ਲੁਧਿਆਣਾ 4 ਅਗਸਤ (ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਪੀ.ਏ.ਯੂ. ਦੇ ਬਹੁਤ ਸਾਰੇ ਵਿਦਿਆਰਥੀ ਭਾਰਤ ਦੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਨਸ਼ਾ ਮੁਕਤ ਯੁਵਾ ਕਸਮ ਤਹਿਤ ਕਰਵਾਏ ਆਨਲਾਈਨ ਸੰਵਾਦ ਵਿਚ ਸ਼ਾਮਿਲ ਹੋਏ ਇਹ ਸਮਾਗਮ ਪੀ.ਏ.ਯੂ. ਦੇ ਸਮਾਜ ਉਸਾਰੀ ਦੇ ਅਹਿਦ ਨੂੰ ਹੋਰ ਪੁਖਤਾ ਕਰਨ ਲਈ ਵਿਸ਼ੇਸ਼ ਤੌਰ ਤੇ ਕਰਵਾਇਆ ਗਿਆ ਜਿਸ ਵਿਚ ਹੋਸਟਲਾਂ ਦੇ ਲਗਭਗ 400 ਵਿਦਿਆਰਥੀ, ਵਾਰਡਨ ਅਤੇ ਹੋਰ ਅਧਿਆਪਕ ਵੀ ਮੌਜੂਦ ਸਨ|
ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਦੀ ਰਹਿਨੁਮਾਈ ਹੇਠ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਸਮਾਗਮ ਨੂੰ ਪੀ.ਏ.ਯੂ. ਦੇ ਮੂਲ ਆਸ਼ੇ ਦਾ ਅਨੁਸਾਰੀ ਕਿਹਾ| ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਅਤੇ ਸਮਾਜ ਦੀ ਉਸਾਰੀ ਲਈ ਯਤਨਸ਼ੀਲ ਰਹਿਣ| ਉਹਨਾਂ ਕਿਹਾ ਕਿ ਯੂਨੀਵਰਸਿਟੀ ਨੇ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਪ੍ਰਫੁਲਿਤ ਕਰਕੇ ਆਪਣੇ ਵਿਦਿਆਰਥੀਆਂ ਨੂੰ ਉਸਾਰੂ ਮਾਹੌਲ ਪ੍ਰਦਾਨ ਕੀਤਾ ਹੈ ਅਤੇ ਅੱਜ ਦਾ ਇਹ ਆਨਲਾਈਨ ਭਾਸ਼ਣ ਉਹਨਾਂ ਦੇ ਨਿਸ਼ਚੇ ਨੂੰ ਹੋਰ ਦ੍ਰਿੜ ਕਰੇਗਾ|
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਇਸ ਭਾਸ਼ਣ ਸਮਾਰੋਹ ਵਿਚ ਸ਼ਾਮਿਲ ਹੋਣ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ| ਸਮਾਰੋਹ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਕੀਤਾ| ਇਸ ਮੌਕੇ ਵੱਖ-ਵੱਖ ਕਾਲਜਾਂ ਦੇ ਡੀਨ, ਡਾਇਰੈਕਟਰ, ਉੱਚ ਅਧਿਕਾਰੀ ਅਤੇ ਪੀ.ਏ.ਯੂ. ਦੇ ਅਧਿਆਪਕ ਵੀ ਮੌਜੂਦ ਰਹੇ|
