
ਲੁਧਿਆਣਾ 19 ਮਈ (ਵਰਲਡ ਪੰਜਾਬੀ ਟਾਈਮਜ਼)
ਅੱਜ ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵਿਚ ਯੂਨੀਵਰਸਿਟੀ ਦੇ ਸੁਰੱਖਿਆ ਕਰਮੀਆਂ ਲਈ ਵਿਸ਼ੇਸ਼ ਸਿਖਲਾਈ ਕੋਰਸ ਆਰੰਭ ਹੋ ਗਿਆ| ਇਹ ਤਿੰਨ ਰੋਜ਼ਾ ਕੋਰਸ ਯੂਨੀਵਰਸਿਟੀ ਦੀ ਸੁਰੱਖਿਆ ਦੇ ਮੱਦੇਨਜ਼ਰ ਕਰਮਚਾਰੀਆਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਹੋਰ ਯੋਗਤਾ ਨਾਲ ਨਿਭਾਉਣ ਅਤੇ ਤਕਨੀਕੀ ਤੌਰ ਤੇ ਮਜ਼ਬੂਤ ਬਨਾਉਣ ਲਈ ਆਯੋਜਿਤ ਕੀਤਾ ਜਾ ਰਿਹਾ ਹੈ| ਅੱਜ ਇਸ ਸਿਖਲਾਈ ਕੋਰਸ ਦੇ ਉਦਘਾਟਨੀ ਸਮਾਰੋਹ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸ਼ਾਮਿਲ ਹੋਏ| ਉਹਨਾਂ ਨਾਲ ਪੰਜਾਬ ਪੁਲਿਸ ਦੇ ਸੇਵਾ ਮੁਕਤ ਹੋਏ ਅਧਿਕਾਰੀ ਸ. ਗੁਰਦੇਵ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਸਨ| ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਕਾਰਜਕਾਰੀ ਮਿਲਖ ਅਧਿਕਾਰੀ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਵੀ ਪ੍ਰਧਾਨਗੀ ਮੰਡਲ ਵਿਚ ਸ਼ਿਰਕਤ ਕੀਤੀ|
ਆਪਣੇ ਵਿਸ਼ੇਸ਼ ਭਾਸ਼ਣ ਵਿਚ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਦੀ ਸੁਰੱਖਿਆ ਅਤੇ ਸੁਚਾਰੂ ਕੰਮਕਾਜ ਵਿਚ ਸੁਰੱਖਿਆ ਕਰਮੀਆਂ ਦਾ ਯੋਗਦਾਨ ਬਿਨਾਂ ਸ਼ੱਕ ਵਡੇਰਾ ਹੈ| ਸੁਰੱਖਿਆ ਕਰਮੀਆਂ ਨੇ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ ਹੈ ਪਰ ਨਾਲ ਹੀ ਵਧਦੀਆਂ ਆਵਾਜਾਈ ਸਹੂਲਤਾਂ ਅਤੇ ਸੁਰੱਖਿਆ ਲੋੜਾਂ ਦੇ ਫਲਸਰੂਪ ਨਵੀਆਂ ਤਕਨੀਕੀ ਸੇਧਾਂ ਦੀ ਲੋੜ ਵੀ ਮਹਿਸੂਸ ਕੀਤੀ ਜਾ ਰਹੀ ਹੈ| ਡਾ. ਗੋਸਲ ਨੇ ਦੱਸਿਆ ਕਿ ਪਿਛਲੇ ਤਿੰਨ ਦਹਾਕਿਆਂ ਵਿਚ ਵਿਦਿਆਰਥੀਆਂ, ਅਧਿਆਪਕਾਂ ਅਤੇ ਬਾਹਰੋਂ ਆਉਣ ਵਾਲਿਆਂ ਦੇ ਸਾਧਨ ਅਤੇ ਵਿਹਾਰ ਦੇ ਤਰੀਕੇ ਵਿਚ ਤਬਦੀਲੀ ਦੇਖੀ ਗਈ ਹੈ| ਇਸਲਈ ਸੁਰੱਖਿਆ ਕਰਮੀਆਂ ਨੂੰ ਆਪਣੀ ਜ਼ਿੰਮੇਵਾਰੀ ਵਧੇਰੇ ਸੁਹਿਰਦਤਾ ਨਾਲ ਨਿਭਾਉਣ ਦੀ ਲੋੜ ਮਹਿਸੂਸ ਹੁੰਦੀ ਹੈ| ਇਸੇ ਲੋੜ ਦੇ ਮੱਦੇਨਜ਼ਰ ਇਹ ਸਿਖਲਾਈ ਕੈਂਪ ਪਹਿਲੀ ਵਾਰ ਆਯੋਜਿਤ ਕੀਤਾ ਜਾ ਰਿਹਾ ਹੈ| ਉਹਨਾਂ ਆਸ ਪ੍ਰਗਟਾਈ ਕਿ ਇਸ ਸਿਖਲਾਈ ਕੋਰਸ ਤੋਂ ਬਾਅਦ ਯੂਨੀਵਰਸਿਟੀ ਦਾ ਸੁਰੱਖਿਆ ਢਾਂਚਾ ਹੋਰ ਮਜ਼ਬੂਤ ਅਤੇ ਸੁਚਾਰੂ ਹੋਵੇਗਾ|
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਸ. ਗੁਰਦੇਵ ਸਿੰਘ ਨੇ ਸੁਰੱਖਿਆ ਕਰਮੀਆਂ ਨੂੰ ਅਜਿਹੀਆਂ ਬਹੁਤ ਸਾਰੀਆਂ ਨਵੀਆਂ ਗੱਲਾਂ ਅਤੇ ਧਾਰਨਾਵਾਂ ਦੱਸੀਆਂ ਜਿਹੜੀਆਂ ਕਿਸੇ ਪੱਧਰ ਤੇ ਜਾਨ ਮਾਲ ਦੀ ਸੁਰੱਖਿਆ ਲਈ ਲਾਭਕਾਰੀ ਹੋ ਸਕਦੀਆਂ ਹਨ| ਉਹਨਾਂ ਦੱਸਿਆ ਕਿ ਸੁਰੱਖਿਆ ਕਰਮੀ ਨੂੰ ਆਪਣੀ ਦਿੱਖ ਤੋਂ ਲੈ ਕੇ ਵਿਹਾਰ ਤੱਕ ਕਿਵੇਂ ਸੁਚੇਤ ਹੋਣ ਦੀ ਲੋੜ ਹੈ| ਨਾਲ ਹੀ ਉਹਨਾਂ ਨੇ ਪੁਲਿਸ ਪ੍ਰਸਾਸ਼ਨ ਦੇ ਬਹੁਤ ਸਾਰੇ ਤਜਰਬੇ ਸਾਂਝੇ ਕਰਦਿਆਂ ਇਸ ਕੰਮ ਦੀ ਜਾਣਕਾਰੀ ਅਤੇ ਇਸਦਾ ਵਿਹਾਰਕ ਪੱਖ ਵੀ ਸਾਂਝਾ ਕੀਤਾ|
ਅਪਰ ਨਿਰਦੇਸ਼ਕ ਸੰਚਾਰ ਅਤੇ ਕਾਰਜਕਾਰੀ ਮਿਲਖ ਅਧਿਕਾਰੀ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਇਸ ਕੋਰਸ ਨੂੰ ਆਯੋਜਿਤ ਕਰਨ ਦਾ ਮੰਤਵ ਸੁਰੱਖਿਆ ਕਰਮੀਆਂ ਵਿਚ ਸਵੈ ਭਰੋਸਾ ਅਤੇ ਯੋਗਤਾ ਦਾ ਵਿਕਾਸ ਕਰਨਾ ਹੈ|
ਸਮਾਰੋਹ ਦਾ ਸੰਚਾਲਨ ਕੋਰਸ ਨਿਰਦੇਸ਼ਕ ਡਾ. ਰੁਪਿੰਦਰ ਕੌਰ ਨੇ ਕੀਤਾ| ਸੁਰੱਖਿਆ ਅਧਿਕਾਰੀ ਡਾ. ਸੁਖਪ੍ਰੀਤ ਸਿੰਘ ਨੇ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਸਭ ਵਾਸਤੇ ਧੰਨਵਾਦ ਦੇ ਭਾਵ ਪ੍ਰਗਟਾਏ|

