ਲੁਧਿਆਣਾ 24 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਪੀ ਏ ਯੂ ਵਲੋਂ ਵਿਕਸਿਤ ‘ਵਰਤੋਂ ਲਈ ਤਿਆਰ ਕਾਂਜੀ ਮਿਸ਼ਰਣ’ ਦੇ ਵਪਾਰੀਕਰਨ ਲਈ ਪੰਜਾਬ ਦੇ ਅਬੋਹਰ ਸਥਿਤ ਫਰਮ ਸੇਤੀਆਜ਼ ਨਾਲ ਇੱਕ ਸਮਝੌਤਾ ਕੀਤਾ ਹੈ। ਸਮਝੌਤੇ ‘ਤੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸ਼੍ਰੀ ਗੀਤ ਸੇਤੀਆ ਨੇ ਆਪਣੇ-ਆਪਣੇ ਸੰਗਠਨਾਂ ਵੱਲੋਂ ਦਸਤਖਤ ਕੀਤੇ। ਡਾ. ਵੀ.ਐਸ. ਸੋਹੂ, ਵਧੀਕ ਨਿਰਦੇਸ਼ਕ ਖੋਜ (ਖੇਤੀਬਾੜੀ ਅਤੇ ਬਾਗਬਾਨੀ), ਡਾ. ਮਹੇਸ਼ ਕੁਮਾਰ, ਵਧੀਕ ਨਿਰਦੇਸ਼ਕ ਖੋਜ (ਖੇਤੀਬਾੜੀ ਇੰਜੀਨੀਅਰਿੰਗ), ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ ਤਰਸੇਮ ਸਿੰਘ ਢਿੱਲੋਂ ਅਤੇ ਡਾ. ਖੁਸ਼ਦੀਪ ਧਰਨੀ, ਐਸੋਸੀਏਟ ਡਾਇਰੈਕਟਰ, ਤਕਨਾਲੋਜੀ ਮਾਰਕੀਟਿੰਗ ਅਤੇ ਡਾ. ਤਰਸੇਮ ਚੰਦ ਮਿੱਤਲ, ਮੁਖੀ, ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਵੀ ਇਸ ਮੌਕੇ ਮੌਜੂਦ ਸਨ। ਡਾ. ਅਜਮੇਰ ਸਿੰਘ ਢੱਟ, ਖੋਜ ਨਿਰਦੇਸ਼ਕ, ਪੀਏਯੂ ਨੇ ਵਿਗਿਆਨੀਆਂ ਦੀ ਟੀਮ ਨੂੰ ਤਕਨਾਲੋਜੀ ਦੇ ਵਪਾਰੀਕਰਨ ਲਈ ਵਧਾਈ ਦਿੱਤੀ।
ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਦੇ ਵਿਗਿਆਨੀ ਡਾ. ਪ੍ਰੀਤਇੰਦਰ ਕੌਰ ਨੇ ਦੱਸਿਆ ਕਿ ਪੀ ਏ ਯੂ ਨੇ ਕਾਂਜੀ ਪੀਣ ਵਾਲੇ ਪਦਾਰਥ ਦੀ ਸਾਲ ਭਰ ਉਪਲਬਧਤਾ ਨੂੰ ਵਧਾਉਣ ਅਤੇ ਇਸਦੀ ਸੂਖਮ ਜੀਵ-ਵਿਗਿਆਨਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ‘ਪੰਜਾਬ ਬਲੈਕ ਬਿਊਟੀ’ ਦੇ ਲੈਕਟਿਕ ਐਸਿਡ ਬੈਕਟੀਰੀਅਲ ਕਲਚਰ ਅਤੇ ਕਾਲੀ ਗਾਜਰ ਪਾਊਡਰ ਦੀ ਵਰਤੋਂ ਕਰਕੇ ਵਰਤੋਂ ਲਈ ਤਿਆਰ ਕਾਂਜੀ ਮਿਸ਼ਰਣ ਵਿਕਸਤ ਕੀਤਾ ਹੈ। ਕਾਲੀ ਗਾਜਰ ਬਾਇਓਐਕਟਿਵ ਮਿਸ਼ਰਣਾਂ ਦਾ ਅਮੀਰ ਸਰੋਤ ਹੈ। ਖ਼ਾਸ ਮੌਸਮ ਦੌਰਾਨ ਉਪਲਬਧਤਾ ਕਾਰਨ ਇਹਨਾਂ ਦੀ ਵਰਤੋਂ ਸੀਮਤ ਰਹਿੰਦੀ ਹੈ। ਫਰਮੈਂਟ ਕੀਤੇ ਕਾਲੀ ਗਾਜਰ ਦੇ ਪੀਣ ਵਾਲੇ ਪਦਾਰਥ ਕਈ ਸਿਹਤ ਲਾਭ ਪ੍ਰਦਾਨ ਕਰਦੇ ਹਨ, ਜਿਸ ਵਿੱਚ ਲੈਕਟੋਜ਼ ਮੈਟਾਬੋਲਿਜ਼ਮ ਵਿੱਚ ਸੁਧਾਰ, ਅੰਤੜੀਆਂ ਦੇ ਇਨਫੈਕਸ਼ਨਾਂ ਦੀ ਰੋਕਥਾਮ, ਰੋਗ ਪ੍ਰਤੀਰੋਧੀ ਸ਼ਕਤੀ ਵਿੱਚ ਵਾਧਾ, ਸੀਰਮ ਕੋਲੈਸਟ੍ਰੋਲ ਦੇ ਪੱਧਰ ਵਿੱਚ ਕਮੀ ਆਦਿ ਸ਼ਾਮਲ ਹੈ। ਇਸ ਤਕਨਾਲੋਜੀ ਦੀ ਵਰਤੋਂ ਕਰਕੇ ਤਿਆਰ ਕੀਤੇ ਗਏ ਸੁੱਕੇ ਕਾਂਜੀ ਮਿਸ਼ਰਣ ਨੂੰ ਆਸਾਨੀ ਨਾਲ ਕੁਦਰਤੀ ਪੀਣ ਵਾਲੇ ਪਦਾਰਥ ਵਜੋਂ ਤਿਆਰ ਕੀਤਾ ਜਾ ਸਕਦਾ ਹੈ।
ਡਾ. ਧਰਨੀ ਨੇ ਦੱਸਿਆ ਕਿ ਪੀ ਏ ਯੂ ਨੇ ਤਕਨਾਲੋਜੀਆਂ ਦੇ ਵਪਾਰੀਕਰਨ ਰਾਹੀਂ ਖੋਜ ਨਤੀਜਿਆਂ ਦੇ ਪਸਾਰ ਨੂੰ ਉਤਸ਼ਾਹਿਤ ਕੀਤਾ ਹੈ।

