ਲੁਧਿਆਣਾ 22 ਮਈ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਫਲ ਕੀਟ ਵਿਗਿਆਨੀ ਡਾ. ਸਨਦੀਪ ਸਿੰਘ ਨੂੰ ਬੀਤੇ ਦਿਨੀਂ ਉੱਤਰੀ ਅਫਰੀਕਾ ਦੇ ਦੇਸ਼ ਮੋਰਾਕੋ ਦੀ ਮੁਹੰਮਦ ਪੌਲੀਟੈਕਨਿਕ ਯੂਨੀਵਰਸਿਟੀ ਵਿਖੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ| ਇਹ ਪੱਤਰ ਉਹਨਾਂ ਨੂੰ ਪ੍ਰੋਫੈਸਰ ਮੁਸਤਾਫਾ ਇਲ ਬੋਸਿਨੀ ਨੇ ਪ੍ਰਦਾਨ ਕੀਤਾ| ਜ਼ਿਕਰਯੋਗ ਹੈ ਕਿ ਡਾ. ਸਿੰਘ ਉਸ ਯੂਨੀਵਰਸਿਟੀ ਦੇ ਖੇਤੀਬਾੜੀ ਅਤੇ ਵਾਤਾਵਰਨ ਵਿਗਿਆਨ ਕਾਲਜ ਵਿਚ ਯਾਤਰੂ ਪ੍ਰੋਫੈਸਰ ਵਜੋਂ ਪਹੁੰਚੇ ਸਨ| ਉਪਰੋਕਤ ਯੂਨੀਵਰਸਿਟੀ ਉੱਤਰੀ ਅਫਰੀਕਾ ਦੀਆਂ ਸਿਖਰਲੀਆਂ ਯੂਨੀਵਰਸਿਟੀਆਂ ਵਿੱਚੋਂ ਇਕ ਹੈ| ਡਾ. ਸਨਦੀਪ ਸਿੰਘ ਨੇ ਉਸ ਯੂਨੀਵਰਸਿਟੀ ਦੇ ਸੈਮੀਨਾਰ ਵਿਚ ਫਲਦਾਰ ਫਸਲਾਂ ਦੇ ਕੀੜਿਆਂ ਦੀ ਪੰਜਾਬ ਵਿਚ ਵਾਤਾਵਰਨ ਪੱਖੀ ਰੋਕਥਾਮ ਬਾਰੇ ਵਿਸ਼ੇਸ਼ ਭਾਸ਼ਣ ਦਿੱਤਾ ਸੀ| ਇਸਦੇ ਨਾਲ ਹੀ ਉਹਨਾਂ ਨੇ ਵੱਖ-ਵੱਖ ਖੋਜ ਫਾਰਮਾਂ ਦਾ ਦੌਰਾ ਕੀਤਾ ਅਤੇ ਮੋਰਾਕੋ ਦੀ ਹੋਰਟੀਕੋਲ ਦੀ ਐਗਗੀਰ ਕੰਪਲੈਕਸ ਵਿਖੇ ਭਾਰਤ ਵਿਚ ਫਲਾਂ ਦੀਆਂ ਮੱਖੀਆਂ ਦੀ ਵਾਤਾਵਰਨੀ ਪੱਖੀ ਰੋਕਥਾਮ ਬਾਰੇ ਵੀ ਇਕ ਭਾਸ਼ਣ ਦਿੱਤਾ| ਇਸ ਤਕਨੀਕੀ ਦੌਰੇ ਦੌਰਾਨ ਡਾ. ਸਿੰਘ ਨੇ ਵਿਸ਼ੇਸ਼ ਤੌਰ ਤੇ ਨਿੰਬੂ ਜਾਤੀ ਦੀਆਂ ਫ਼ਸਲਾਂ ਦੇ ਬਾਗਾਂ ਵਿਚ ਕੀੜਿਆਂ ਅਤੇ ਮੱਖੀਆਂ ਦੀ ਰੋਕਥਾਮ ਦੀਆਂ ਸਹੂਲਤਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ| ਇਸ ਤੋਂ ਪਹਿਲਾਂ ਡਾ. ਸਨਦੀਪ ਸਿੰਘ ਅਮਰੀਕਾ, ਇਟਲੀ, ਆਸਟੇਲੀਆ, ਚੀਨ, ਥਾਈਲੈਂਡ, ਮਲੇਸ਼ੀਆਂ, ਇੰਡੋਨੇਸ਼ੀਆ, ਪਾਕਿਸਤਾਨ, ਬੰਗਲਾਦੇਸ਼ ਅਤੇ ਨੇਪਾਲ ਵਿਖੇ ਸੰਸਥਾਵਾਂ ਦੇ ਦੌਰੇ ਕਰ ਚੁੱਕੇ ਹਨ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਬਾਗਬਾਨੀ ਕਾਲਜ ਦੇ ਡੀਨ ਡਾ. ਰਿਸ਼ੀਇੰਦਰਾ ਸਿੰਘ ਗਿੱਲ ਅਤੇ ਫਲ ਵਿਗਿਆਨ ਵਿਭਾਗ ਦੇ ਮੁਖੀ ਡਾ. ਐੱਚ ਐੱਸ ਰਤਨਪਾਲ ਨੇ ਇਸ ਪ੍ਰਾਪਤੀ ਲਈ ਡਾ. ਸਿੰਘ ਨੂੰ ਵਧਾਈ ਦਿੱਤੀ|
