਼ੇਸ਼ ਤੌਰ ਤੇ ਪੰਜਾਬ ਖੇਤਰ ਵਿਚ ਇਸ ਨਾਲ ਮੌਸਮ ਸੰਬੰਧੀ ਜਾਣਕਾਰੀ ਦੇ ਅੰਕੜੇ ਇਕੱਤਰ ਕਰਨ ਵਿਚ ਸਹਿਯੋਗ ਮਿਲੇਗਾ|
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ 7 ਕ੍ਰਿਸ਼ੀ ਵਿਗਿਆਨ ਕੇਂਦਰਾਂ ਜਿਵੇਂ ਅੰਮ੍ਰਿਤਸਰ, ਪਠਾਨਕੋਟ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਸੰਗਰੂਰ, ਮਾਨਸਾ ਅਤੇ ਮੁਕਤਸਰ ਅਤੇ ਦੋ ਖੋਜ ਕੇਂਦਰਾਂ ਅਬੋਹਰ ਅਤੇ ਕਪੂਰਥਲਾ ਵਿਚ ਜ਼ਮੀਨੀ ਪੱਧਰ ਦੀ ਮੌਸਮੀ ਜਾਣਕਾਰੀ ਦੇਣ ਲਈ ਪ੍ਰੋਜੈਕਟ ਦੋ ਤਹਿਤ 9 ਯੰਤਰ ਸਥਾਪਿਤ ਕੀਤੇ ਗਏ ਹਨ| ਇਹਨਾਂ ਯੰਤਰਾਂ ਦੀ ਸਹਾਇਤਾ ਨਾਲ ਨਾ ਸਿਰਫ ਪੰਜਾਬ ਵਿਚ ਮੌਸਮ ਸੰਬੰਧੀ ਜਾਣਕਾਰੀ ਮਜ਼ਬੂਤ ਹੋਵੇਗੀ ਬਲਕਿ ਮੌਸਮ ਬਾਰੇ ਚੇਤਾਵਨੀ ਵੀ ਪਹਿਲਾਂ ਹੀ ਦਿੱਤੀ ਜਾ ਸਕੇਗੀ|
ਪੀ.ਏ.ਯੂ. ਦੇ ਖੇਤੀ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਰਸਮੀ ਧੰਨਵਾਦ ਕਰਦਿਆਂ ਪੀ.ਏ.ਯੂ. ਅਤੇ ਭਾਰਤੀ ਮੌਸਮ ਵਿਗਿਆਨ ਵਿਭਾਗ ਵਿਚਕਾਰ ਸਾਂਝੇ ਪ੍ਰੋਜੈਕਟ ਬਾਰੇ ਚਾਨਣਾ ਪਾਇਆ| ਇਸਦੇ ਨਾਲ ਹੀ ਉਹਨਾਂ ਨੇ ਸਥਾਪਿਤ ਕੀਤੇ ਜਾ ਰਹੇ ਡੌਪਲਰ ਮੌਸਮੀ ਰਾਡਾਰ ਦੀ ਕਾਰਜ ਪ੍ਰਣਾਲੀ ਬਾਰੇ ਵੀ ਜਾਣਕਾਰੀ ਦਿੱਤੀ|
ਡਾ. ਵਿਸ਼ਾਲ ਬੈਕਟਰ ਨੇ ਇਸ ਸਮਾਗਮ ਦਾ ਸੰਚਾਲਨ ਕੀਤਾ| ਮੌਸਮ ਵਿਗਿਆਨੀ ਡਾ. ਪ੍ਰਭਜਯੋਤ ਕੌਰ ਸਿੱਧੂ ਨੇ ਅੰਤ ਵਿਚ ਸਭ ਦਾ ਧੰਨਵਾਦ ਕੀਤਾ

