ਮਾਸਿਕ ਮੀਟਿੰਗ ਦੌਰਾਨ ਯੂਨੀਵਰਸਿਟੀ ਉੱਚ ਅਧਿਕਾਰੀਆਂ ਅਤੇ ਮਾਹਿਰਾਂ ਨੇ ਕਿਸਾਨਾਂ ਨੂੰ ਸਿੱਖਿਅਤ ਕੀਤਾ

ਲੁਧਿਆਣਾ 7 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਡਾਇਰੈਕੋਰੇਟ ਪਸਾਰ ਸਿੱਖਿਆ ਦੀ ਅਗਵਾਈ ਵਿਚ ਹਰ ਮਹੀਨੇ ਕਰਵਾਈ ਜਾਂਦੀ ਕਿਸਾਨ ਕਲੱਬ ਦੀ ਮੀਟਿੰਗ ਇਸ ਵਾਰ ਵਿਸ਼ੇਸ਼ ਤੌਰ ਤੇ ਕਿਸਾਨਾਂ ਦੀ ਭਰਵੀਂ ਹਾਜ਼ਰੀ ਦੀ ਗਵਾਹ ਬਣੀ| 125 ਕਿਸਾਨ ਮੈਂਬਰਾਂ ਨੇ ਇਸ ਮੀਟਿੰਗ ਵਿਚ ਹਿੱਸਾ ਲੈ ਕੇ ਵੱਖ-ਵੱਖ ਮਾਹਿਰਾਂ ਦੇ ਵਿਚਾਰ ਸੁਣੇ ਅਤੇ ਉਹਨਾਂ ਨਾਲ ਆਪਣੀ ਕਾਸ਼ਤਕਾਰੀ ਬਾਰੇ ਮਸ਼ਵਰੇ ਕੀਤੇ| ਇਸ ਮੀਟਿੰਗ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ ਜਦਕਿ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ|
ਇਸ ਮੀਟਿੰਗ ਦੌਰਾਨ ਪੀ.ਏ.ਯੂ. ਕਿਸਾਨ ਕਲੱਬ ਦੇ ਮੈਂਬਰਾਂ ਨੇ ਸਰਵਸੰਮਤੀ ਨਾਲ ਕਿਹਾ ਕਿ ਮੌਜੂਦਾ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਸਾਨ ਅਤੇ ਕਿਸਾਨੀ ਦੀ ਬਿਹਤਰੀ ਲਈ ਆਪਣੇ ਕਾਰਜਕਾਲ ਦੌਰਾਨ ਲਾਜਵਾਬ ਕਾਰਜ ਕੀਤਾ ਹੈ| ਉਹਨਾਂ ਦੀ ਅਗਵਾਈ ਵਿਚ ਯੂਨੀਵਰਸਿਟੀ ਲਗਾਤਾਰ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਬਣੀ| ਕਲੱਬ ਦੇ ਮੈਂਬਰਾਂ ਨੇ ਉਹਨਾਂ ਦੇ ਇਕ ਹੋਰ ਕਾਰਜਕਾਲ ਵਾਧੇ ਲਈ ਸਰਕਾਰ ਨੂੰ ਅਪੀਲ ਕੀਤੀ|
ਡਾ. ਗੋਸਲ ਨੇ ਆਪਣੇ ਭਾਸ਼ਣ ਵਿਚ ਕਲੱਬ ਨਾਲ ਜੁੜੇ ਕਿਸਾਨਾਂ ਨੂੰ ਪੀ.ਏ.ਯੂ. ਦੇ ਪਸਾਰ ਦੂਤ ਕਿਹਾ| ਉਹਨਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਖੋਜੀਆਂ ਗਈਆਂ ਤਕਨਾਲੋਜੀਆਂ ਦੂਰ-ਦਰਾਜ ਦੇ ਕਿਸਾਨਾਂ ਤੱਕ ਪਹੁੰਚਾਉਣ ਅਤੇ ਆਪਣੇ ਖੇਤਾਂ ਵਿਚ ਉਹਨਾਂ ਦੀ ਪਰਖ ਕਰਨ ਲਈ ਕਲੱਬ ਦੇ ਮੈਂਬਰ ਸ਼ਲਾਘਾ ਦੇ ਹੱਕਦਾਰ ਹਨ| ਡਾ. ਗੋਸਲ ਨੇ ਖੇਤੀ ਨੂੰ ਕਾਰੋਬਾਰੀ ਲੀਹਾਂ ਤੇ ਤੋਰਨ ਲਈ ਯੂਨੀਵਰਸਿਟੀ ਦੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ| ਉਹਨਾਂ ਦੱਸਿਆ ਕਿ ਪੰਜਾਬ ਤੋਂ ਗਏ ਕਿਸਾਨਾਂ ਨੇ ਵਿਦੇਸ਼ ਵਿਚ ਬਦਾਮਾਂ ਅਤੇ ਸੌਗੀ ਦੇ ਕਿੰਗ ਹੋਣ ਦਾ ਰੁਤਬਾ ਹਾਸਲ ਕੀਤਾ ਹੈ| ਇਸਦਾ ਕਾਰਨ ਇਹ ਹੈ ਕਿ ਉਹਨਾਂ ਨੇ ਖੇਤੀ ਨੂੰ ਖੇਤੀ ਕਾਰੋਬਾਰ ਵਿਚ ਬਦਲ ਕੇ ਵਧੇਰੇ ਮੁਨਾਫਾ ਕਮਾਇਆ| ਪੰਜਾਬ ਦੇ ਕਿਸਾਨ ਨੂੰ ਵੀ ਅਜਿਹੇ ਤਰੀਕਿਆਂ ਨਾਲ ਖੇਤੀ ਨਾਲ ਜੁੜਨ ਦੀ ਲੋੜ ਹੈ|
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਆਉਂਦੇ ਦਿਨੀਂ ਲੱਗਣ ਵਾਲੇ ਹਾੜੀ ਦੇ ਕਿਸਾਨ ਮੇਲਿਆ ਵਿਚ ਵੱਧ ਚੜ ਕੇ ਹਿੱਸਾ ਲੈਣ| ਉਹਨਾਂ ਨੇ ਇਹਨਾਂ ਮੇਲਿਆਂ ਬਾਬਤ ਹੋਰ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਵੀ ਕੀਤੀ|
ਇਸ ਕੈਂਪ ਦੇ ਪ੍ਰੋਗਰਾਮ ਨਿਰਦੇਸ਼ਕ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਸਨ| ਡਾ. ਰਿਆੜ ਨੇ ਕਿਸਾਨਾਂ ਨੂੰ ਕਿਸਾਨ ਕਲੱਬ ਦੀਆਂ ਗਤੀਵਿਧੀਆਂ ਆਪਣੇ ਆਸ ਪਾਸ ਦੇ ਕਾਸ਼ਤਕਾਰਾਂ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ| ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਆਪਣੇ ਆਰੰਭ ਤੋਂ ਹੀ ਕਿਸਾਨਾਂ ਨਾਲ ਨੇੜਲੇ ਸੰਬੰਧ ਸਥਾਪਿਤ ਕੀਤੇ ਹਨ| ਇਸੇ ਦਾ ਸਿੱਟਾ ਹੈ ਕਿ ਯੂਨੀਵਰਸਿਟੀ ਨੂੰ ਦੇਸ਼ ਪੱਧਰ ਤੇ ਲਗਾਤਾਰ ਸਰਵੋਤਮ ਸੰਸਥਾ ਹੋਣ ਦਾ ਮਾਣ ਹਾਸਲ ਹੋ ਰਿਹਾ ਹੈ|
ਖੇਤੀ ਮਾਹਿਰਾਂ ਵਜੋਂ ਇਸ ਵਾਰ ਸਬਜ਼ੀ ਵਿਗਿਆਨੀ ਡਾ. ਨਵਜੋਤ ਬਰਾੜ ਨੇ ਆਲੂਆਂ ਦੀ ਸਫਲ ਕਾਸ਼ਤ ਬਾਰੇ, ਖੇਤਰੀ ਖੋਜ ਕੇਂਦਰ ਕਪੂਰਥਲਾ ਦੇ ਡਾ. ਰਜਿੰਦਰ ਕੁਮਾਰ ਨੇ ਕਮਾਦ ਦੀ ਸਫਲ ਕਾਸ਼ਤਕਾਰੀ ਬਾਰੇ, ਫਲ ਵਿਗਿਆਨੀ ਡਾ. ਜਸਵਿੰਦਰ ਬਰਾੜ ਨੇ ਬਰਸਾਤ ਰੁੱਤ ਵਿਚ ਫਲਾਂ ਦੇ ਬੂਟੇ ਲਾਉਣ ਬਾਰੇ ਅਤੇ ਮਾਈਕ੍ਰੋਬਾਇਆਲੋਜੀ ਮਾਹਿਰ ਡਾ. ਐਨਾ ਗੋਇਲ ਨੇ ਔਸ਼ਧੀ ਖੁੰਬਾਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ| ਇਸ ਤੋਂ ਇਲਾਵਾ ਫਸਲੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਬਾਰੇ ਬਨੀਤਾ ਸ਼ਾਹ ਨੇ ਆਪਣੇ ਵਿਚਾਰ ਸਾਂਝੇ ਕੀਤੇ| ਕਲੱਬ ਦੀਆਂ ਗਤੀਵਿਧੀਆਂ ਬਾਰੇ ਡਾ. ਲਵਲੀਸ਼ ਗਰਗ ਨੇ ਚਾਨਣਾ ਪਾਇਆ|
ਸਵਾਗਤ ਦੇ ਸ਼ਬਦ ਕੈਂਪ ਦੇ ਸੰਚਾਲਕ ਸ਼੍ਰੀ ਵਰਿੰਦਰ ਸਿੰਘ ਨੇ ਕਹੇ| ਅੰਤ ਵਿਚ ਧੰਨਵਾਦ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਗਰੇਵਾਲ ਨੇ ਕੀਤਾ|

