ਪੀ.ਏ.ਯੂ. ਵਿਖੇ ਰਾਸ਼ਟਰੀ ਟੈਕਸਟਾਈਲ ਦਿਹਾੜਾ ਮਨਾਉਣ ਲਈ ਵਿਸ਼ੇਸ਼ ਸਮਾਰੋਹ ਹੋਇਆ

ਪੀ.ਏ.ਯੂ. ਵਿਖੇ ਰਾਸ਼ਟਰੀ ਟੈਕਸਟਾਈਲ ਦਿਹਾੜਾ ਮਨਾਉਣ ਲਈ ਵਿਸ਼ੇਸ਼ ਸਮਾਰੋਹ ਹੋਇਆ

ਲੁਧਿਆਣਾ 5 ਮਈ (ਵਰਲਡ ਪੰਜਾਬੀ ਟਾਈਮਜ਼)

ਪੀ.ਏ.ਯੂ. ਦੇ ਐਪਰਲ ਅਤੇ ਟੈਕਸਟਾਈਲ ਵਿਗਿਆਨ ਵਿਭਾਗ ਨੇ ਬੀਤੇ ਦਿਨੀਂ ਰਾਸ਼ਟਰੀ ਟੈਕਸਟਾਈਲ ਦਿਹਾੜਾ ਜੋਸ਼, ਉਤਸ਼ਾਹ ਅਤੇ ਸਾਦਗੀ ਨਾਲ ਮਨਾਇਆ| ਇਹ ਦਿਹਾੜਾ ਮਨਾਉਣ ਦਾ ਮੰਤਵ ਭਾਰਤ ਦੀ ਅਮੀਰ ਵਸਤਰ ਪਰੰਪਰਾ ਬਾਰੇ ਜਾਗਰੂਕਤਾ ਦਾ ਪਸਾਰ ਕਰਨਾ ਸੀ| ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਰਵਾਇਤੀ ਪਹਿਰਾਵਿਆਂ ਦੀ ਝਲਕ ਪ੍ਰਦਰਸ਼ਿਤ ਕਰਨ ਦੇ ਨਾਲ-ਨਾਲ ਇਸ ਸਮਾਰੋਹ ਵਿਚ ਵਸਤਰ ਕਲਾ ਅਤੇ ਕਢਾਈ ਬੁਣਾਈ ਦੇ ਤਰੀਕਿਆਂ ਬਾਰੇ ਵੀ ਦੱਸ ਪਾਈ ਗਈ ਸੀ|

ਇਸ ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਡਾ. ਗੋਸਲ ਨੇ ਕਿਹਾ ਕਿ ਪੰਜਾਬੀਆਂ ਨੂੰ ਆਪਣੇ ਵਿਸ਼ੇਸ਼ ਸੱਭਿਆਚਾਰ ਉੱਪਰ ਮਾਣ ਕਰਨਾ ਚਾਹੀਦਾ ਹੈ ਜਿਸਨੇ ਖਾਣ ਪੀਣ ਅਤੇ ਪਹਿਰਾਵੇ ਦੀਆਂ ਬਹੁਤ ਸਾਰੀਆਂ ਵੰਨਗੀਆਂ ਅਤੇ ਰਵਾਇਤਾਂ ਇੱਥੋਂ ਦੀ ਲੋਕਾਈ ਨੂੰ ਦਿੱਤੀਆਂ| ਉਹਨਾਂ ਐਪਰਲ ਅਤੇ ਟੈਕਸਟਾਈਲ ਵਿਗਿਆਨ ਵਿਭਾਗ ਵੱਲੋਂ ਇਸ ਸੰਬੰਧ ਵਿਚ ਕੀਤੇ ਜਾਣ ਵਾਲੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਆਉਣ ਵਾਲੀਆਂ ਪੀੜੀਆਂ ਨੂੰ ਇਸ ਸੰਬੰਧੀ ਜਾਣਕਾਰੀ ਦੇਣ ਲਈ ਕੀਤੇ ਜਾਣ ਵਾਲੇ ਨਿੱਗਰ ਯਤਨਾਂ ਨੂੰ ਸਲਾਹਿਆ|

ਇਸ ਮੌਕੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਵਿਸ਼ਵਜੀਤ ਸਿੰਘ ਹਾਂਸ ਅਤੇ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਖਾਸ ਤੌਰ ਤੇ ਮੌਜੂਦ ਰਹੇ| ਇਸ ਤੋਂ ਇਲਾਵਾ ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਅਤੇ ਹੋਰ ਕਾਲਜਾਂ ਦੇ ਵਿਭਾਗਾਂ ਤੋਂ ਅਧਿਆਪਕਾਂ ਨੇ ਵੀ ਹਾਜ਼ਰੀ ਭਰੀ|

ਵਿਭਾਗ ਨੇ ਇਸ ਸਮਾਰੋਹ ਨੂੰ ਦਿਲਕਸ਼ ਬਨਾਉਣ ਲਈ ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਪਹਿਰਾਵਿਆਂ ਦੀ ਪ੍ਰਦਰਸ਼ਨੀ ਲਾਈ ਸੀ| ਹਾਜ਼ਰ ਲੋਕਾਂ ਨੇ ਇਸ ਮੌਕੇ ਕੱਪੜਿਆਂ ਦੀ ਬਣਤਰ ਅਤੇ ਬੁਣਤਰ, ਤਕਨੀਕਾਂ, ਸ਼ਿਲਪਕਾਰੀ ਆਦਿ ਨੂੰ ਗਹੁ ਨਾਲ ਦੇਖਿਆ| ਵਿਭਾਗ ਦੇ ਵਿਰਾਸਤੀ ਹਾਲ ਵਿਚ ਇਸ ਮੌਕੇ ਵਿਦਿਆਰਥੀਆਂ ਲਈ ਡਿਜ਼ਾਇਨ ਕੇਂਦਰ ਦੀ ਸਥਾਪਨਾ ਕੀਤੀ ਗਈ| ਇਸ ਕੇਂਦਰ ਦੀ ਸਥਾਪਤੀ ਨਾਲ ਉਹਨਾਂ ਨੂੰ ਵਿਰਾਸਤ ਵਿੱਚੋਂ ਜੜ੍ਹਾਂ ਦੀ ਤਲਾਸ਼ ਕਰਕੇ ਪਹਿਰਾਵਿਆਂ ਬਾਰੇ ਸੋਚਣ ਦਾ ਮੌਕਾ ਮੁਹੱਈਆ ਕਰਵਾਇਆ ਗਿਆ| ਵਿਭਾਗ ਦੇ ਮੁਖੀ ਡਾ. ਹਰਮਿੰਦਰ ਕੌਰ ਸੈਣੀ ਨੇ ਸਭ ਦਾ ਧੰਨਵਾਦ ਕਰਦਿਆਂ ਵਿਭਾਗ ਵੱਲੋਂ ਅਜਿਹੇ ਹੋਰ ਸਮਾਗਮ ਆਯੋਜਿਤ ਕਰਨ ਦਾ ਪ੍ਰਣ ਕੀਤਾ|

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.