ਲੁਧਿਆਣਾ 17 ਮਾਰਚ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਜਾਰੀ ਪਲੇਸਮੈਂਟ ਗਤੀਵਿਧੀਆਂ ਵਿੱਚ ਉਸ ਸਮੇਂ ਅਹਿਮ ਪ੍ਰਗਤੀ ਸਾਮ੍ਹਣੇ ਆਈ ਜਦੋਂ ਗਿਆਰਾਂ ਵਿਦਿਆਰਥੀਆਂ ਦੀ ਚੋਣ ਆਈ ਸੀ ਆਈ ਸੀ ਆਈ ਬੈਂਕ ਵਿੱਚ ਰਿਲੇਸ਼ਨਸ਼ਿਪ ਮੈਨੇਜਰ ਦੇ ਅਹੁਦੇ ਦੀ ਨੌਕਰੀ ਲਈ ਹੋਈ। ਵੱਖ-ਵੱਖ ਅਕਾਦਮਿਕ ਪ੍ਰੋਗਰਾਮਾਂ ਦੇ 45 ਵਿਦਿਆਰਥੀਆਂ ਨੇ ਭਰਤੀ ਲਈ ਇਸ ਪ੍ਰਣਾਲੀ ਵਿੱਚ ਹਿੱਸਾ ਲਿਆ ਸੀ ਜਿਨ੍ਹਾਂ ਵਿੱਚੋਂ 11 ਵਿਦਿਆਰਥੀਆਂ ਨੂੰ ਅੰਤਿਮ ਪਲੇਸਮੈਂਟ ਚੁਣਿਆ ਗਿਆ ਹੈ। ਚੁਣੇ ਗਏ ਉਮੀਦਵਾਰਾਂ ਵਿੱਚੋਂ ਨੌਂ ਵਿਦਿਆਰਥੀ ਬੀ.ਐੱਸ ਸੀ (ਖੇਤੀਬਾੜੀ), ਇੱਕ ਬੀ.ਐਸ.ਸੀ. (ਬਾਗਬਾਨੀ) ਅਤੇ ਇੱਕ ਬੀ.ਐਸ.ਸੀ. (ਐਗਰੀ ਬਿਜ਼ਨਸ ਮੈਨੇਜਮੈਂਟ) ਨਾਲ ਸਬੰਧਤ ਹਨ।
ਪੀ ਏ ਯੂ ਦੇ ਵਾਈਸ-ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਚੁਣੇ ਗਏ ਉਮੀਦਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਆਖਿਆ ਕਿ ਯੂਨੀਵਰਸਿਟੀ ਸਰਕਾਰੀ ਅਤੇ ਨਿੱਜੀ ਖੇਤਰ ਵਿਚ ਰੁਜ਼ਗਾਰ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਦੀ ਤਿਆਰੀ ਲਈ ਨਿਰੰਤਰ ਯਤਨਸ਼ੀਲ ਹੈ।
ਪੀ ਏ ਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਦੁਹਰਾਇਆ ਕਿ ਡਾਇਰੈਕਟੋਰੇਟ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਲਈ ਵਚਨਬੱਧ ਹੈ, ਜਿਸਦਾ ਮੁੱਖ ਧਿਆਨ ਸਿਖਰਲੀਆਂ ਸੰਸਥਾਵਾਂ ਵਿੱਚ ਰੁਜ਼ਗਾਰ ਦੇ ਮੱਦੇਨਜ਼ਰ ਜ਼ਰੂਰੀ ਹੁਨਰ ਦਾ ਵਿਕਾਸ ਹੈ।
ਯੂਨੀਵਰਸਿਟੀ ਕਾਉਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਦੇ ਇੰਚਾਰਜ ਡਾ. ਸੰਦੀਪ ਜੈਨ ਨੇ ਕਿਹਾ ਕਿ ਆਈ ਸੀ ਆਈ ਸੀ ਆਈ ਬੈਂਕ ਵਿੱਚ ਪਲੇਸਮੈਂਟ ਪ੍ਰਾਪਤ ਕਰਨਾ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਮਨੋਬਲ ਵਧਾਉਣ ਵਾਲੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਪਲੇਸਮੈਂਟ ਸੈੱਲ ਕਾਰਪੋਰੇਟ ਸੈਕਟਰ ਵਿੱਚ ਰੁਜ਼ਗਾਰ ਦੇ ਮੌਕਿਆਂ ਨੂੰ ਯਕੀਨੀ ਬਣਾਉਣ ਲਈ ਉਦਯੋਗਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ।
ਸ੍ਰੀ ਗੁਰਪ੍ਰੀਤ ਸਿੰਘ, ਭਲਾਈ ਅਫ਼ਸਰ (ਲੜਕੇ) ਨੇ ਇਸ ਕਾਰਜ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਇਆ ਅਤੇ ਡਾ. ਨਵਨੀਤ ਗਿੱਲ, ਸਹਾਇਕ ਪ੍ਰੋਫੈਸਰ, ਸਕੂਲ ਆਫ਼ ਬਿਜ਼ਨਸ ਸਟੱਡੀਜ਼ ਨੇ ਆਈ ਸੀ ਆਈ ਸੀ ਆਈ ਅਤੇ ਪੀਏਯੂ ਪਲੇਸਮੈਂਟ ਸੈੱਲ ਵਿਚਕਾਰ ਕੜੀ ਵਜੋਂ ਕੰਮ ਕੀਤਾ।

