ਲੁਧਿਆਣਾ 12 ਜੂਨ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਗਣਿਤ, ਸਟੈਟਟਿਕਸ ਅਤੇ ਫਿਜ਼ਿਕਸ ਵਿਭਾਗ ਵੱਲੋਂ ਇਕ ਵਿਸ਼ੇਸ਼ ਵਿਚਾਰ-ਚਰਚਾ ਦਾ ਆਯੋਜਨ ਕੀਤਾ ਗਿਆ| ਇਸ ਵਿਚ ਮਾਹਿਰ ਵਕਤਾ ਵਜੋਂ ਪੀ.ਏ.ਯੂ. ਦੇ ਆਨਰੇਰੀ ਵਿਜ਼ਟਿੰਗ ਪ੍ਰੋਫੈਸਰ ਅਤੇ ਸਾਬਕਾ ਵਿਦਿਆਰਥੀ ਡਾ. ਸਰਜਿੰਦਰ ਸਿੰਘ ਸ਼ਾਮਿਲ ਹੋਏ| ਡਾ. ਸਰਜਿੰਦਰ ਸਿੰਘ ਹਾਲੀਆ ਸਮੇਂ ਟੈਕਸਾਸ ਯੂਨੀਵਰਸਿਟੀ ਕਿੰਗਜ਼ਵਿਲੇ ਅਮਰੀਕਾ ਦੇ ਗਣਿਤ ਵਿਭਾਗ ਵਿਚ ਪ੍ਰੋਫੈਸਰ ਦੀਆਂ ਸੇਵਾਵਾਂ ਨਿਭਾ ਰਹੇ ਹਨ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਿਜ਼ਟਿੰਗ ਪ੍ਰੋਫੈਸਰ ਵਜੋਂ ਯੂਨੀਵਰਸਿਟੀ ਨਾਲ ਜੁੜੇ ਡਾ. ਸਰਜਿੰਦਰ ਸਿੰਘ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਹਨਾਂ ਦੇ ਸਨਮਾਨ ਦੀ ਰਸਮ ਅਦਾ ਕੀਤੀ|
ਵਿਚਾਰ-ਚਰਚਾ ਦੌਰਾਨ ਡਾ. ਸਰਜਿੰਦਰ ਸਿੰਘ ਨੇ ਅਮਰੀਕਾ ਵਿਚ ਅਧਿਆਪਨ ਦੇ ਆਪਣੇ ਤਜਰਬੇ ਸਾਂਝੇ ਕੀਤੇ| ਉਹਨਾਂ ਨੇ ਮੌਜੂਦਾ ਵਿਦਿਆਰਥੀਆਂ ਨੂੰ ਸਮੂਹਿਕ ਰੂਪ ਵਿਚ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਖੋਜ ਅਤੇ ਅਧਿਆਪਨ ਨੂੰ ਬਿਹਤਰ ਬਨਾਉਣ ਦੇ ਨੁਕਤੇ ਵੀ ਸਾਂਝੇ ਕੀਤੇ| ਡਾ. ਸਿੰਘ ਨੇ ਕਿਹਾ ਕਿ ਜ਼ਿੰਦਗੀ ਵਿਚ ਨਿਸ਼ਾਨੇ ਮਿੱਥ ਕੇ ਉਹਨਾਂ ਦੀ ਪ੍ਰਾਪਤੀ ਲਈ ਸਮਰਪਣ ਨਾਲ ਕਾਰਜ ਕਰਨਾ ਸਫਲਤਾ ਦੀ ਪੂੰਜੀ ਹੈ|
ਇਸ ਮੌਕੇ ਸੰਬੰਧਿਤ ਵਿਭਾਗਾਂ ਦੇ ਅਧਿਆਪਨ ਅਮਲੇ, ਖੋਜਾਰਥੀਆਂ ਅਤੇ ਪੀ ਜੀ ਵਿਦਿਆਰਥੀਆਂ ਨੇ ਵਿਚਾਰ-ਚਰਚਾ ਵਿਚ ਭਾਗ ਲਿਆ| ਵਿਦਿਆਰਥੀਆਂ ਨੇ ਡਾ. ਸਿੰਘ ਤੋਂ ਬਹੁਤ ਸਾਰੇ ਸਵਾਲ ਪੁੱਛੇ ਅਤੇ ਉਹਨਾਂ ਦੇ ਜੀਵਨ ਤਜਰਬਿਆਂ ਨੂੰ ਗਿਆਨ ਦੇ ਸਰੋਤ ਵਜੋਂ ਦੇਖਿਆ|
ਵਿਭਾਗ ਦੇ ਮੁਖੀ ਡਾ. ਮੁਹੰਮਦ ਜਾਵੇਦ ਨੇ ਡਾ. ਸਰਜਿੰਦਰ ਸਿੰਘ ਦੀ ਜਾਣ-ਪਛਾਣ ਕਰਵਾਈ| ਉਹਨਾਂ ਦੱਸਿਆ ਕਿ ਡਾ. ਸਰਜਿੰਦਰ ਸਿੰਘ 1991 ਵਿਚ ਪੀ.ਏ.ਯੂ. ਤੋਂ ਡਾਕਟਰੇਟ ਦੀ ਪੜਾਈ ਕਰਨ ਤੋਂ ਬਾਅਦ ਕੈਨੇਡਾ ਵਿਚ ਗਏ| ਉਹਨਾਂ ਨੇ ਆਪਣੇ ਖੇਤਰ ਵਿਚ ਬਹੁਤ ਸਾਰਾ ਖੋਜ ਅਤੇ ਪ੍ਰਕਾਸ਼ਨ ਕਾਰਜ ਕੀਤਾ| 1994 ਵਿਚ ਉਹਨਾਂ ਨੂੰ ਅਮਰੀਕਾ ਵਿਚ ਨੌਜਵਾਨ ਵਿਗਿਆਨੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ| ਦੇਸ਼-ਵਿਦੇਸ਼ ਦੀਆਂ ਕਈ ਵੱਕਾਰੀ ਸੁਸਾਇਟੀਆਂ ਨਾਲ ਜੁੜੇ ਹੋਣ ਵਾਲੇ ਡਾ. ਸਰਜਿੰਦਰ ਸਿੰਘ ਦੁਨੀਆਂ ਭਰ ਵਿਚ ਸਟੈਟਿਕਸ ਦੇ ਵਿਸ਼ੇ ਉੱਪਰ ਆਪਣੇ ਵਿਚਾਰ ਸਾਂਝੇ ਕਰਨ ਲਈ ਜਾਂਦੇ ਰਹੇ ਹਨ|
ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਵਿਭਾਗ ਵੱਲੋਂ ਆਯੋਜਿਤ ਕੀਤੇ ਇਸ ਭਾਸ਼ਣ ਨੂੰ ਲਾਹੇਵੰਦ ਕਿਹਾ| ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਇਸ ਵਿਚਾਰ-ਚਰਚਾ ਸੈਸ਼ਨ ਦਾ ਸੰਚਾਲਨ ਕੀਤਾ|
ਅੰਤ ਵਿਚ ਡਾ. ਅੰਮ੍ਰਿਤ ਕੌਰ ਮਾਹਲ ਨੇ ਸਭ ਲਈ ਧੰਨਵਾਦ ਦੇ ਸ਼ਬਦ ਕਹੇ| ਇਸ ਮੌਕੇ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਦੇ ਮਾਹਿਰ ਅਤੇ ਵਿਗਿਆਨੀ ਮੌਜੂਦ ਸਨ|

