

ਸ਼੍ਰੀ ਮੁਕਤਸਰ ਸਾਹਿਬ 22 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਜ਼ਿਲ੍ਹਾ ਮੁਕਤਸਾਰ ਦੇ ਕਾਉਂਣੀ ਵਿਖੇ ਪੀ.ਏ.ਯੂ. ਵੱਲੋਂ ਚਲਾਏ ਜਾ ਰਹੇ ਮਾਡਲ ਹਾਈ ਸਕੂਲ ਦਾ ਸਲਾਨਾ ਸਮਾਗਮ ਜ਼ੋਸ਼ ਖਰੋਸ਼ ਨਾਲ ਹੋਇਆ| ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਇਸ ਸਮਾਰੋਹ ਦੇ ਮੁੱਖ ਮਹਿਮਾਨ ਸਨ| ਇਸ ਮੌਕੇ ਸਕੂਲ ਲਈ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ|
ਵਾਈਸ ਚਾਂਸਲਰ ਡਾ. ਗੋਸਲ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਨੇ ਦੂਰ ਦਰਾਜ ਦੇ ਖੇਤਰ ਵਿਚ ਇਲਾਕੇ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਦੇ ਮੰਤਵ ਨਾਲ ਇਸ ਸਕੂਲ ਨੂੰ ਚਾਲੂ ਰੱਖਿਆ ਹੋਇਆ ਹੈ| ਉਹਨਾਂ ਕਿਹਾ ਕਿ ਹੋਰ ਵੀ ਖੁਸ਼ੀ ਦੀ ਗੱਲ ਹੋਵੇਗੀ ਜੇਕਰ ਇਸ ਇਲਾਕੇ ਦੇ ਬੱਚੇ ਸਕੂਲ ਦੇ ਮਾਧਿਅਮ ਰਾਹੀਂ ਯੂਨੀਵਰਸਿਟੀ ਤੋਂ ਉੱਚ ਖੇਤੀ ਸਿੱਖਿਆ ਹਾਸਲ ਕਰਨ| ਡਾ. ਗੋਸਲ ਨੇ ਯੂਨੀਵਰਸਿਟੀ ਦੇ ਦਾਖਲਿਆਂ ਵਿਚ ਕਿਸਾਨੀ ਪਰਿਵਾਰਾਂ ਲਈ ਰਾਖਵੀਆਂ ਸੀਟਾਂ ਬਾਰੇ ਵੀ ਜਾਣਕਾਰੀ ਦਿੱਤੀ|
ਵਿਸ਼ੇਸ਼ ਤੌਰ ਤੇ ਸਮਾਰੋਹ ਵਿਚ ਸ਼ਾਮਿਲ ਹੋਏ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਸਿੱਖਿਆ ਦੇ ਮਹੱਤਵ ਬਾਰੇ ਗੱਲ ਕਰਦਿਆਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ|
ਪੰਜਵੀ ਅਤੇ ਅੱਠਵੀਂ ਜਮਾਤ ਦਾ 100 ਫੀਸਦੀ ਨਤੀਜਾ ਰਿਹਾ| ਪੰਜਵੀ ਜਮਾਤ ਦੀ ਵਿਦਿਆਰਥੀ ਸੁਮਨਵੀਰ ਕੌਰ ਰਾਜ ਪੱਧਰੀ ਪੰਜਾਬੀ ਓਲੰਪੀਆਡ ਲਈ ਚੁਣੀ ਗਈ| ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬੀ, ਹਰਿਆਣਵੀਂ, ਰਾਜਸਥਾਨੀ ਅਤੇ ਪੱਛਮੀ ਨਾਚ ਵੰਨਗੀਆਂ ਪੇਸ਼ ਕੀਤੀਆਂ| ਇਸ ਤੋਂ ਇਲਾਵਾ ਭੋਜਨ ਨੂੰ ਵਿਅਰਥ ਨਾਲ ਗਵਾਉਣ ਬਾਰੇ ਲਘੂ ਨਾਟ ਵੀ ਪੇਸ਼ ਕੀਤਾ ਗਿਆ| ਇਲਾਕੇ ਦੇ ਪਤਵੰਤੇ ਲੋਕ ਅਤੇ ਬੱਚਿਆਂ ਦੇ ਮਾਂ ਬਾਪ ਇਸ ਸਮਾਗਮ ਵਿਚ ਵੱਧ ਚੜ੍ਹ ਕੇ ਸ਼ਾਮਿਲ ਹੋਏ| ਖੇਡਾਂ ਵਿਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਹੋਇਆ ਜਿਨ੍ਹਾਂ ਵਿਚ ਕਰਨਵੀਰ ਸਿੰਘ ਨੂੰ ਮੁੰਡਿਆਂ ਦਾ ਸਰਵੋਤਮ ਅਥਲੀਟ ਅਤੇ ਸਤਿਕਾਰ ਕੌਰ ਨੂੰ ਕੁੜੀਆਂ ਦੀ ਬੈਸਟ ਅਥਲੀਟ ਚੁਣਿਆ ਗਿਆ| ਇਸ ਮੌਕੇ ਸ. ਸੁਖਜਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਸਨ| ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਯਾਦਵਿੰਦਰ ਕੌਰ ਤੋਂ ਇਲਾਵਾ ਸਮੂਹ ਸਟਾਫ ਨੇ ਸਮਾਗਮ ਦੇ ਸਫਲ ਆਯੋਜਨ ਲਈ ਭਰਪੂਰ ਯਤਨ ਕੀਤੇ| ਅੰਤ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਦੇ ਨਿਰਦੇਸ਼ਕ ਡਾ. ਕਰਮਜੀਤ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ|

