ਵਾਈਸ ਚਾਂਸਲਰ ਡਾ ਗੋਸਲ ਨੇ ਟਰੈਕਟਰਾਂ ਨੂੰ ਝੰਡੀ ਦਿਖਾ ਕੇ ਬੀਜ਼ ਫਾਰਮਾਂ ਨੂੰ ਸੌਂਪਿਆ

ਲੁਧਿਆਣਾ 15 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਕਣਕ ਦੀ ਫ਼ਸਲ ਦੀ ਵਾਢੀ ਨਾਲ ਜੁੜੇ ਰਵਾਇਤੀ ਤਿਉਹਾਰ ‘ਵਿਸਾਖੀ’ ਮੌਕੇ ਅੱਜ ਪੀ ਏ ਯੂ ਦੇ ਕਿਰਤ ਦੇ ਕਾਫਿਲੇ ਵਿਚ 50 ਟਰੈਕਟਰਾਂ ਦਾ ਇਜ਼ਾਫਾ ਹੋਇਆ। ਯੂਨੀਵਰਸਿਟੀ ਵਿਖੇ ਇਨ੍ਹਾਂ ਨਵੇਂ ਖਰੀਦੇ ਗਏ ਟਰੈਕਟਰਾਂ ਨੂੰ ਹਰੀ ਝੰਡੀ ਦੇ ਕੇ ਕੰਮ ਲਈ ਰਵਾਨਾ ਕੀਤਾ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਨ। ਉਨ੍ਹਾਂ ਨੇ ਖੇਤੀਬਾੜੀ ਕਾਲਜ ਕੋਲ ਨੇੜੇ ਢੋਲ ਦੀ ਤਾਲ ਉੱਪਰ ਇਨ੍ਹਾਂ 50 ਟਰੈਕਟਰਾਂ ਦੇ ਕਾਫਿਲੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਟਰੈਕਟਰ ਸ਼ਗਨਾਂ ਦੀ ਪ੍ਰਤੀਕ ਰਵਾਇਤੀ ‘ਫੁਲਕਾਰੀ’ ਨਾਲ ਸਜਾਏ ਗਏ ਸਨ ਅਤੇ ਇਨ੍ਹਾਂ ਨੂੰ ਖੇਤੀਬਾੜੀ ਖੋਜ, ਬੀਜ ਉਤਪਾਦਨ ਅਤੇ ਫਸਲ ਉਤਪਾਦਕਤਾ ਸੰਬੰਧੀ ਖੋਜ ਅਤੇ ਪ੍ਰਯੋਗਾਂ ਨੂੰ ਮਜ਼ਬੂਤ ਕਰਨ ਲਈ ਖਰੀਦਿਆ ਗਿਆ ਹੈ।
ਆਪਣੇ ਭਾਸ਼ਣ ਵਿੱਚ ਡਾ. ਗੋਸਲ ਨੇ ਪੀ ਏ ਯੂ ਦੇ ਖੇਤੀ ਵਿਗਿਆਨੀਆਂ ਦੇ ਯੋਗਦਾਨ ਨੂੰ ਵਿਸ਼ੇਸ਼ ਤੌਰ ਤੇ ਯਾਦ ਕਰਦਿਆਂ ਪੀਏਯੂ ਨੂੰ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਵਿੱਤੀ ਸਹਾਇਤਾ ਕਰਨ ਵਾਸਤੇ ਸਰਕਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ 50 ਟਰੈਕਟਰ; 31 ਆਲੂ ਪੁੱਟਣ ਵਾਲੀਆਂ ਮਸ਼ੀਨਾਂ; 14 ਪਲੈਂਕਰ; ਖਾਦ ਪ੍ਰਸਾਰਕ, ਲੇਜ਼ਰ ਲੈਂਡ ਲੈਵਲਰ ਅਤੇ ਟਰੈਕਟਰ ਮਾਊਂਟਡ ਬੂਮ ਸਪ੍ਰੇਅਰ ਦੀਆਂ 10-10 ਮਸ਼ੀਨਾਂ; ਨੌਂ ਟਰਾਲੀਆਂ; ਅੱਠ ਸੁਪਰ ਸੀਡਰ; ਸੱਤ ਕਲਟੀਵੇਟਰ; ਸਮਾਰਟ ਸੀਡਰ ਅਤੇ ਡਿਸਕ ਹੈਰੋ ਦੀਆਂ ਛੇ ਮਸ਼ੀਨਾਂ; ਸਵੈ-ਚਾਲਿਤ ਬੂਮ ਸਪ੍ਰੇਅਰ ਦੀਆਂ ਚਾਰ ਮਸ਼ੀਨਾਂ, ਮਲਟੀ-ਕ੍ਰੌਪ ਪਲਾਂਟਰ, ਬੈੱਡ ਪਲਾਂਟਰ, ਜ਼ੀਰੋ ਟਿਲ ਡਰਿੱਲ, ਆਰਕਿਡ ਸਪ੍ਰੇਅਰ, ਪੈਡੀ ਨਰਸਰੀ ਸੀਡਰ, ਅਤੇ ਪੈਡੀ ਟ੍ਰਾਂਸਪਲਾਂਟਰ; ਤਿੰਨ ਆਲੂ ਪਲਾਂਟਰ; ਸਬਜ਼ੀ ਬੈੱਡ ਮੇਕਰ, ਨਰਸਰੀ ਸੀਡਰ ਅਤੇ ਪੈਕੇਜਿੰਗ ਮਸ਼ੀਨ ਦੀਆਂ ਦੋ-ਦੋ ਮਸ਼ੀਨਾਂ; ਅਤੇ ਇੱਕ ਬੱਸ ਖਰੀਦ ਕੇ ਆਪਣੀ ਕਿਰਤ ਸ਼ਕਤੀ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਮਸ਼ੀਨਰੀ ਦੀ ਵਰਤੋਂ ਕਰਕੇ ਯੂਨੀਵਰਸਿਟੀ ਖੋਜ ਦੇ ਨਾਲ ਨਾਲ ਬੀਜ ਉਤਪਾਦਨ ਵਿੱਚ ਅਗਾਂਹਵਧੂ ਕਾਰਜਾਂ ਨੂੰ ਅੰਜਾਮ ਦੇ ਸਕੇਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਨਵੀਂ ਖਰੀਦੀ ਮਸ਼ੀਨਰੀਂ ਪੀਏਯੂ ਦੇ 11 ਖੋਜ ਕੇਂਦਰਾਂ, ਛੇ ਬੀਜ ਫਾਰਮਾਂ ਅਤੇ 18 ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਨਰਸਰੀ ਪਾਲਣ, ਬੀਜ ਉਤਪਾਦਨ ਅਤੇ ਕਿਸਮਾਂ ਦੇ ਵਿਕਾਸ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਮਦਦ ਕਰੇਗੀ। ਸਾਰਿਆਂ ਨੂੰ ਆਪਣੀਆਂ ਤਿਉਹਾਰਾਂ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ, ਡਾ. ਗੋਸਲ ਨੇ ਫੈਕਲਟੀ ਅਤੇ ਖੇਤ ਮਜ਼ਦੂਰਾਂ ਨੂੰ ਕਿਸਾਨੀ ਦੀ ਨਿਰੰਤਰ ਸੇਵਾ ਲਈ ਗਤੀਸ਼ੀਲ ਰਹਿਣ ਦਾ ਸੱਦਾ ਦਿੱਤਾ।
ਇਸ ਇਤਿਹਾਸਕ ਮੌਕੇ ਤੇ ਵਿਸਾਖੀ ਦੇ ਮਹੱਤਵ ਬਾਰੇ ਸਾਂਝ ਪਵਾਉਂਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਵਿਸਾਖੀ ਪੁਰਾਤਨ ਸਮਿਆਂ ਤੋਂ ਹੀ ਕਿਸਾਨੀ ਦੀ ਕਿਰਤ ਸ਼ਕਤੀ ਦੀ ਮਜ਼ਬੂਤੀ ਅਤੇ ਸਮਰਿੱਧੀ ਦਾ ਤਿਉਹਾਰ ਹੈ। ਵਿਸਾਖੀ ਵਾਲੇ ਦਿਨ ਲੋਕ ਕਣਕ ਦੀ ਵਾਢੀ ਲਈ ਦਾਤਰੀਆਂ ਅਤੇ ਹੋਰ ਲੋੜੀਂਦੇ ਸੰਦ ਔਜ਼ਾਰ ਖਰੀਦਦੇ ਰਹੇ ਹਨ। ਇਸ ਮੌਕੇ ਨਵੇਂ ਟਰੈਕਟਰਾਂ ਦਾ ਪੀ ਏ ਯੂ ਨਾਲ ਜੁੜਨਾ ਉਸ ਰਵਾਇਤੀ ਭਾਵਨਾ ਨੂੰ ਸਾਕਾਰ ਕਰਨ ਵਾਲਾ ਹੈ। ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ, ਫੈਕਲਟੀ ਅਤੇ ਖੇਤ ਮਜ਼ਦੂਰਾਂ ਦਾ ਸਵਾਗਤ ਕਰਦਿਆਂ ਸਮਾਗਮ ਵਿੱਚ ਸ਼ਮੂਲੀਅਤ ਲਈ ਸਭ ਦਾ ਧੰਨਵਾਦ ਕੀਤਾ।

