ਲੁਧਿਆਣਾ 16 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਵਿਖੇ 18-19 ਸਤੰਬਰ ਨੂੰ ਹਾੜੀ ਦੀਆਂ ਫਸਲਾਂ ਲਈ ਲਾਏ ਜਾ ਰਹੇ ਕਿਸਾਨ ਮੇਲੇ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਸਮੇਂ ਮੰਚ ਤੋਂ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ| ਇਸ ਬਾਰੇ ਗੱਲਬਾਤ ਕਰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਪੀ.ਏ.ਯੂ. ਨਵੀਆਂ ਖੇਤੀ ਤਕਨੀਕਾਂ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਨਾਲ-ਨਾਲ ਬਾਗਬਾਨੀ, ਸਹਾਇਕ ਕਿੱਤਿਆਂ ਅਤੇ ਹੋਰ ਖੇਤੀ ਕਾਰਜਾਂ ਲਈ ਲੀਹ ਪਾੜਨ ਵਾਲੇ ਕਿਸਾਨਾਂ ਨੂੰ ਕਿਸਾਨਾਂ ਨੂੰ ਸਨਮਾਨਿਤ ਕਰਦੀ ਹੈ| ਇਸਦਾ ਉਦੇਸ਼ ਹੋਰ ਕਿਸਾਨਾਂ ਨੂੰ ਵਿਗਿਆਨਕ ਖੇਤੀ ਨਾਲ ਜੋੜ ਕੇ ਉਤਸ਼ਾਹਿਤ ਕਰਨਾ ਹੈ| ਉਹਨਾਂ ਦੱਸਿਆ ਕਿ ਮੇਲੇ ਦੇ ਉਦਘਾਟਨੀ ਸਮਾਰੋਹ ਦੌਰਾਨ ਕਿਸਾਨਾਂ ਨੂੰ ਸਨਮਾਨ ਦਿੱਤੇ ਜਾਣਗੇ|
ਇਹਨਾਂ ਵਿੱਚੋਂ ਸ. ਗੁਰਮੀਤ ਸਿੰਘ ਸਪੁੱਤਰ ਜੋਗਿੰਦਰ ਰਾਮ ਪਿੰਡ ਖੇੜਾ ਕੋਟਲੀ, ਹੁਸ਼ਿਆਰਪੁਰ ਨੂੰ ਸ. ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਦਿੱਤਾ ਜਾ ਰਿਹਾ ਹੈ| ਇਹ ਅਗਾਂਹਵਧੂ ਕਿਸਾਨ ਖੇਤੀ ਵਿਚ 30 ਸਾਲ ਦਾ ਤਜਰਬਾ ਰੱਖਦਾ ਹੈ ਅਤੇ ਇਸਨੇ ਸਹਾਇਕ ਕਿੱਤੇ ਅਪਣਾ ਕੇ ਆਪਣੀ ਪਰਿਵਾਰ ਦੀ ਆਮਦਨ ਵਿੱਚ ਚੋਖਾ ਮੁਨਾਫ਼ਾ ਕੀਤਾ ਹੈ| ਸ. ਗੁਰਮੀਤ ਸਿੰਘ ਕਈ ਅਗਾਂਹਵਧੂ ਸੰਸਥਾਵਾਂ, ਫਾਰਮਾਂ ਤੋਂ ਸਿਖਲਾਈਆਂ ਪ੍ਰਾਪਤ ਕਰ ਚੁੱਕਾ ਹੈ|
ਇਸੇ ਤਰ੍ਹਾਂ ਸ. ਸੁਰਜੀਤ ਸਿੰਘ ਢਿੱਲੋਂ ਖੁਦ ਕਾਸ਼ਕਤਾਰ ਛੋਟੇ ਕਿਸਾਨ ਪੁਰਸਕਾਰ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮਾਲਾਖੇੜੀ ਦੇ 32 ਸਾਲਾ ਨੌਜਵਾਨ ਕਿਸਾਨ ਸ. ਜੋਬਨਦੀਪ ਸਿੰਘ ਸਪੁੱਤਰ ਸ. ਗੱਜਣ ਸਿੰਘ ਨੂੰ ਦਿੱਤਾ ਜਾ ਰਿਹਾ ਹੈ| ਇਸ ਕਿਸਾਨ ਨੇ ਜੈਵਿਕ ਖੇਤੀ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਲਈ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਬਹੁਤ ਸਾਰੀਆਂ ਤਕਨੀਕਾਂ ਨੂੰ ਅਪਣਾ ਕੇ ਆਪਣੀ ਖੇਤੀ ਨੂੰ ਸਫਲਤਾ ਵੱਲ ਤੋਰਿਆ ਹੈ|
ਪ੍ਰਵਾਸੀ ਭਾਰਤੀ ਪੁਰਸਕਾਰਾਂ ਲਈ ਜਿਨ੍ਹਾਂ ਦੋ ਕਿਸਾਨਾਂ ਦੀ ਚੋਣ ਹੋਈ ਉਹਨਾਂ ਵਿੱਚ ਸ. ਗੁਰਦਿਆਲ ਸਿੰਘ ਸਪੁੱਤਰ ਸ. ਨੰਦ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਪਿੰਡ ਸੱਲੋਪੁਰ ਦੇ ਵਸਨੀਕ 60 ਸਾਲਾ ਕਿਸਾਨ ਹਨ| ਮੈਟ੍ਰਿਕ ਤੱਕ ਦੀ ਵਿੱਦਿਆ ਹਾਸਲ ਕਰਨ ਵਾਲੇ ਇਸ ਕਿਸਾਨ ਨੇ 8 ਏਕੜ ਨਿੱਜੀ ਮਾਲਕੀ ਵਾਲੀ ਜ਼ਮੀਨ ਦੇ ਨਾਲ 12 ਏਕੜ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਵੰਨ ਸੁਵੰਨਤਾ ਦਾ ਸਫਲ ਮਾਡਲ ਆਪਣੀ ਕਾਸ਼ਤਕਾਰੀ ਵਿੱਚ ਸਾਕਾਰ ਕੀਤਾ ਹੈ|
ਇਸੇ ਵਰਗ ਵਿਚ ਦੂਜਾ ਇਨਾਮ ਫਰੀਦਕੋਟ ਵਾਸੀ 34 ਸਾਲਾ ਬਲਧੀਰ ਸਿੰਘ ਭੁੱਲਰ ਸਪੁੱਤਰ ਸ. ਬਲਕਰਨ ਸਿੰਘ ਭੁੱਲਰ ਦੀ ਝੋਲੀ ਪਿਆ ਜੋ ਖੇਤੀ ਵੰਨ-ਸੁਵੰਨਤਾ ਨਾਲ ਜੁੜੇ ਵਿਗਿਆਨਕ ਸੋਚ ਵਾਲੇ ਅਗਾਂਹਵਧੂ ਕਿਸਾਨ ਹਨ| ਬਲਧੀਰ ਸਿੰਘ ਭੁੱਲਰ ਨੇ ਪਿਛਲੇ 18 ਸਾਲ ਤੋਂ ਖੇਤੀ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਦੀ ਥਾਂ ਲਗਾਤਾਰ ਆਮਦਨ ਦੇਣ ਵਾਲੇ ਅਤੇ ਮੁਨਾਫ਼ੇਯੋਗ ਕਿੱਤੇ ਵਜੋਂ ਵਿਕਸਿਤ ਕਰਨ ਲਈ ਪੂਰਾ ਜ਼ੋਰ ਲਾਇਆ ਹੈ|
ਸ. ਦਲੀਪ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਲਈ ਜ਼ਿਲ੍ਹਾ ਪਟਿਆਲਾ ਦੇ ਪਿੰਡ ਮਦਾਰਪੁਰ ਦੇ ਕਿਸਾਨ ਸ. ਕੁਲਵਿੰਦਰ ਸਿੰਘ ਪੁੱਤਰ ਲਾਲ ਸਿੰਘ ਦੀ ਚੋਣ ਹੋਈ ਹੈ| ਇਸ ਕਿਸਾਨ ਨੇ ਖੇਤ ਫਸਲਾਂ ਲਈ ਵਿਕਸਿਤ ਤਕਨੀਕਾਂ ਅਪਨਾਉਣ ਦੇ ਨਾਲ-ਨਾਲ ਵਾਤਾਵਰਨ ਪੱਖੀ ਸਿਫ਼ਾਰਸ਼ਾਂ ਆਪਣੇ ਖੇਤਾਂ ਵਿਚ ਲਾਗੂ ਕਰਕੇ ਹੋਰ ਕਿਸਾਨਾਂ ਲਈ ਪ੍ਰੇਰਨਾਦਾਇਕ ਕਾਰਜ ਕੀਤਾ ਹੈ|
ਸ. ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਜੋ ਸਬਜ਼ੀਆਂ ਨੂੰ ਘੱਟੋ ਘੱਟ 60 ਫੀਸਦੀ ਰਕਬੇ ਵਿਚ ਉਗਾਉਂਦਾ ਕਿਸਾਨ ਹੋਵੇ ਨੂੰ ਦਿੱਤਾ ਜਾਂਦਾ ਹੈ| ਇਸ ਵਾਰ ਇਸ ਇਨਾਮ ਗੁਣਾ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਰਹਿਮੇ-ਕੇ-ਉਤਾੜ ਦੇ ਕਿਸਾਨ ਸ. ਮਨਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਉੱਪਰ ਪਿਆ ਹੈ| ਇਹ ਇਨਾਮ ਉਹਨਾਂ ਨੂੰ ਸਬਜ਼ੀਆਂ ਦੇ ਖੇਤਰ ਵਿਚ ਵਿਕਸਿਤ ਤਕਨੀਕਾਂ ਅਪਨਾਉਣ ਲਈ ਦਿੱਤਾ ਜਾਵੇਗਾ|
ਇਸ ਤੋਂ ਇਲਾਵਾ ਭਾਈ ਬਾਬੂ ਸਿੰਘ ਬਰਾੜ ਛੱਪੜ ਪੁਰਸਕਾਰ ਜ਼ਿਲ੍ਹਾ ਪਟਿਆਲਾ ਦੇ ਪਿੰਡ ਮੋਹੀਕਲਾਂ ਦੀ ਪੰਚਾਇਤ ਨੂੰ ਪ੍ਰਦਾਨ ਕੀਤਾ ਜਾਵੇਗਾ|
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਇਹ ਕਿਸਾਨ ਆਪਣੇ ਇਲਾਕੇ ਦੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਚਾਨਣ-ਮੁਨਾਰੇ ਸਾਬਿਤ ਹੋਏ ਹਨ| ਉਹਨਾਂ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਵਿਚ ਪਹੁੰਚ ਕੇ ਸੀਮਤ ਸਰੋਤਾਂ ਰਾਹੀਂ ਪਰਿਵਾਰਕ ਆਮਦਨ ਵਧਾਉਣ ਦੇ ਨੁਕਤੇ ਇਹਨਾਂ ਕਿਸਾਨਾਂ ਕੋਲੋਂ ਸਿੱਖਣ ਅਤੇ ਪਰਿਵਾਰਾਂ ਸਮੇਤ ਕਿਸਾਨ ਮੇਲੇ ਵਿਚ ਸ਼ਾਮਿਲ ਹੋਣ|

