ਲੁਧਿਆਣਾ 8 ਮਈ (ਵਰਲਡ ਪੰਜਾਬੀ ਟਾਈਮਜ਼)
ਕੱਦੂ ਜਾਤੀ ਦੀਆਂ ਫ਼ਸਲਾਂ ਵਿਚ ਝੁਲਸ ਰੋਗ (ਡਾਊਨੀ ਮਿਲਡਿਊ) ਇਕ ਗੰਭੀਰ ਸਮੱਸਿਆ ਹੈ ਜੋ ਅਨੁਕੂਲ ਮੌਸਮੀ ਹਾਲਾਤ ਵਿਚ ਫੈਲ ਕੇ ਵੱਡਾ ਨੁਕਸਾਨ ਕਰ ਸਕਦੀ ਹੈ| ਇਹ ਰੋਗ ਪੱਤਿਆਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਪੱਤਿਆਂ ਦੇ ਉੱਪਰਲੇ ਪਾਸੇ ਪੀਲੇ ਧੱਬੇ ਬਣਾਉਂਦਾ ਹੈ| ਸਵੇਰ ਸਮੇਂ ਜਦੋਂ ਹਵਾ ਵਿਚ ਨਮੀਂ ਜ਼ਿਆਦਾ ਹੁੰਦੀ ਹੈ ਤਾਂ ਇਹਨਾਂ ਪੱਤਿਆਂ ਦੇ ਹੇਠਲੇ ਪਾਸੇ ਸਲੇਟੀ ਰੰਗ ਦੀ ਉੱਲੀ ਦੀ ਪਰਤ ਦਿਖਾਈ ਦਿੰਦੀ ਹੈ| ਬਾਅਦ ਵਿਚ ਇਹ ਧੱਬੇ ਭੁਰੇ ਹੋ ਕੇ ਸੁੱਕ ਜਾਂਦੇ ਹਨ ਅਤੇ ਫਸਲ ਝੁਲਸੀ ਹੋਈ ਪ੍ਰਤੀਤ ਹੁੰਦੀ ਹੈ|
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਉੱਘੇ ਪੌਦਾ ਰੋਗ ਮਾਹਿਰ ਅਤੇ ਪੀ.ਏ.ਯੂ. ਦੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪ੍ਰਭਜੋਧ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਮੌਸਮ ਝੁਲਸ ਰੋਗ ਲਈ ਅਨੁਕੂਲ ਹੋ ਗਿਆ ਹੈ ਅਤੇ ਖਰਬੂਜ਼ਾ, ਤਰਬੂਜ਼, ਲੌਕੀ ਅਤੇ ਹੋਰ ਕੱਦੂ ਜਾਤੀ ਫਸਲਾਂ ਵਿਚ ਝੁਲਸ ਰੋਗ ਦੇ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਹਨ| ਰਾਜਪੁਰ, ਡੇਰਾਬੱਸੀ ਅਤੇ ਸੰਗਰੂਰ ਦੇ ਇਲਾਕਿਆਂ ਵਿਚ ਹਲਕੀ ਤੋਂ ਦਰਮਿਆਨੀ ਪੱਧਰ ਤੇ ਇਸ ਰੋਗ ਦਾ ਹਮਲਾ ਦੇਖਣ ਵਿਚ ਆਇਆ ਹੈ| ਪ੍ਰਭਾਵਿਤ ਖੇਤਾਂ ਵਿਚ ਜੇਕਰ ਸਮੇਂ ਸਿਰ ਰੋਕਥਾਮ ਨਾ ਕੀਤੀ ਜਾਵੇ ਤਾਂ ਜਲਦੀ ਹੀ ਫਸਲ ਤਬਾਹ ਹੋ ਸਕਦੀ ਹੈ|
ਦਰਮਿਆਨੇ ਤਾਪਮਾਨ (25-30 ਸੈਲਸੀਅਸ), ਵੱਧ ਨਮੀਂ ਅਤੇ ਵਾਰ-ਵਾਰ ਹੋਣ ਵਾਲੀ ਹਲਕੀ ਵਰਖਾ ਇਸ ਰੋਗ ਦੇ ਫੈਲਾਅ ਨੂੰ ਵਧਾਉਣ ਵਾਲੇ ਤੱਤ ਹਨ| ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਖੇਤਾਂ ਦਾ ਲਗਾਤਾਰ ਸਰਵੇਖਣ ਕਰੋ| ਉਹਨਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਖੁੱਲੀ ਸਿੰਚਾਈ ਭਾਵ ਫਲੱਡ ਇਰੀਗੇਸ਼ਨ ਤੋਂ ਬਚਣਾ ਚਾਹੀਦਾ ਹੈ| ਫਸਲ ਵਿਚ ਹਵਾ ਦੀ ਆਵਾਜਾਈ ਬਣਾਈ ਰੱਖਣ ਲਈ ਪੌਦਿਆਂ ਵਿਚਕਾਰ ਸਹੀ ਦੂਰੀ ਹੋਣੀ ਚਾਹੀਦੀ ਹੈ| ਪੀ.ਏ.ਯੂ. ਮਾਹਿਰਾਂ ਨੇ ਕਿਹਾ ਕਿ ਝੁਲਸ ਰੋਗ ਦੇ ਰੋਕਥਾਮ ਲਈ ਕਲੋਰੋਥੈਲੋਨਿਲ (ਕਵਚ) 0400 ਗ੍ਰਾਮ ਪ੍ਰਤੀ ਏਕੜ ਜਾਂ ਸਾਈਮੋਕਸਾਨਿਲ 8%+ਮੈਨਕੋਜ਼ੇਬ 64% ਡਬਲਯੂ ਪੀ (ਕਰਜ਼ੇਟ
0600 ਗ੍ਰਾਮ ਪ੍ਰਤੀ ਏਕੜ ਦਾ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ|
S

