
ਲੁਧਿਆਣਾ 14 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਵਿਦਿਆਰਥੀਆਂ ਨੂੰ ਪੋਸ਼ਣ ਬਾਰੇ ਹੋਈ 8ਵੀਂ ਰਾਸ਼ਟਰੀ ਕਾਨਫਰੰਸ ਵਿਚ ਪੋਸਟਰ ਬਨਾਉਣ ਦੇ ਮੁਕਾਬਲਿਆਂ ਵਿਚ ਸਿਖਰਲਾ ਸਥਾਨ ਪ੍ਰਾਪਤ ਹੋਇਆ| ਇਹ ਕਾਨਫਰੰਸ ਬੀਤੇ ਦਿਨੀਂ ਡਾਇਟੈਟਿਕਸ ਵਿਭਾਗ ਵੱਲੋਂ ਭਾਰਤੀ ਪੋਸ਼ਣ ਸੁਸਾਇਟੀ ਦੇ ਚੰਡੀਗੜ ਚੈਪਟਰ ਦੇ ਸਹਿਯੋਗ ਨਾਲ ਚੰਡੀਗੜ ਵਿਖੇ ਆਯੋਜਿਤ ਕੀਤੀ ਗਈ ਸੀ| ਪੀ ਐੱਚ ਡੀ ਦੀ ਵਿਦਿਆਰਥਣ ਪ੍ਰਭਨੂਰ ਕੌਰ ਨੂੰ ਪਹਿਲਾਂ ਪੀ ਐੱਚ ਡੀ ਕਰ ਚੁੱਕੀ ਵਿਦਿਆਰਥਣ ਆਨੁਸ਼ਾ ਚੇਰੂਕੁਰੀ ਵੱਲੋਂ ਕੀਤੀ ਖੋਜ ਪੇਸ਼ ਕਰਨ ਲਈ ਪਹਿਲਾ ਸਥਾਨ ਪ੍ਰਾਪਤ ਹੋਇਆ| ਮਾਸਟਰਜ਼ ਦੀ ਵਿਦਿਆਰਥਣ ਦੀਪਿਕਾ ਮਲਹੋਤਰਾ ਨੇ 7-9 ਸਾਲ ਦੇ ਸਕੂਲ ਜਾਣ ਵਾਲੇ ਵਿਦਿਆਰਥੀਆਂ ਦੇ ਪੋਸ਼ਣ ਸੰਬੰਧੀ ਕੀਤੀ ਖੋਜ ਨੂੰ ਪੋਸਟਰ ਰਾਹੀਂ ਪੇਸ਼ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ| ਦੋਵਾਂ ਵਿਦਿਆਰਥੀਆਂ ਦੇ ਖੋਜ ਨਿਗਰਾਨ ਡਾ. ਰੇਨੂੰਕਾ ਅਗਰਵਾਲ ਹਨ| ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਤੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਨੇ ਦੋਵਾਂ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|

