ਲੁਧਿਆਣਾ 8 ਜੂਨ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਭਾਰਤ ਦੀ ਪੋਸ਼ਣ ਸੁਸਾਇਟੀ ਦੇ ਲੁਧਿਆਣਾ ਚੈਪਟਰ ਨਾਲ ਸਹਿਯੋਗ ਕਰਕੇ ਵਿਸ਼ਵ ਭੋਜਨ ਸੁਰੱਖਿਆ ਦਿਹਾੜਾ ਮਨਾਇਆ| ਇਸਦਾ ਮੰਤਵ ਆਮ ਲੋਕਾਂ ਨੂੰ ਭੋਜਨ ਸੁਰੱਖਿਆ ਅਤੇ ਸੁਰੱਖਿਆ ਵਿਧੀਆਂ ਪ੍ਰਤੀ ਜਾਗਰੂਕ ਕਰਨਾ ਸੀ|
ਸਮਾਗਮ ਦੇ ਮੁੱਖ ਮਹਿਮਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਭੋਜਨ ਅਤੇ ਪੋਸ਼ਣ ਸੁਰੱਖਿਆ ਲਈ ਯੂਨੀਵਰਸਿਟੀ ਵੱਲੋਂ ਅਪਣਾਈਆਂ ਜਾ ਰਹੀਆਂ ਨਵੀਆਂ ਤਕਨੀਕਾਂ ਅਤੇ ਵਿਧੀਆਂ ਦਾ ਹਵਾਲਾ ਦਿੱਤਾ ਅਤੇ ਉਹਨਾਂ ਨੇ ਲੋਕਾਂ ਦੀ ਸਿਹਤ ਸੰਭਾਲ ਲਈ ਭੋਜਨ ਸੁਰੱਖਿਆ ਦੀਆਂ ਬੁਨਿਆਦੀ ਧਾਰਨਾਵਾਂ ਲਾਗੂ ਕਰਨ ਉੱਪਰ ਜ਼ੋਰ ਦਿੱਤਾ| ਡਾ. ਗੋਸਲ ਨੇ ਕਿਹਾ ਕਿ ਅੱਜ ਦਾ ਖੇਤੀ ਯੁੱਗ ਸਮਾਜ ਲਈ ਪੋਸ਼ਣ ਦੇ ਮਹੱਤਵ ਨੂੰ ਦ੍ਰਿੜ ਕਰਾਉਣ ਦਾ ਹੈ|
ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਇਸ ਮੌਕੇ ਵਿਸ਼ਵ ਭੋਜਨ ਸੁਰੱਖਿਆ ਦਿਹਾੜੇ ਦੀ ਮਹੱਤਤਾ ਬਾਰੇ ਗੱਲਬਾਤ ਕੀਤੀ| ਉਹਨਾਂ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸਿਹਤਮੰਦ ਭੋਜਨ ਦੀ ਜ਼ਰੂਰਤ ਵਧੀ ਹੈ ਅਤੇ ਇਸ ਦਿਸ਼ਾ ਵਿਚ ਭੋਜਨ ਅਤੇ ਪੋਸ਼ਣ ਵਿਭਾਗ ਵੱਲੋਂ ਫੈਲਾਈ ਜਾ ਰਹੀ ਜਾਗਰੂਕਤਾ ਦਾ ਮੁੱਲ ਵਧ ਜਾਂਦਾ ਹੈ|
ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਨੇ ਸੰਬੰਧਿਤ ਵਿਸ਼ੇ ਬਾਰੇ ਵਿਭਾਗ ਦੀਆਂ ਗਤੀਵਿਧੀਆਂ ਦਾ ਖੁਲਾਸਾ ਕੀਤਾ| ਉਹਨਾਂ ਕਿਹਾ ਕਿ ਆਮ ਲੋਕਾਂ ਤੱਕ ਭੋਜਨ ਦੀ ਸੁਰੱਖਿਆ ਨੂੰ ਪਹੁੰਚਾਉਣਾ ਬੇਹੱਦ ਲਾਜ਼ਮੀ ਹੈ|
ਜ਼ਿਕਰਯੋਗ ਹੈ ਕਿ ਮੌਜੂਦਾ ਸਾਲ ਵਿਚ ਭੋਜਨ ਸੁਰੱਖਿਆ ਲਈ ਹੱਲ ਦੀ ਤਲਾਸ਼ ਬਾਰੇ ਵਿਸ਼ਵ ਪੱਧਰ ਤੇ ਥੀਮ ਤਹਿਤ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ ਤਾਂ ਜੋ ਆਮ ਲੋਕਾਂ ਤੱਕ ਭੋਜਨ ਸੁਰੱਖਿਆ ਦਾ ਪਸਾਰ ਕੀਤਾ ਜਾ ਸਕੇ| ਇਸ ਮੌਕੇ ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਵੀ ਮੌਜੂਦ ਸਨ|

